ਪੰਜਾਬ ਦੇ ਲੋਕਾਂ ਨੂੰ ਕੋਰੋਨਾ ਵਾਇਰਸ ਤੋਂ ਬਚਾਉਣ ਲਈ ਸਰਕਾਰੀ ਕੋਟੇ ‘ਚ ਖਰੀਦੀ ਗਈ ਵੈਕਸੀਨ ਦਵਾਈ ਕਾਂਗਰਸ ਸਰਕਾਰ ਵੱਲੋਂ ਪ੍ਰਾਈਵੇਟ ਹਸਪਤਾਲਾਂ ਨੂੰ ਵੇਚਣ ਦੇ ਰੋਸ ਵਜੋਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਅੱਜ ਮੋਹਾਲੀ ਵਿਖੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਦੇ ਘਰ ਦਾ ਘਿਰਾਓ ਕੀਤਾ ਗਿਆ । ਇਸ ਮੌਕੇ ਅਕਾਲੀ ਦਲ ਦੇ ਸਮੂਹ ਆਗੂ ਜਿੱਥੇ ਮੌਜੂਦ ਰਹੇ ਉਥੇ ਉਨ੍ਹਾਂ ਵੱਲੋਂ ਵਾਰੀ ਵਾਰੀ ਕਾਂਗਰਸ ਸਰਕਾਰ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਨਿਸ਼ਾਨੇ ਵੀ ਸਾਧੇ ਗਏ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸਾਫ ਸ਼ਬਦਾਂ ‘ਚ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਨੂੰ ਜਨਤਾ ਦਾ ਕੋਈ ਵੀ ਖਿਆਲ ਨਹੀਂ ਅਤੇ ਨਾ ਹੀ ਉਨ੍ਹਾਂ ਵੱਲੋਂ ਲੋਕਾਂ ਲਈ ਕੁਝ ਕੀਤਾ ਜਾ ਰਿਹਾ।
ਸੁਖਬੀਰ ਬਾਦਲ ਨੇ ਕਿਹਾ ਕਿ ਉਨ੍ਹਾਂ ਨੇ ਆਪਣੀ ਜ਼ਿੰਦਗੀ ਵਿੱਚ ਬੜੇ ਘਪਲੇ ਦੇਖੇ ਹਨ, ਪਰ ਅਜਿਹਾ ਘਪਲਾ ਕਦੇ ਨਹੀਂ ਦੇਖਿਆ ਕਿ ਲੋਕਾਂ ਦੀ ਜ਼ਿੰਦਗੀ ਨਾਲ ਇੰਝ ਖਿਲਵਾੜ ਹੋਇਆ ਹੋਵੇ । ਸੁਖਬੀਰ ਬਾਦਲ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਆਪਣੇ ਆਪ ਨੂੰ ਫ਼ੌਜੀ ਕਹਿੰਦੇ ਹਨ, ਪਰ ਫ਼ੌਜੀ ਉਹ ਨਹੀਂ ਹੁੰਦਾ ਜੋ ਘਰ ‘ਚ ਲੁਕ ਕੇ ਬੈਠ ਜਾਵੇ । ਸੁਖਬੀਰ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਆਪਣੇ ਨਾਮ ਦੇ ਅੱਗੋਂ ਕੈਪਟਨ ਸ਼ਬਦ ਹਟਾ ਦੇਣਾ ਚਾਹੀਦਾ ਹੈ । ਸੁਖਬੀਰ ਬਾਦਲ ਨੇ ਕਿਹਾ ਕਿ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੁਫ਼ਤ ਵੈਕਸੀਨ ਲਗਾ ਰਹੀ ਹੈ ਪਰ ਪੰਜਾਬ ਸਰਕਾਰ ਪੈਸਾ ਕਮਾ ਰਹੀ ਹੈ ।
ਸੁਖਬੀਰ ਬਾਦਲ ਨੇ ਕਿਹਾ ਕਿ ਇਕ ਪਾਸੇ ਪੰਜਾਬ ਵਿੱਚ ਜਾਨਾਂ ਜਾ ਰਹੀਆਂ ਹਨ ਤਾਂ ਦੂਜੇ ਪਾਸੇ ਇਨ੍ਹਾਂ ਜਾਨਾਂ ਬਚਾਉਣ ਦੇ ਬਦਲੇ ਵਿੱਚ ਪੰਜਾਬ ਸਰਕਾਰ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਪੈਸੇ ਕਮਾ ਰਿਹਾ ਹੈ।
ਇਸ ਦੌਰਾਨ ਵੈਕਸੀਨ ਘਪਲੇ ਦੇ ਚਲਦਿਆਂ ਬਲਬੀਰ ਸਿੰਘ ਸਿੱਧੂ ਕੋਲੋਂ ਅਸਤੀਫੇ ਦੀ ਮੰਗ ਕੀਤੀ ਗਈ ।