ੴ (ਇੱਕ ਓਅੰਕਾਰ) ਸਿੱਖ ਧਰਮ ਦਾ ਨਿਸ਼ਾਨ ਹੈ ਅਤੇ ਸਿੱਖੀ ਦਰਸ਼ਨ ਦੀ ਨੀਂਹ ਹੈ। ਇਸ ਤੋਂ ਭਾਵ ਹੈ ਕਿ ਇੱਕ ਕਰਨਵਾਲਾ (ਕਰਤਾਰ) ਹੈ। ਇਹ ਗੁਰੂ ਨਾਨਕ ਸਾਹਿਬ ਜੀ ਦੀ ਗੁਰਬਾਣੀ ਜਪੁਜੀ ਸਾਹਿਬ ਦੇ ਸ਼ੁਰੂ ਵਿੱਚ ਹੈ। ਗੁਰੂ ਨਾਨਕ ਜੀ ਨੇ ਇਸ ਅਦੁੱਤੀ ਨਿਸ਼ਾਨ ਦੀ ਰਚਨਾ ਕਰਕੇ ਸਿਖ ਪੰਥ ਦੀ ਨੀਂਹ ਰੱਖੀ। ਇਸ ਦਾ ਪਾਠ (ਉਚਾਰਨ ਜਾਂ ਬੋਲ) ਇੱਕ ਓਅੰਕਾਰ ਹੈ। ਗੁਰੂ ਨਾਨਕ ਸਾਹਿਬ ਜੀ ਨੇ ਇਸ ਨੂੰ 13 ਵਾਰ ਆਪਣੀ ਸਵੈ-ਰਚਿਤ ਬਾਣੀ ਵਿੱਚ ਲਿਖਿਆ ਹੈ, ਜਿਹੜੀ ਕਿ ਆਪ ਜੀ ਦੇ ਨਾਮ ਦੇ ਸਿਰਲੇਖ ਮਹਲਾ 1 ਹੇਠ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਹੈ। ਇੱਕ ਓਅੰਕਾਰ ਪੰਜਾਬੀ ਭਾਸ਼ਾ ਦਾ ਬੋਲ ਹੈ। ਇੱਕ ਓਅੰਕਾਰ ਮੂਲ ਮੰਤਰ ਅਤੇ ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਅੰਕ ਤੇ ਬ੍ਰਹਮੰਡ ਦੇ ਬੇਅੰਤ ਪਸਾਰੇ ਤੇ ਇਸਦੇ ਇਕੋ ਇੱਕ ਕਰਤਾ (ਭਾਵ ਇੱਕ ਕਰਤਾਰ) ਦੇ ਨਿਸ਼ਾਨ ਦੇ ਸੂਚਕ ਵਜੋਂ ਦਰਜ ਹੈ। ‘ਓਅੰ’ ਬ੍ਰਹਮ ਦਾ ਸੂਚਕ ਹੈ ਅਤੇ ‘ਕਾਰ’ ਸੰਸਕ੍ਰਿਤ ਦਾ ਪਿਛੇਤਰ ਹੈ ਜਿਸਦੇ ਅਰਥ ਹਨ ਇਕ-ਰਸ। ਓਅੰਕਾਰ ਅੱਗੇ ‘ਇਕ’ ਲਾਉਣਾ ਅਦਵੈਤਵਾਦੀ ਸਿੱਖ ਦਰਸ਼ਨ ਦਾ ਸੂਚਕ ਹੈ।