ਕਾਂਗਰਸ ਚ ਕਲੇਸ਼ ਦੀ ਅਸਲ ਜੜ੍ਹ ਕੌਣ ?
ਕੀ ਕੈਪਟਨ ਦੇ ਖ਼ਿਲਾਫ਼ ਜਾਣਾ ਕਾਂਗਰਸ ਦੇ ਖ਼ਿਲਾਫ਼ ਜਾਣਾ ਹੋਵੇਗਾ !
ਕਾਂਗਰਸ ਹਾਈ ਕਮਾਂਡ ਲਈ 2022 ਦੇ ਵਿੱਚ ਪੰਜਾਬ ਜਿੱਤਣਾ ਸੌਖਾ ਨਹੀਂ !
ਪੰਜਾਬ ਕਾਂਗਰਸ ਦੇ ਵਿਚ ਪੈਦਾ ਹੋਏ ਅੰਦਰੂਨੀ ਕਲੇਸ਼ ਨੂੰ ਸੁਲਝਾਉਣ ਲਈ ਕੈਪਟਨ ਅਮਰਿੰਦਰ ਸਿੰਘ ਨੂੰ ਇੱਕ ਵਾਰ ਫੇਰ ਤਿੰਨ ਮੈਂਬਰੀ ਖੜ੍ਹਗੀ ਪੈਨਲ ਦੇ ਅੱਗੇ ਪੇਸ਼ ਹੋਣਾ ਪਿਆ । ਤਿੰਨ ਘੰਟੇ ਚੱਲੀ ਇਸ ਬੈਠਕ ਦੇ ਵਿਚ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਕਾਂਗਰਸ ਦੇ ਵਿਚ ਚੱਲ ਰਹੇ ਵਿਵਾਦ ਲਈ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਦੀਆਂ ਬਿਆਨਬਾਜ਼ੀਆਂ ਨੂੰ ਜ਼ਿੰਮੇਵਾਰ ਠਹਿਰਾਇਆ। ਮੀਡਿਆ ਰਿਪੋਰਟਸ ਦੇ ਮੁਤਾਬਕ ਕੈਪਟਨ ਨੇ ਕਿਹਾ ਕਿ ਸਿੱਧੂ ਸਾਰੇ ਫਸਾਦ ਦੀ ਜੜ੍ਹ ਹੈ । ਕੈਪਟਨ ਨੇ ਕਿਹਾ ਕਿ ਉਨ੍ਹਾਂ ਨੇ ਸਿੱਧੂ ਦੇ ਨਾਲ ਮੱਤਭੇਦ ਸੁਲਝਾਉਣ ਲਈ ਕਈ ਵਾਰ ਕੋਸ਼ਿਸ਼ ਕੀਤੀ ਪਰ ਉਹ ਖ਼ੁਦ ਹੀ ਸਾਰੇ ਦਰਵਾਜ਼ੇ ਬੰਦ ਕਰਨ ਦੇ ਇਰਾਦੇ ਰੱਖਦੇ ਹਨ। ਪਾਰਟੀ ਸੂਤਰਾਂ ਦਾ ਕਹਿਣਾ ਹੈ ਕਿ ਕੈਪਟਨ ਨੇ ਇਹ ਵੀ ਕਹਿ ਦਿੱਤਾ ਕਿ ਇਨ੍ਹਾਂ ਹਾਲਾਤਾਂ ਦੇ ਵਿਚ ਸਿੱਧੂ ਨੂੰ ਕੋਈ ਅਹੁਦਾ ਨਹੀਂ ਦਿੱਤਾ ਜਾਣਾ ਚਾਹੀਦਾ। ਦੂਜੇ ਪਾਸੇ ਪੰਜਾਬ ਕਾਂਗਰਸ ਇੰਚਾਰਜ ਹਰੀਸ਼ ਰਾਵਤ ਦਾ ਕਹਿਣਾ ਹੈ ਕਿ ਸਿੱਧੂ ਆਪਣੇ ਅੰਦਾਜ਼ ਦੇ ਵਿੱਚ ਬੱਲੇਬਾਜ਼ੀ ਕਰ ਰਹੇ ਨੇ, ਉਨ੍ਹਾਂ ਨੇ ਪਾਰਟੀ ਦੇ ਖ਼ਿਲਾਫ਼ ਕੁਝ ਨਹੀਂ ਕੀਤਾ।
ਰਾਵਤ ਨੇ ਪੰਜਾਬ ਕਾਂਗਰਸ ਦੇ ਵਿੱਚ ਵੱਡੇ ਫੇਰਬਦਲ ਦਾ ਸੰਕੇਤ ਵੀ ਦਿੱਤਾ। ਪਾਰਟੀ ਸੂਤਰਾਂ ਦੇ ਅਨੁਸਾਰ ਤਿੰਨ ਮੈਂਬਰੀ ਕਮੇਟੀ ਨੇ ਸਰਕਾਰ ਅਤੇ ਪਾਰਟੀ ਦੇ ਬਾਰੇ ਦਿੱਤੇ ਬਿਆਨਾਂ ਦਾ ਸਖ਼ਤ ਨੋਟਿਸ ਲਿਆ ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸਿੱਧੂ ਦੇ ਬਿਆਨਾਂ ਦੇ ਨਾਲ ਆਉਣ ਵਾਲੀਆਂ ਚੋਣਾਂ ਦੇ ਵਿੱਚ ਨੁਕਸਾਨ ਹੋਣ ਦੀ ਸੰਭਾਵਨਾ ਹੈ ।
ਦੱਸਿਆ ਜਾ ਰਿਹਾ ਹੈ ਕਿ ਰਾਹੁਲ ਗਾਂਧੀ ਵੀ ਸਿੱਧੂ ਦੀਆਂ ਬਿਆਨਬਾਜ਼ੀਆਂ ਤੋਂ ਨਾਰਾਜ਼ ਨਜ਼ਰ ਆ ਰਹੇ ਹਨ । ਰਾਹੁਲ ਗਾਂਧੀ ਨੇ ਪਾਰਟੀ ਆਗੂਆਂ ਨੂੰ ਹਦਾਇਤ ਕੀਤੀ ਹੈ ਕਿ ਅਜਿਹੀ ਬਿਆਨਬਾਜ਼ੀ ਨਾ ਕੀਤੀ ਜਾਵੇ, ਜਿਸ ਦੇ ਨਾਲ ਪਾਰਟੀ ਨੂੰ ਨੁਕਸਾਨ ਹੋਵੇ। ਰਾਹੁਲ ਦਾ ਕਹਿਣਾ ਸੀ ਕਿ ਜੇਕਰ ਕਿਸੇ ਨੂੰ ਵੀ ਨਾਰਾਜ਼ਗੀ ਹੈ ਤਾਂ ਉਹ ਆਪਣਾ ਪੱਖ ਪੰਜਾਬ ਇੰਚਾਰਜ ਜਾਂ ਕਾਂਗਰਸ ਹਾਈ ਕਮਾਂਡ ਦੇ ਸਾਹਮਣੇ ਰੱਖ ਸਕਦਾ ਹੈ ।
ਇਸੇ ਦੇ ਵਿਚਾਲੇ ਨੌਕਰੀਆਂ ਦੇ ਵਿਵਾਦ ਨੂੰ ਦੇਖਦਿਆਂ ਹੋਇਆਂ ਚਾਰੇ ਪਾਸੇ ਸਰਕਾਰ ਦੇ ਉੱਤੇ ਖੜ੍ਹੇ ਹੋ ਰਹੇ ਸਵਾਲਾਂ ਤੋਂ ਬਾਅਦ ਕਾਂਗਰਸੀ ਵਿਧਾਇਕ ਫਤਿਹ ਜੰਗ ਬਾਜਵਾ ਦੇ ਵੱਲੋਂ ਉਨ੍ਹਾਂ ਦੇ ਬੇਟੇ ਨੂੰ ਦਿੱਤੇ ਸਰਕਾਰੀ ਨੌਕਰੀ ਲੈਣ ਤੋਂ ਨਾਂਹ ਕਰ ਦਿੱਤੀ ਗਈ ।ਇਸ ਦੀ ਜਾਣਕਾਰੀ ਪੰਜਾਬ ਕਾਂਗਰਸ ਇੰਚਾਰਜ ਹਰੀਸ਼ ਰਾਵਤ ਨੇ ਦਿੱਤੀ, ਉਨ੍ਹਾਂ ਦਾ ਕਹਿਣਾ ਸੀ ਕੇ ਫਤਿਹ ਜੰਗ ਬਾਜਵਾ ਨੇ ਖ਼ੁਦ ਇਸ ਤੋਂ ਇਨਕਾਰ ਕਰ ਦਿੱਤਾ ਹੈ ।
ਦੱਸ ਦੇਈਏ ਕਿ ਸਰਕਾਰ ਨੇ ਵਿਧਾਇਕਾਂ ਦੇ ਪੁੱਤਰਾਂ ਨੂੰ ਤਰਸ ਦੇ ਆਧਾਰ ਤੇ ਨੌਕਰੀ ਦਿੱਤੀ ਸੀ, ਜਿਸਦਾ ਵੱਡੇ ਪੱਧਰ ਤੇ ਵਿਰੋਧ ਹੋਇਆ ਸੀ ਇਥੋਂ ਤੱਕ ਕਿ ਵੱਡੀ ਗਿਣਤੀ ਦੇ ਵਿਚ ਕਾਂਗਰਸੀ ਵਿਧਾਇਕਾਂ ਅਤੇ ਮੰਤਰੀਆਂ ਨੇ ਆਪਣੀ ਹੀ ਸਰਕਾਰ ਉੱਤੇ ਸਵਾਲ ਖੜ੍ਹੇ ਕੀਤੇ ਸਨ।
ਚੋਣਾਂ ਦੇ ਨੇੜੇ ਹੋਣ ਕਰਕੇ ਇਸ ਮਾਮਲੇ ਤੇ ਸਿਆਸਤ ਇਕਦਮ ਪੱਖ ਗਈ ਹੈ ਜਿਸ ਦੇ ਨਾਲ ਪੰਜਾਬ ਸਰਕਾਰ ਦੀ ਸਿਆਸੀ ਤੌਰ ਤੇ ਕਿਰਕਰੀ ਹੋਣੀ ਲਾਜ਼ਮੀ ਸੀ।
ਇਨ੍ਹਾਂ ਨੌਕਰੀਆਂ ਕਰਕੇ ਜਿੱਥੇ ਇੱਕ ਪਾਸੇ ਸਰਕਾਰ ਦੇ ਉਤੇ ਇਕਪਾਸੜ ਰਾਏ ਲੋਕਾਂ ਦੀ ਬਣ ਰਹੀ ਸੀ ਉੱਥੇ ਦੂਜੇ ਪਾਸੇ ਵਿਧਾਇਕਾਂ ਦੇ ਪਰਿਵਾਰਾਂ ਨੂੰ ਵੀ ਆਪਣਾ ਸਿਆਸੀ ਭਵਿੱਖ ਖ਼ਤਰੇ ਵਿੱਚ ਨਜ਼ਰ ਆ ਰਿਹਾ ਸੀ। ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਦਾ ਕਹਿਣਾ ਸੀ ਕੀ ਫਤਿਹ ਜੰਗ ਬਾਜਵਾ ਅਤੇ ਵਿਧਾਇਕ ਰਾਕੇਸ਼ ਪਾਂਡੇ ਨੂੰ ਆਪਣੀ ਮਰਜ਼ੀ ਦੇ ਤੌਰ ਉੱਤੇ ਆਪਣੇ ਮੁੰਡਿਆਂ ਨੂੰ ਮਿਲੀ ਨੌਕਰੀ ਸਰਕਾਰ ਨੂੰ ਵਾਪਸ ਦੇ ਦੇਣੀ ਚਾਹੀਦੀ ਹੈ।
ਅੰਦਰਖਾਤੇ ਇਹ ਵੀ ਕਿਆਸ ਕਾਇਆਂ ਲਗਾਈਆਂ ਜਾ ਰਹੀਆਂ ਹਨ ਕਿ ਵਾਰ ਵਾਰ ਇਸ ਮੁੱਦੇ ਉੱਤੇ ਕੈਪਟਨ ਅਮਰਿੰਦਰ ਸਿੰਘ ਨੂੰ ਜੋ ਦਿੱਲੀ ਸੱਦਿਆ ਜਾ ਰਿਹਾ ਉਸ ਤੋਂ ਕੈਪਟਨ ਅਮਰਿੰਦਰ ਸਿੰਘ ਵੀ ਖਫਾ ਨਜ਼ਰ ਆ ਰਹੇ ਹਨ। ਜੇਕਰ ਹਾਲਾਤ ਅਜਿਹੇ ਰਹੇ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਕਿਤੇ ਇਹ ਨਾ ਹੋਵੇ ਕਿ ਕੈਪਟਨ ਅਮਰਿੰਦਰ ਸਿੰਘ ਸਿਆਸੀ ਫੇਰਬਦਲ ਕਰਨ । ਕਾਂਗਰਸ ਹਾਈ ਕਮਾਂਡ ਦਿੱਲੀ ਤੋਂ ਆਪਣਾ ਫਰਮਾਨ ਜਾਰੀ ਕਰੇ ਅਤੇ ਕੈਪਟਨ ਅਮਰਿੰਦਰ ਸਿੰਘ ਨੂੰ ਪੰਜਾਬ ਦੇ ਵਿੱਚ ਰਹਿ ਕੇ ਆਪਣੀ ਕਿਤੇ ਨਵੀਂ ਪਾਰਟੀ ਨਾ ਬਣਾਉਣੀ ਪੈ ਜਾਵੇ ।
ਸੰਭਾਵਨਾ ਇਹ ਵੀ ਲਗਾਈ ਜਾ ਰਹੀ ਹੈ ਕਿ ਰਾਹੁਲ ਗਾਂਧੀ ਵੀ ਇਸ ਪੂਰੇ ਵਿਸ਼ੇ ਨੂੰ ਲੈ ਕੇ ਚਿੰਤਤ ਨਜ਼ਰ ਆ ਰਹੇ ਹਨ ਅਤੇ ਹੋ ਸਕਦੈ ਆਉਣ ਵਾਲੇ ਦਿਨਾਂ ਵਿੱਚ ਰਾਹੁਲ ਗਾਂਧੀ ਆਪ ਕੈਪਟਨ ਅਮਰਿੰਦਰ ਸਿੰਘ ਅਤੇ ਨਵਜੋਤ ਸਿੰਘ ਸਿੱਧੂ ਨੂੰ ਬਿਠਾ ਕੇ ਗੱਲਬਾਤ ਕਰਨ ।

Please follow and like us:

Similar Posts