ਚੰਡੀਗੜ੍ਹ : ਅੱਜ ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਨੇ ਚੰਡੀਗੜ੍ਹ ਪ੍ਰੈਸ ਕਾਨਫਰੰਸ ਦੌਰਾਨ ਕੀਤੇ ਵੱਡੇ ਐਲਾਨ | ਉਹਨਾਂ ਕਿਹਾ ਕੇ ਜੇਕਰ ਪੰਜਾਬ ਵਿੱਚ ਉਨ੍ਹਾਂ ਦੀ ਸਰਕਾਰ ਆਉਂਦੀ ਹੈ ਤਾਂ ਸੂਬੇ ‘ਚ 24 ਘੰਟੇ ਬਿਜਲੀ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਦੇਸ਼ ‘ਚ ਸਭ ਤੋਂ ਮਹਿੰਗੀ ਬਿਜਲੀ ਪੰਜਾਬ ਦੇ ਲੋਕਾਂ ਨੂੰ ਮਿਲ ਰਹੀ ਹੈ। ਉਹਨਾਂ ਕਿਹਾ ਕਿ ਜਿਥੇ ਪੰਜਾਬ ‘ਚ ਬਿਜਲੀ ਬਣਨ ਦੇ ਬਾਵਜੂਦ ਮਹਿੰਗੀ ਮਿਲ ਰਹੀ ਹੈ ,ਉਥੇ ਉਹਨਾਂ ਦੀ ਸਰਕਾਰ ਵਲੋਂ ਦਿੱਲੀ ‘ਚ ਬਿਜਲੀ ਨਾ ਬਣਨ ਦੇ ਬਾਵਜੂਦ ਵੀ ਬਿਜਲੀ ਦੇ ਰੇਟ ਘੱਟ ਹਨ।
ਉਹਨਾਂ ਕਿਹਾ ਕਿ ਅਸੀਂ ਪਿੱਛਲੇ ਡੇਢ ਸਾਲ ਤੋਂ ਸਰਕਾਰ ਖਿਲਾਫ ਧਰਨੇ ਪ੍ਰਦਰਸ਼ਨ ਕਰ ਰਹੇ ਹਾਂ ਕਿ ਬਿਲਜੀ ਸਸਤੀ ਕੀਤੀ ਜਾਵੇ। ਇਸ ਦੇ ਬਾਵਜੂਦ ਕੈਪਟਨ ਸਰਕਾਰ ਨੇ ਪ੍ਰਾਈਵੇਟ ਕੰਪਨੀਆਂ ਨਾਲ ਕੀਤੇ ਸਮਝੌਤੇ ਰੱਦ ਨਹੀਂ ਕੀਤੇ। ਉਨ੍ਹਾਂ ਕਿਹਾ ਕਿ ਮਹਿੰਗੀ ਬਿਜਲੀ ਹੋਣ ਕਾਰਨ ਆਮ ਆਦਮੀਂ ਪਰੇਸ਼ਾਨ ਹੈ। ਲੋਕਾਂ ਦੀ ਆਮਦਨ ਦਾ ਵੱਡਾ ਹਿੱਸਾ ਬਿਜਲੀ ਦੇ ਬਿੱਲ ‘ਚ ਜਾਂਦਾ ਹੈ।
ਚੰਡੀਗੜ੍ਹ ਵਿਖੇ 2022 ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਕੇਜਰੀਵਾਲ ਨੇ ਤਿੰਨ ਵੱਡੇ ਐਲਾਨ ਕੀਤੇ।
੧. ਉਨ੍ਹਾਂ ਨੇ ਕਿਹਾ ਕਿ ਹਰ ਪਰਿਵਾਰ ਨੂੰ 300 ਯੂਨਿਟ ਤੱਕ ਬਿਜਲੀ ਮੁਫਤ ਮਿਲੇਗੀ। 77 ਤੋਂ 80 % ਲੋਕਾਂ ਦੇ ਬਿਜਲੀ ਦਾ ਬਿੱਲ ਸਿਫਰ ਹੋ ਜਾਏਗਾ। ਬਿਜਲੀ ਆਵੇਗੀ ਪਰ ਬਿਜਲੀ ਦਾ ਬਿੱਲ ਨਹੀਂ ਆਏਗਾ।
੨.ਉਨ੍ਹਾਂ ਕਿਹਾ ਕਿ ਘਰੇਲੂ ਬਿਜਲੀ ਦੇ ਪੁਰਾਣੇ ਬਕਾਏ ਮੁਆਫ ਹੋਣਗੇ ਤੇ ਕਨੈਕਸ਼ਨ ਬਹਾਲ ਹੋਵੇਗਾ।
੩. ਇਸ ਦੇ ਨਾਲ ਹੀ ਉਨ੍ਹਾਂ 24 ਘੰਟੇ ਬਿਜਲੀ ਦੇਣ ਦਾ ਐਲਾਨ ਕੀਤਾ।