ਨਵਾਂਸ਼ਹਿਰ, 19 ਫਰਵਰੀ 2022 – ਜ਼ਿਲ੍ਹੇ ਵਿੱਚ ਵਿਧਾਨ ਸਭਾ ਚੋਣਾਂ ਨੂੰ ਸੁਤੰਤਰ, ਨਿਰਪੱਖ ਅਤੇ ਸ਼ਾਂਤੀਪੂਰਵਕ ਨੇਪਰੇ ਚਾੜ੍ਹਨ ਲਈ 4000 ਦੇ ਕਰੀਬ ਪੁਲਿਸ ਅਤੇ ਕੇਂਦਰੀ ਹਥਿਆਰਬੰਦ ਪੁਲਿਸ ਬਲਾਂ ਦੇ ਜਵਾਨ ਵੋਟਾਂ ਵਾਲੇ ਦਿਨ ਸਖ਼ਤ ਚੌਕਸੀ ਰੱਖਣਗੇ।
ਵੱਖ-ਵੱਖ ਪੁਆਇੰਟਾਂ ’ਤੇ ਸੁਰੱਖਿਆ ਕਰਮਚਾਰੀਆਂ ਨਾਲ ਗੱਲਬਾਤ ਕਰਦਿਆਂ ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਅਤੇ ਐਸਐਸਪੀ ਕੰਵਰਦੀਪ ਕੌਰ ਨੇ ਦੱਸਿਆ ਕਿ ਸ਼ਹੀਦ ਭਗਤ ਸਿੰਘ ਨਗਰ ਵਿੱਚ 125 ਪੋਲਿੰਗ ਸਟੇਸ਼ਨਾਂ ’ਤੇ 208 ਵਲਨਰੇਬਲ ਬੂਥਾਂ ਤੇ ਇੱਕ ਨਾਜ਼ੁਕ ਪੋਲਿੰਗ ਬੂਥ ਸਮੇਤ ਕੁੱਲ 614 ਪੋਲਿੰਗ ਬੂਥ ਹਨ।
ਉਨ੍ਹਾਂ ਕਿਹਾ ਕਿ ਪੁਲਿਸ ਜ਼ਿਲ੍ਹੇ ਵਿੱਚ ਸੁਤੰਤਰ ਅਤੇ ਨਿਰਪੱਖ ਚੋਣਾਂ ਨੂੰ ਯਕੀਨੀ ਬਣਾਏਗੀ ਅਤੇ ਹਰੇਕ ਵਿਧਾਨ ਸਭਾ ਹਲਕੇ ਵਿੱਚ ਅਮਨ-ਕਾਨੂੰਨ ਬਣਾਈ ਰੱਖਣ ਅਤੇ ਪੋਲਿੰਗ ਸਟੇਸ਼ਨਾਂ ਦੀ ਚੈਕਿੰਗ ਲਈ ਹਰੇਕ ਵਿਧਾਨ ਸਭਾ ਖੇਤਰ ਸਿੱਧੇ ਤੌਰ ’ਤੇ ਸਬੰਧਤ ਹਲਕੇ ਲਈ ਵਿਸ਼ੇਸ਼ ਤੌਰ ’ਤੇ ਤਾਇਨਾਤ ਐਸ ਪੀ ਅਤੇ ਸਬੰਧਤ ਸਬ ਡਵੀਜ਼ਨ ਦੇ ਉਪ ਪੁਲਿਸ ਕਪਤਾਨ ਦੇ ਕੰਟਰੋਲ ਹੇਠ ਹੋਵੇਗਾ।
ਉਨ੍ਹਾਂ ਕਿਹਾ ਕਿ ਪੁਲਿਸ ਦੀਆਂ ਗਸ਼ਤ ਕਰਨ ਵਾਲੀਆਂ ਪਾਰਟੀਆਂ ਜ਼ਿਲ੍ਹੇ ਵਿੱਚ ਤਿੱਖੀ ਗਸ਼ਤ ਕਰਨਗੀਆਂ ਅਤੇ ਫਲਾਇੰਗ ਸਕੁਐਡ ਟੀਮਾਂ ਅਤੇ ਸਟੈਟਿਕ ਸਰਵੀਲੈਂਸ ਟੀਮਾਂ ਸਾਰੀ ਸਥਿਤੀ ’ਤੇ ਨੇੜਿਓਂ ਨਜ਼ਰ ਰੱਖਣਗੀਆਂ।
ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿੱਚ ਚੋਣ ਅਮਲ ਨੂੰ ਆਜ਼ਾਦ ਤੇ ਨਿਰਪੱਖ ਮਾਹੌਲ ਵਿੱਚ ਨੇਪਰੇ ਚਾੜ੍ਹਨ ਲਈ ਉੱਚ ਸੁਰੱਖਿਆ ਵਾਲੇ ਨਾਕਿਆਂ ਦੇ ਨਾਲ ਸੁਰੱਖਿਆ ਬੰਦੋਬਸਤਾਂ ਨੂੰ ਹੋਰ ਵੀ ਮਜ਼ਬੂਤ ਕਰ ਦਿੱਤਾ ਗਿਆ ਹੈ, ਜਿਨ੍ਹਾਂ ਨੂੰ ਜੀ ਓ ਰੈਂਕ ਦੇ ਪੁਲਿਸ ਅਧਿਕਾਰੀਆਂ ਵੱਲੋਂ ਦੇਖਿਆ ਜਾਵੇਗਾ।