ਕਰੋਨਾ ਮਹਾਮਾਰੀ ਚੱਲਦਿਆਂ ਵੈਕਸੀਨ ਲਗਵਾਉਣ ਲਈ, ਪੰਜਾਬ ਸਰਕਾਰ ਜਿਥੇ ਵਿਦੇਸ਼ੀ ਕੰਪਨੀਆਂ ਤੋਂ ਵੈਕਸੀਨ ਮੰਗਵਾਉਣ ਦੀ ਗੱਲ ਕਰ ਰਹੀ ਹੈ, ਓਥੇ ਹੀ ਦੋ ਵੱਡੀਆਂ ਕੰਪਨੀਆਂ ਮੋਡਰਨਾ ਅਤੇ ਫਾਈਜ਼ਰ ਨੇ ਟੀਕਾ ਸਿੱਧੇ ਰਾਜ ਸਰਕਾਰ ਨੂੰ ਵੇਚਣ ਤੋਂ ਇਨਕਾਰ ਕਰ ਦਿੱਤਾ ਹੈ । ਦੋਨਾਂ ਕੰਪਨੀਆਂ ਨੇ ਪੰਜਾਬ ਸਰਕਾਰ ਨੂੰ ਭੇਜੀ ਜਾਣਕਾਰੀ ‘ਚ ਦੱਸਿਆ ਕਿ ਉਹ ਸਿਰਫ ਕੇਂਦਰ ਸਰਕਾਰ ਨਾਲ ਹੀ ਟੀਕਾ ਵੇਚਣ ਦਾ ਸੌਦਾ ਕਰਨਗੀਆਂ|
ਪੰਜਾਬ ਦੇ ਟੀਕਾਕਰਨ ਲਈ ਨੋਡਲ ਅਧਿਕਾਰੀ ਨਿਯੁਕਤ ਸੀਨੀਅਰ IAS ਵਿਕਾਸ ਗਰਗ ਨੇ ਦੱਸਿਆ ਕਿ ਉਨ੍ਹਾਂ ਨੇ ਟੀਕਾ ਬਣਾਉਣ ਵਾਲੀਆਂ ਕੰਪਨੀਆਂ ਫਾਈਜ਼ਰ, ਜਾਨਸਨ ਐਂਡ ਜਾਨਸਨ , ਮੋਡਰਨਾ ਅਤੇ ਸਪੁਤਨਿਕ ਨੂੰ ਇੱਕ ਪੱਤਰ ਲਿਖਿਆ ਸੀ, ਜਿਸ ਵਿੱਚ ਟੀਕਾ ਖਰੀਦਣ ਦੀ ਮੰਗ ਕੀਤੀ ਗਈ ਸੀ | ਜਿਸ ਦੇ ਜਵਾਬ ‘ਚ ਦੋਨਾਂ ਮੋਡਰਨਾ ਅਤੇ ਫਾਈਜ਼ਰ ਨੇ ਟੀਕਾ ਸਿੱਧੇ ਰਾਜ ਸਰਕਾਰ ਨੂੰ ਵੇਚਣ ਤੋਂ ਇਨਕਾਰ ਕਰ ਦਿੱਤਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਮਿਲੀ ਜਾਣਕਾਰੀ (ਈਮੇਲ) ਜੋ ਇਨ੍ਹਾਂ ਕੰਪਨੀਆਂ ਤੋਂ ਆਈ ਸੀ , ਨੂੰ ਕੇਂਦਰੀ ਸਿਹਤ ਮੰਤਰਾਲੇ ਦੇ ਵਧੀਕ ਸਕੱਤਰ ਨੂੰ ਭੇਜਿਆ ਗਿਆ ਹੈ। ਜਿਸ ‘ਚ ਪੰਜਾਬ ਸਰਕਾਰ ਦੀ ਤਰਫੋਂ ਕਿਹਾ ਗਿਆ ਕਿ ਕੇਂਦਰ ਸਰਕਾਰ ਵਿਦੇਸ਼ੀ ਕੰਪਨੀਆਂ ਤੋਂ ਟੀਕੇ ਖਰੀਦਣ ਲਈ ਨਿਸ਼ਚਤ ਰੂਪ ‘ਚ ਕੋਈ ਨਾ ਕੋਈ ਤਰੀਕਾ ਤਿਆਰ ਕਰੇ |
ਹਾਲਾਂਕਿ, ਇਸ ਬਾਰੇ ਕੇਂਦਰੀ ਸਿਹਤ ਮੰਤਰਾਲੇ ਵੱਲੋਂ ਅਜੇ ਤੱਕ ਕੋਈ ਪ੍ਰਤੀਕਿਰਿਆ ਨਹੀਂ ਆਈ | ਵ੍ਰਿਸ਼ਠ ਅਧਿਕਾਰੀਆਂ ਨੇ ਦੱਸਿਆ ਕਿ ਪੰਜਾਬ ਸਰਕਾਰ 18 – 45 ਸਾਲ ਦੀ ਉਮਰ ਦੇ ਲੋਕਾਂ ਲਈ ਟੀਕਾ ਪ੍ਰਾਪਤ ਕਰਨ ਲਈ 1000 ਕਰੋੜ ਰੁਪਏ ਖਰਚ ਕਰੇਗੀ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵਿਦੇਸ਼ੀ ਕੰਪਨੀਆਂ ਤੋਂ ਟੀਕੇ ਖਰੀਦਣ ਲਈ ਨਿਸ਼ਚਤ ਰੂਪ ‘ਚ ਕੋਈ ਨਾ ਕੋਈ ਤਰੀਕਾ ਤਿਆਰ ਕਰੇਗੀ।