ਨਿਊਜ਼ ਡੈਸਕ : ਪੰਜਾਬ ‘ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਾਰੀਆਂ ਹੀ ਪਾਰਟੀਆਂ ਵੱਲੋਂ ਆਪਣੇ ਆਪਣੇ ਦਿੱਗਜ਼ ਲੀਡਰਾਂ ਪਾਸੋਂ ਚੋਣ ਪ੍ਰਚਾਰ ਕਰਵਾਇਆ ਜਾ ਰਿਹਾ ਹੈ। ਜਿਸ ਦੇ ਚਲਦਿਆਂ ਹੁਣ ਚਰਚਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਪਹਿਲਾਂ ਪ੍ਰਿਯੰਕਾ ਗਾਂਧੀ ਦੀ ਐਂਟਰੀ ਹੋ ਸਕਦੀ ਹੈ।ਦਰਅਸਲ ਪ੍ਰਿਅੰਕਾ ਗਾਂਧੀ ਧੂਰੀ ਵਿਚ ਰੈਲੀ ਕਰਨ ਲਈ ਐਤਵਾਰ ਨੂੰ ਮੌਜੂਦਾ ਵਿਧਾਇਕ ਅਤੇ ਉਮੀਦਵਾਰ ਦਲਬੀਰ ਗੋਲਡੀ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਨ ਲਈ ਆ ਰਹੇ ਹਨ।ਜੇਕਰ ਧੂਰੀ ਸੀਟ ਦੀ ਗੱਲ ਕਰ ਲਈਏ ਤਾਂ ਇਹ ਹਾਟ ਸੀਟ ਬਣੀ ਹੋਈ ਹੈ। ਕਾਂਗਰਸੀ ਉਮੀਦਵਾਰ ਨੂੰ ਟੱਕਰ ਦੇਣ ਲਈ ਇੱਕ ਆਮ ਆਦਮੀ ਪਾਰਟੀ ਵੱਲੋਂ ਭਗਵੰਤ ਸਿੰਘ ਮਾਨ ਨੂੰ ਚੋਣ ਮੈਦਾਨ ਵਿਚ ਉਤਾਰਿਆ ਗਿਆ ਹੈ।
ਦੱਸਿਆ ਜਾ ਰਿਹਾ ਹੈ ਕਿ ਧੂਰੀ ਜਾਣ ਤੋਂ ਪਹਿਲਾਂ ਪ੍ਰਿਅੰਕਾ ਗਾਂਧੀ ਵਲੋਂ ਜ਼ੀਰਕਪੁਰ ਵਿਚ ਚੋਣ ਪ੍ਰਚਾਰ ਕੀਤਾ ਜਾ ਸਕਦਾ ਹੈ।ਦੂਜੇ ਪਾਸੇ ਬੀਜੇਪੀ ਵਲੋਂ ਆਪਣੀ ਚੋਣ ਮੁਹਿੰਮ ਨੂੰ ਭਖਾਉਂਦਿਆਂ ਵੱਡੀਆਂ ਸਿਆਸੀ ਰੈਲੀਆਂ ਕੀਤੀਆਂ ਜਾ ਰਹੀਆਂ ਹਨ। ਐਤਵਾਰ ਨੂੰ ਚੋਣ ਪ੍ਰਚਾਰ ਕਰਨ ਲਈ ਗ੍ਰਹਿ ਮੰਤਰੀ ਅਮਿਤ ਸ਼ਾਹ ਜਿੱਥੇ ਪੰਜਾਬ ਆਉਣਗੇ ਤਾਂ ਉੱਥੇ ਹੀ 14 16 ਅਤੇ 17 ਤਾਰੀਖ ਨੂੰ ਪ੍ਰਧਾਨ ਮੰਤਰੀ ਵਲੋਂ ਵੀ ਪੰਜਾਬ *ਚ ਰੈਲੀਆਂ ਕੀਤੀਆਂ ਜਾਣਗੀਆਂ।ਜ਼ਿਕਰ ਏ ਖਾਸ ਹੈ ਕਿ ਪ੍ਰਧਾਨ ਮੰਤਰੀ ਵੱਲੋਂ ਬੀਤੇ ਦਿਨੀਂ ਵਰਚੂਅਲ ਰੈਲੀ ਕੀਤੀ ਜਾਣੀ ਸੀ ਪਰ ਫਿਰ ਕਿਸੇ ਕਾਰਨ ਕਰਕੇ ਉਹ ਰੈਲੀ ਰੱਦ ਕਰ ਦਿੱਤੀ ਗਈ ਹੁਣ ਪ੍ਰਧਾਨ ਮੰਤਰੀ ਸਰੀਰਕ ਤੌਰ *ਤੇ ਰੈਲੀ ਕਰਨਗੇ।
ਹੁਣ ਜੇਕਰ ਧੂਰੀ ਸੀਟ ਦੇ ਪਿਛਲੇ ਚੋਣ ਰੁਝਾਨਾਂ ਦੀ ਗੱਲ ਕਰ ਲਈਏ ਤਾਂ ਤੁਹਾਨੂੰ ਦੱਸ ਦਈਏ ਕਿ ਇਸ ਵਾਰ ਭਗਵੰਤ ਮਾਨ ਦਾ ਮੁਕਾਬਲਾ ਕਾਂਗਰਸ ਪਾਰਟੀ ਦੇ ਉਮੀਦਵਾਰ ਦਲਵੀਰ ਸਿੰਘ ਗੋਲਡੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਪ੍ਰਕਾਸ਼ ਚੰਦ ਗਰਗ ਨਾਲ ਹੋ ਰਿਹਾ ਹੈ। ਸਾਲ 2017 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਦਲਵੀਰ ਸਿੰਘ ਗੋਲਡੀ ਵੱਲੋਂ ਜਸਵੀਰ ਸਿੰਘ ਜੱਸੀ ਜਿਹੜੇ ਕਿ ਆਮ ਆਦਮੀ ਪਾਰਟੀ ਦੇ ਉਮੀਦਵਾਰ ਸਨ ਉਨ੍ਹਾਂ ਨੂੰ 2811 ਵੋਟਾਂ ਦੇ ਫ਼ਰਕ ਨਾਲ ਹਰਾਇਆ ਗਿਆ ਸੀ । ਇਸ ਸੀਟ ਤੋਂ ਸਾਲ 2012 ਵਿੱਚ ਵੀ ਕਾਂਗਰਸੀ ਉਮੀਦਵਾਰ ਹੀ ਜੇਤੂ ਰਿਹਾ ਸੀ । ਧੂਰੀ ਵਿਧਾਨ ਸਭਾ ਹਲਕੇ ਵਿੱਚ 74 ਪਿੰਡ ਆਉਂਦੇ ਹਨ ਅਤੇ ਇੱਥੇ ਕੁੱਲ 1,38,461ਵੋਟਰ ਹਨ । ਜਿਨ੍ਹਾਂ ਵਿੱਚੋਂ 74 ਹਜਾਰ 94 ਪੁਰਸ਼ ਅਤੇ 64 ਹਜਾਰ 3 ਸੌ 67 ਮਹਿਲਾਵਾਂ ਵੋਟਰ ਹਨ।