ਬਟਾਲਾ/ਫ਼ਤਹਿਗੜ੍ਹ ਚੂੜੀਆਂ : ਨੌਜਵਾਨ ਕਾਂਗਰਸੀ ਆਗੂ ਅਤੇ ਜ਼ਿਲ੍ਹਾ ਪ੍ਰੀਸ਼ਦ ਗੁਰਦਾਸਪੁਰ ਦੇ ਚੇਅਰਮੈਨ ਰਵੀਨੰਦਨ ਸਿੰਘ ਬਾਜਵਾ ਵੱਲੋਂ ਹਲਕਾ ਫ਼ਤਹਿਗੜ੍ਹ ਚੂੜੀਆਂ ਵਿੱਚ ਆਪਣੇ ਪਿਤਾ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਦੇ ਹੱਕ ਵਿੱਚ ਘਰ-ਘਰ ਜਾ ਕੇ ਵੋਟਰਾਂ ਨਾਲ ਕੀਤੇ ਜਾ ਰਹੇ ਸਿੱਧੇ ਸੰਪਰਕ ਅਤੇ ਨੁੱਕੜ ਮੀਟਿੰਗਾਂ ਨੂੰ ਲੋਕਾਂ ਵੱਲੋਂ ਭਰਪੂਰ ਹੁੰਗਾਰਾ ਮਿਲ ਰਿਹਾ ਹੈ। ਲੋਕਾਂ ਵਿੱਚ ਨਿੱਕੂ ਬਾਜਵਾ ਵਜੋਂ ਜਾਣੇ ਜਾਂਦੇ ਇਸ ਨੌਜਵਾਨ ਆਗੂ ਨੇ ਵੱਡੀਆਂ ਰੈਲੀਆਂ ਦੀ ਥਾਂ ਆਮ ਲੋਕਾਂ ਵਿੱਚ ਬੈਠ ਕੇ ਆਪਣੀ ਗੱਲ ਕਹਿਣ ਦਾ ਪਿਛਲੇ ਇੱਕ ਮਹੀਨੇ ਤੋਂ ਚੋਣ ਪ੍ਰਚਾਰ ਦਾ ਇਹ ਨਿਵੇਕਲਾ ਢੰਗ ਅਪਣਾਇਆ ਹੋਇਆ ਹੈ।
ਰਵੀਨੰਦਨ ਬਾਜਵਾ ਦਾ ਕਹਿਣਾ ਹੈ ਕਿ ਵੱਡੀਆਂ ਰੈਲੀਆਂ ਵਿੱਚ ਭਾਸ਼ਣ ਕਰਕੇ ਅਗਾਂਹ ਤੁਰਨ ਦੀ ਥਾਂ ਲੋਕਾਂ ਨੂੰ ਆਪਸੀ ਵਿਚਾਰ-ਵਟਾਂਦਰੇ ਰਾਹੀਂ ਵੋਟ ਪਾੳੇੁਣ ਲਈ ਸਹਿਮਤ ਕਰਨਾ ਵਧੇਰੇ ਕਾਰਗਰ ਸਿੱਧ ਹੋ ਰਿਹਾ ਹੈ। ਉਹ ਸਵੇਰੇ ਸੁਵੱਖਤੇ ਹੀ ਆਪਣੀ ਇਸ ਨਿਵੇਕਲੀ ਚੋਣ ਮੁਹਿੰਮ ’ਤੇ ਨਿਕਲ ਕੇ ਸੱਥਾਂ, ਧਰਮਸ਼ਲਾਵਾਂ ਅਤੇ ਲੋਕਾਂ ਦੇ ਘਰਾਂ ਵਿੱਚ ਜਾ ਕੇ ਉਨ੍ਹਾਂ ਨੂੰ ਇਹ ਸਮਝਾਉਂਦੇ ਹਨ ਕਿ ਕਿਵੇਂ ਕਾਂਗਰਸ ਪਾਰਟੀ ਹੀ ਸਾਰੇ ਵਰਗਾਂ ਦਾ ਭਲਾ ਲੋਚਦੀ ਹੈ। ਉਹ ਲੋਕਾਂ ਵੱਲੋਂ ਪੁੱਛੇ ਗਏ ਸਵਾਲਾਂ ਅਤੇ ਉਠਾਏ ਗਏ ਮੁੱਦਿਆਂ ਦਾ ਜੁਆਬ ਬੜੇ ਠਰੰਮੇ ਨਾਲ ਦਿੰਦੇ ਹਨ।
ਨੌਜਵਾਨ ਕਾਂਗਰਸੀ ਆਗੂ ਲੋਕਾਂ ਨੂੰ ਜਿਥੇ ਅਕਾਲੀ ਰਾਜ ਵਿੱਚ ਪੈਦਾ ਹੋਏ ਅੱਤਵਾਦ, ਧਾਰਮਿਕ ਗ੍ਰੰਥਾਂ ਦੀਆਂ ਹੋਈਆਂ ਬੇਅਦਬੀਆਂ, ਮਾਫੀਆ ਰਾਜ, ਗੈਂਗਸਟਰ ਅਤੇ ਨਸ਼ਾ ਤਸਕਰੀ ਨਾਲ ਹੋਈ ਪੰਜਾਬ ਦੀ ਬਰਬਾਦੀ ਬਾਰੇ ਦੱਸਦੇ ਹਨ ਓਥੇ ਇਹ ਵੀ ਦੱਸਣਾ ਵੀ ਨਹੀਂ ਭੁੱਲਦੇ ਕਿ ਆਮ ਆਦਮੀ ਪਾਰਟੀ ਦੇ ਮੁੱਖੀ ਅਰਵਿੰਦ ਕੇਜਰੀਵਾਲ ਦੀ ਸੋਚ ਪੰਜਾਬ ਅਤੇ ਪੰਥ ਵਿਰੋਧੀ ਹੈ। ਉਹ ਇਸ ਸਬੰਧ ਵਿੱਚ ਕੇਜਰੀਵਾਲ ਵੱਲੋਂ ਪੰਜਾਬ ਦੇ ਦਰਿਆਵਾਂ ਦਾ ਪਾਣੀ ਹਰਿਆਣਾ ਅਤੇ ਦਿੱਲੀ ਨੂੰ ਦੇਣ ਲਈ ਸੁਪਰੀਮ ਕੋਰਟ ਵਿੱਚ ਦਿੱਤੇ ਹਲਫੀਆ ਬਿਆਨ ਅਤੇ ਤਿਹਾੜ ਜੇਲ੍ਹ ਵਿੱਚ ਪਿਛਲੇ ਤਿੰਨ ਦਹਾਕਿਆਂ ਤੋਂ ਸੜ ਰਹੇ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਨੂੰ ਰੱਦ ਕਰਨ ਦੀਆਂ ਮਿਸਾਲਾਂ ਦਿੰਦੇ ਹਨ।
ਰਵੀਨੰਦਨ ਬਾਜਵਾ ਜਿਹੜੇ ਪਿੰਡ ਵੀ ਜਾਂਦੇ ਹਨ ਓਸ ਪਿੰਡ ਦੇ ਵਿਕਾਸ ਕਾਰਜਾਂ ਲਈ ਦਿੱਤੀਆਂ ਗਈਆਂ ਗ੍ਰਾਂਟਾਂ, ਕਰਵਾਏ ਗਏ ਕੰਮ ਅਤੇ ਪਿੰਡ ਵਾਸੀਆਂ ਦੀਆਂ ਨਿੱਜੀ ਮੁਸ਼ਕਲਾਂ ਹੱਲ ਕਰਵਾਉਣ ਦੀ ਚਰਚਾ ਵੀ ਕਰਦੇ ਹਨ। ਉਹ ਲੋਕਾਂ ਨੂੰ ਇਹ ਵੀ ਪੁੱਛਦੇ ਹਨ ਕਿ ਉਨ੍ਹਾਂ ਦੇ ਪਿੰਡ ਵਿੱਚ ਕਿਹੜੇ ਵਿਕਾਸ ਕਾਰਜ ਹੋਣੋ ਰਹਿ ਗਏ ਹਨ ਤਾਂ ਕਿ ਅਗਲੀ ਵਾਰ ਉਨ੍ਹਾਂ ਨੂੰ ਪਹਿਲ ਦੇ ਅਧਾਰ ’ਤੇ ਕਰਵਾਇਆ ਜਾ ਸਕੇ।
ਨੌਜਵਾਨ ਕਾਂਗਰਸੀ ਆਗੂ ਦੇ ਠਰੰਮੇ ਨਾਲ ਗੱਲ ਸੁਣਨ ਅਤੇ ਮਿਲਾਪੜੇ ਸੁਭਾਅ ਸਦਕਾ ਲੋਕ ਉਨ੍ਹਾਂ ਨੂੰ ਇਸ ਚੋਣ ਵਿੱਚ ਕਾਂਗਰਸ ਪਾਰਟੀ ਨੂੰ ਜਿਤਾਉਣ ਦਾ ਭਰੋਸਾ ਦੇ ਕੇ ਹੀ ਆਪਣੇ ਪਿੰਡੋਂ ਤੋਰਦੇ ਹਨ।