ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਜੀ ਧਾਮੀ ਨੇ ਪੰਜਾਬ ਦੇ ਸਰੋਕਾਰਾਂ ਨੂੰ ਪੁਖਤਗੀ ਨਾਲ ਸੰਬੋਧਤ ਹੋਣ ਵਾਲੇ ਪੰਜਾਬੀ ਅਦਾਕਾਰ ਦੀਪ ਸਿੱਧੂ ਦੇ ਅਕਾਲ ਚਲਾਣੇ ਤੇ ਗਹਿਰੇ ਅਫ਼ਸੋਸ ਦਾ ਪ੍ਰਗਟਾਵਾ ਕੀਤਾ ਹੈ। ਜਾਰੀ ਸ਼ੋਕ ਸੰਦੇਸ਼ ਵਿੱਚ ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਦੀਪ ਸਿੱਧੂ ਨੇ ਕਿਸਾਨ ਸੰਘਰਸ਼ ਦੌਰਾਨ ਨੌਜਵਾਨੀ ਨੂੰ ਲਾਮਬੰਦ ਕਰਨ ਵਿਚ ਮੋਹਰੀ ਭੂਮਿਕਾ ਨਿਭਾਈ ਅਤੇ ਕਿਸਾਨ ਸੰਘਰਸ਼ ਦੀ ਅਵਾਜ ਨੂੰ ਦੇਸ਼ ਦੁਨੀਆ ਵਿਚ ਫੈਲਾਇਆ। ਉਨ੍ਹਾਂ ਦੇ ਚਲਾਣੇ ਨਾਲ ਪੰਜਾਬ ਦੇ ਸੰਜੀਦਾ ਲੋਕ ਗਹਿਰੇ ਸਦਮੇ ਵਿਚ ਹਨ। ਉਨ੍ਹਾਂ ਵਿਛੜੀ ਰੂਹ ਨਮਿਤ ਅਰਦਾਸ ਕਰਦਿਆਂ ਦੀਪ ਸਿੱਧੂ ਦੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕੀਤੀ।
ਦੱਸ ਦੇਈਏ ਕਿ ਪ੍ਰਸਿੱਧ ਅਦਾਕਾਰ ਅਤੇ ਕਿਸਾਨੀ ਸੰਘਰਸ਼ ਦਾ ਵੱਡਾ ਚਿਹਰਾ ਅਦਾਕਾਰ ਸੰਦੀਪ ਸਿੰਘ ਸਿੱਧੂ ( ਦੀਪ ਸਿੱਧੂ) ਦਾ ਬੀਤੀ ਰਾਤ ਸੜਕ ਹਾਦਸੇ ‘ਚ ਦੇਹਾਂਤ ਹੋ ਗਿਆ। ਉਹ ਦਿੱਲੀ ਤੋਂ ਪੰਜਾਬ ਪਰਤ ਰਹੇ ਸਨ। ਇਸ ਦੌਰਾਨ ਕੁੰਡਲੀ ਬਾਰਡਰ ਦੇ ਨੇੜੇ ਉਨ੍ਹਾਂ ਦੀ ਗੱਡੀ ਟਰਾਲੇ ਨਾਲ ਟਕਰਾਅ ਗਈ ਸੀ। ਜਿਸ ਦੌਰਾਨ ਦੀਪ ਸਿੱਧੂ ਨੇ ਮੌਕੇ ‘ਤੇ ਦਮ ਤੋੜ ਦਿੱਤਾ। ਇਸ ਤੋਂ ਬਾਅਦ ਹਰ ਪਾਸੇ ਦੁੱਖ ਜਤਾਇਆ ਜਾ ਰਿਹਾ ਸੀ। ਦੱਸ ਦੇਈਏ ਕਿ ਹੁਣ ਮ੍ਰਿਤਕ ਦੇਹ ਨੂੰ ਪੋਸਟ ਮਾਰਟਮ ਤੋਂ ਬਾਅਦ ਦਿੱਲੀ ਤੋਂ ਪੰਜਾਬ ਲਿਆਂਦਾ ਜਾ ਰਿਹਾ ਹੈ।
ਦੀਪ ਸਿੱਧੂ ਜਿੱਥੇ ਇੱਕ ਅਦਾਕਾਰ ਵਜੋਂ ਫਿਲਮ ਇੰਡਸਟਰੀ ਵਿੱਚ ਵਿਸੇਸ਼ ਸਥਾਨ ਰੱਖਦੇ ਸਨ ਤਾਂ ਉੱਥੇ ਹੀ ਪੇਸ਼ੇ ਵਜੋਂ ਵਕੀਲ ਵੀ ਸਨ।ਦੀਪ ਸਿੱਧੂ ਕਿੰਗਫਿਸ਼ਰ ਮਾਡਲ ਹੰਟ ਦੇ ਵਿਜੇਤਾ ਸਨ ਅਤੇ ਫਿਰ ਗ੍ਰਾਸੀਮ ਮਿਸਟਰ ਇੰਡੀਆ ਵਿੱਚ ਹਿੱਸਾ ਲਿਆ ਅਤੇ ਗ੍ਰਾਸੀਮ ਮਿਸਟਰ ਪਰਸਨੈਲਿਟੀ ਅਤੇ ਗ੍ਰਾਸੀਮ ਮਿਸਟਰ ਟੈਲੇਂਟੇਡ ਬਣੇ।