ਲੁਧਿਆਣਾ : ਚੋਣਾਂ ਦਾ ਸਮਾਂ ਹੈ ਤੇ ਸਿਆਸਤਦਾਨ ਲਗਾਤਾਰ ਚੋਣ ਪ੍ਰਚਾਰ *ਚ ਲੱਗੇ ਹੋਏ ਹਨ। ਅਜਿਹੇ ਮਾਹੌਲ *ਚ ਕਾਂਗਰਸ ਪਾਰਟੀ ਨੂੰ ਵੱਡਾ ਝਟਕਾ ਲੱਗਾ ਹੈ। ਜੀ ਹਾਂ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਅਤੇ ਪੰਜਾਬ ਮੱਧਮ ਉਦਯੋਗ ਵਿਕਾਸ ਦੇ ਬੋਰਡ ਦੇ ਚੇਅਰਮੈਨ ਅਮਰਜੀਤ ਸਿੰਘ ਟਿੱਕਾ ਨੇ ਆਪਣੇ ਆਹੁਦੇ ਤੋਂ ਅਸਤੀਫਾ ਦਿੱਤਾ ਹੈ। ਦੱਸਣਾ ਲਾਜ਼ਮੀ ਹੋ ਜਾਂਦਾ ਹੈ ਕਿ ਅੱਜ ਹੀ ਇਸ ਤੋਂ ਪਹਿਲਾਂ ਸਾਬਕਾ ਮੰਤਰੀ ਅਤੇ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਜਗਮੋਹਨ ਸਿੰਘ ਕੰਗ ਵੀ ਪਾਰਟੀ ਦਾ ਸਾਥ ਛੱਡ ਗਏ ਹਨ।
ਅਮਰਜੀਤ ਸਿੰਘ ਟਿੱਕਾ ਵੱਲੋਂ ਪਾਰਟੀ *ਤੇ ਗੰਭੀਰ ਦੋਸ਼ ਲਾਏ ਗਏ ਹਨ।ਟਿੱਕਾ ਦਾ ਕਹਿਣਾ ਹੈ ਕਿ ਉਹ 37 ਸਾਲ ਤੋਂ ਪਾਰਟੀ *ਚ ਸੇਵਾਵਾਂ ਨਿਭਾ ਰਹੇ ਹਨ ਪਰ ਹੁਣ ਪਾਰਟੀ ਵਿਸ਼ਵਾਸਪਾਤਰ ਵਰਕਰਾਂ ਤੋਂ ਭਰੋਸਾ ਗੁਆ ਰਹੀ ਹੈ। ਜਿਸ ਦੇ ਚਲਦਿਆਂ ਉਹ ਆਪਣੇ ਆਹੁਦੇ ਤੋਂ ਅਸਤੀਫਾ ਦੇ ਰਹੇ ਹਨ।ਟਿੱਕਾ ਨੇ ਕਿਹਾ ਕਿ ਉਨ੍ਹਾਂ ਦੀਆਂ 4 ਪੀੜੀਆਂ ਨੇ ਕਾਂਗਰਸ ਦੀ ਤਨੋ ਮਨੋਂ ਸੇਵਾ ਕੀਤੀ ਪਰ ਹੁਣ ਉਨ੍ਹਾਂ ਨੂੰ ਅਣਗੌਲੇ ਕੀਤਾ ਜਾ ਰਿਹਾ ਹੈ।ਇੱਥੇ ਹੀ ਅਮਰਜੀਤ ਸਿੰਘ ਟਿੱਕਾ ਨੇ ਇਹ ਸਪੱਸ਼ਟ ਕਰ ਦਿੱਤਾ ਕਿ ਉਹ ਕਿਸੇ ਵੀ ਹੋਰ ਪਾਰਟੀ ਦਾ ਪੱਲਾ ਨਹੀਂ ਫੜਨਗੇ ਅਤੇ ਨਾ ਹੀ ਚੋਣਾਂ ਲੜਣਗੇ।
ਦੱਸ ਦਈਏ ਕਿ ਜਗਮੋਹਨ ਸਿੰਘ ਕੰਗ ਵੱਲੋਂ ਪਾਰਟੀ *ਤੇ ਟਿਕਟਾਂ ਵੇਚਣ ਦਾ ਇਲਜ਼ਾਮ ਲਾਇਆ ਗਿਆ ਹੈ। ਇੱਥੇ ਹੀ ਬੱਸ ਨਹੀਂ ਉਨ੍ਹਾਂ ਚਰਨਜੀਤ ਸਿੰਘ ਚੰਨੀ *ਤੇ ਵੀ ਗੰਭੀਰ ਦੋਸ਼ ਲਾਏ ਹਨ। ਕੰਗ ਨੇ ਇੱਥੋਂ ਤੱਕ ਐਲਾਨ ਕਰ ਦਿੱਤਾ ਹੈ ਕਿ ਉਹ ਸਬੂਤਾਂ ਸਮੇਤ ਚੰਨੀ ਖਿਲਾਫ ਪ੍ਰਚਾਰ ਕਰਨਗੇ।ਉੱਧਰ ਆਦਮਕੇ ਤੋਂ ਉਮੀਦਵਾਰ ਨੂੰ ਲੈ ਕੇ ਕਾਂਗਰਸ ਪਾਰਟੀ ਨੇ ਵੱਡਾ ਫੇਰਬਦਲ ਕੀਤਾ ਹੈ। ਅਜਿਹੇ ਵਿੱਚ ਇੱਕ ਹੋਰ ਵੱਡੇ ਆਗੂ ਦਾ ਸਾਥ ਛੱਡ ਜਾਣਾ ਪਾਰਟੀ ਲਈ ਚੰਗਾ ਨਹੀਂ ਸਮਝਿਆ ਜਾ ਰਿਹਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਕਿਤੇ ਨਾ ਕਿਤੇ ਇਸ ਦਾ ਪਾਰਟੀ ਨੂੰ ਚੋਣਾਂ *ਚ ਨੁਕਸਾਨ ਹੋ ਸਕਦਾ ਹੈ। ਹੁਣ ਅੱਗੇ ਕੀ ਹੁੰਦਾ ਹੈ ਇਸ ਦਾ ਪਤਾ ਤਾਂ ਭਵਿੱਖ ਵਿੱਚ ਹੀ ਲੱਗੇਗਾ।