ਬਟਾਲਾ : ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਭਗਵੰਤ ਮਾਨ ਨੇ ਐਤਵਾਰ ਨੂੰ ਗੁਰਦਾਸਪੁਰ ਜ਼ਿਲ੍ਹੇ ਦੇ ਤਿੰਨ ਵਿਧਾਨ ਸਭਾ ਹਲਕਿਆਂ ਬਟਾਲਾ, ਕਾਦੀਆਂ ਅਤੇ ਹਰਗੋਬਿੰਦਪੁਰ ਦੇ ਵੱਖ- ਵੱਖ ਇਲਾਕਿਆਂ ਵਿੱਚ ਚੋਣ ਪ੍ਰਚਾਰ ਕੀਤਾ। ਉਨ੍ਹਾਂ ਬਟਾਲਾ ਤੋਂ ‘ਆਪ’ ਉਮੀਦਵਾਰ ਸ਼ੈਰੀ ਕਲਸੀ, ਕਾਦੀਆਂ ਤੋਂ ਉਮੀਦਵਾਰ ਜਗਰੂਪ ਸਿੰਘ ਸੇਖਵਾਂ ਅਤੇ ਸ੍ਰੀ ਹਰਗੋਬਿੰਦਰਪੁਰ ਤੋਂ ਐਡਵੋਕੇਟ ਅਮਰਪਾਲ ਸਿੰਘ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਦਿਆਂ ਲੋਕਾਂ ਨੂੰ ਝਾੜੂ ਦਾ ਬਟਨ ਦੱਬ ਕੇ ਪਾਰਟੀ ਉਮੀਦਵਾਰਾਂ ਨੂੰ ਜਿਤਾਉਣ ਦੀ ਅਪੀਲ ਕੀਤੀ।
ਲੋਕਾਂ ਵਿੱਚ ਭਗਵੰਤ ਮਾਨ ਪ੍ਰਤੀ ਕਾਫ਼ੀ ਉਤਸ਼ਾਹ ਦਾ ਮਹੌਲ ਸੀ। ਭਾਰੀ ਸੰਖਿਆਂ ਵਿਚ ਮਾਨ ਨੂੰ ਦੇਖਣ ਅਤੇ ਸੁਣਨ ਲਈ ਲੋਕ ਪਹੁੰਚ ਰਹੇ ਸਨ ਅਤੇ ਥਾਂ- ਥਾਂ ਉਸਦਾ ਸਵਾਗਤ ਕਰ ਰਹੇ ਸਨ। ਲੋਕਾਂ ਨੂੰ ਸੰਬੋਧਨ ਕਰਦਿਆਂ ਮਾਨ ਨੇ ਕਿਹਾ ਕਿ 20 ਫਰਵਰੀ ਦਾ ਦਿਨ ਪੰਜਾਬ ਦੀ ਕਿਸਮਤ ਬਦਲਣ ਦਾ ਦਿਨ ਹੈ। ਇਹ ਦਿਨ ਭ੍ਰਿਸ਼ਟਾਚਾਰ ਅਤੇ ਮਾਫੀਆ ਤੋਂ ਛੁਟਾਕਰਾ ਪਾਉਣ ਦਾ ਦਿਨ ਹੈ। ਪੰਜਾਬ ਦੀ ਜਵਾਨੀ ਅਤੇ ਕਿਸਾਨੀ ਬਚਾਉਣ ਦਾ ਅਤੇ ਆਪਣੇ ਬੱਚਿਆਂ ਦਾ ਭਵਿੱਖ ਬਚਾਉਣ ਦਾ ਦਿਨ ਹੈ। ਮਾਨ ਨੇ ਲੋਕਾਂ ਨੂੰ ਅਪੀਲ ਕੀਤੀ ਕਿ 20 ਫਰਵਰੀ ਨੂੰ ਬਿਨ੍ਹਾਂ ਕਿਸੇ ਦੇ ਵਰਗਲਾਵੇ ਵਿੱਚ ਆਉਣ ਤੋਂ ਪੰਜਾਬ ਨੂੰ ਬਚਾਉਣ ਲਈ ਵੋਟਾਂ ਪਾਉਣ।
ਮਾਨ ਨੇ ਕਿਹਾ ਕਿ ਪੰਜਾਬ ਦੇ ਲੋਕ ਪਿਛਲੇ 50 ਸਾਲਾਂ ਤੋਂ ਅਕਾਲੀ, ਭਾਜਪਾ ਅਤੇ ਕਾਂਗਰਸ ਤੋਂ ਧੋਖ਼ਾ ਖਾਂਦੇ ਰਹੇ ਹਨ। ਇਸ ਵਾਰ ਪੰਜਾਬ ਦੇ ਲੋਕ ਧੋਖ਼ਾ ਨਹੀਂ ਖਾਣਗੇ। ਪਹਿਲਾ ਲੋਕਾਂ ਕੋਲ ਚੰਗਾ ਵਿਕਲਪ ਨਹੀਂ ਸੀ, ਇਸ ਲਈ ਉਹ ਅਕਾਲੀ ਤੇ ਭਾਜਪਾ ਤੋਂ ਤੰਗ ਆ ਕੇ ਕਾਂਗਰਸ ਨੂੰ ਵੋਟਾਂ ਦਿੰਦੇ ਸਨ ਅਤੇ ਕਾਂਗਰਸ ਤੋਂ ਤੰਗ ਆ ਕੇ ਅਕਾਲੀ ਨੂੰ ਚੁਣਦੇ ਸਨ। ਦੋਨਾਂ ਪਾਰਟੀਆਂ ਨੇ ਮਿਲ ਕੇ ਪੰਜਾਬ ਨੂੰ ਲੁੱਟਿਆ ਅਤੇ ਲੋਕਾਂ ਦੇ ਪੈਸੇ ਨਾਲ ਆਪਣੇ ਘਰ ਦੀਆਂ ਤਿਜੌਰੀਆਂ ਭਰ ਲਈਆਂ। ਇਸ ਵਾਰ ਲੋਕਾਂ ਕੋਲ ਆਮ ਆਦਮੀ ਪਾਰਟੀ ਦੇ ਰੂਪ ਵਿੱਚ ਚੰਗਾ ਅਤੇ ਇਮਾਨਦਾਰ ਵਿਕਲਪ ਹੈ। ਇਸ ਵਾਰ ਲੋਕ ਬਦਲਾਅ ਲਈ ਵੋਟ ਪਾਉਣਗੇ ਅਤੇ ਕਾਂਗਰਸ ਅਤੇ ਅਕਾਲੀ ਦਲ ਦੀ ਲੁੱਟ ਅਤੇ ਭ੍ਰਿਸ਼ਟਾਚਾਰ ਤੋਂ ਛੁਟਕਾਰਾ ਪਾਉਣਗੇ।
ਮਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਪੰਜਾਬ ਦੇ ਲੋਕਾਂ ਦੀਆਂ ਉਮੀਦਾਂ ‘ਤੇ ਪੂਰੀ ਤਰ੍ਹਾਂ ਖਰੀ ਉਤਰੇਗੀ। ‘ਆਪ’ ਸਰਕਾਰ ਆਮ ਲੋਕਾਂ ਦੀ ਸਰਕਾਰ ਹੋਵੇਗੀ। ਅਸੀਂ ਆਮ ਲੋਕਾਂ ਦੀਆਂ ਸਮੱਸਿਆਵਾਂ ਦੂਰ ਕਰਾਂਗੇ ਅਤੇ ਉਨ੍ਹਾਂ ਦੀ ਖੁਸ਼ਹਾਲੀ ਵਾਪਸ ਕਰਾਂਗੇ। ਅਸੀਂ ਪੰਜਾਬ ਦੀ ਜਵਾਨੀ, ਕਿਸਾਨੀ ਅਤੇ ਵਪਾਰ ਨੂੰ ਬਚਾਵਾਂਗੇ। ਨੌਜਵਾਨਾਂ ਨੂੰ ਚੰਗੀ ਸਿੱਖਿਆ ਅਤੇ ਰੋਜ਼ਗਾਰ ਦੇਵਾਂਗੇ। ਕਿਸਾਨਾਂ ਨੂੰ ਫ਼ਸਲਾਂ ਦੀਆਂ ਵਾਜ਼ਬ ਕੀਮਤਾਂ ਦੇਵਾਂਗੇ। ਫਸਲਾਂ ਦਾ ਉਤਪਾਦਨ ਵਧਾਵਾਂਗੇ ਅਤੇ ਸਮੇਂ ਸਿਰ ਫਸਲਾਂ ਦਾ ਭੁਗਤਾਨ ਕਰਾਂਗੇ। ਵਪਾਰੀ ਵਰਗ ਦੀਆਂ ਸਮੱਸਿਆਵਾਂ ਖ਼ਤਮ ਕਰਨ ਲਈ ਰੇਡ ਰਾਜ ਅਤੇ ਇੰਸਪੈਕਟਰ ਰਾਜ ਨੂੰ ਪੂਰੀ ਤਰ੍ਹਾਂ ਖ਼ਤਮ ਕਰਾਂਗੇ। ਪੰਜਾਬ ਦੇ ਵਿਕਾਸ ਲਈ ਇੱਕ ਸਥਿਰ ਅਤੇ ਇਮਾਨਦਾਰ ਸਰਕਾਰ ਦੀ ਜ਼ਰੂਰਤ ਹੈ। ਸਾਨੂੰ ਸਿਰਫ ਇੱਕ ਮੌਕਾ ਦੇਵੋ। ਅਸੀਂ ਤੁਹਾਨੂੰ ਨਿਰਾਸ਼ ਨਹੀਂ ਕਰਾਂਗੇ।