ਚੰਡੀਗੜ੍ਹ/ਬਠਿੰਡਾ : ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਭਗਵੰਤ ਮਾਨ ਨੇ ਰਾਹੁਲ ਗਾਂਧੀ ਵਲੋਂ ਮੁੱਖ ਮੰਤਰੀ ਚੰਨੀ ਨੂੰ ਗਰੀਬ ਦੱਸਣ ਵਾਲੇ ਬਿਆਨ ‘ਤੇ ਹਮਲਾ ਬੋਲਿਆ। ਮਾਨ ਨੇ ਕਿਹਾ ਕਿ ਕਾਂਗਰਸ ਨੇ ਜਿਸ ਚਰਨਜੀਤ ਸਿੰਘ ਚੰਨੀ ਨੂੰ ਗਰੀਬ ਦੱਸ ਕੇ ਆਪਣਾ ਮੁੱਖ ਮੰਤਰੀ ਉਮੀਦਵਾਰ ਬਣਾਇਆ ਹੈ, ਉਸਨੇ ਚੋਣ ਕਮਿਸ਼ਨ ਨੂੰ ਦਿੱਤੇ ਆਪਣੇ ਹਲਫ਼ਨਾਮੇ ਵਿੱਚ ਆਪਣੇ ਪਰਿਵਾਰ ਦੀ ਜਾਇਦਾਦ 170 ਕਰੋੜ ਰੁਪਏ ਦੱਸੀ ਹੈ। ਚੰਨੀ ਗਰੀਬ ਨਹੀਂ, ਅਰਬਪਤੀ ਹੈ।
ਮਾਨ ਨੇ ਕਿਹਾ ਕਿ 170 ਕਰੋੜ ਰੁਪਏ ਵਾਲਾ ਵਿਅਕਤੀ ਰਾਹੁਲ ਗਾਂਧੀ ਵਰਗੇ ਸ਼ਹਿਜ਼ਾਦੇ ਲਈ ਹੀ ਗਰੀਬ ਹੋ ਸਕਦਾ ਹੈ ,ਆਮ ਜਨਤਾ ਲਈ ਨਹੀਂ। ਜਿਹੜੇ ਅਸਲੀ ਗਰੀਬ ਹੁੰਦੇ ਹਨ, ਉਨ੍ਹਾਂ ਦੇ ਘਰ ਰੋਜ਼ ਰੋਟੀ ਨਹੀਂ ਬਣਦੀ। ਉਨ੍ਹਾਂ ਦੀ ਰਸੋਈ ਵਿੱਚ ਕਦੇ ਆਟਾ ਨਹੀਂ ਹੁੰਦਾ, ਕਦੇ ਦਾਲ ਅਤੇ ਕਦੇ ਸਬਜ਼ੀ ਨਹੀਂ ਹੁੰਦੀ। ਬਿਨਾਂ ਕੰਬਲ ਅਤੇ ਰਜਾਈ ਤੋਂ ਉਨ੍ਹਾਂ ਨੂੰ ਠੰਢ ਕੱਟਣੀ ਪੈਂਦੀ ਹੈ। ਗਰੀਬਾਂ ਦੇ ਬੱਚਿਆਂ ਕੋਲ ਠੰਢ ਰੋਕਣ ਵਾਲੇ ਚੰਗੇ ਸਵੈਟਰ ਅਤੇ ਜੈਕਟ ਤੱਕ ਨਹੀਂ ਹੁੰਦੇ। ਬੱਚਿਆਂ ਦੀ ਪੜ੍ਹਾਈ ਅਤੇ ਇਲਾਜ ਲਈ ਉਨ੍ਹਾਂ ਕੋਲ ਪੈਸੇ ਨਹੀਂ ਬਚਦੇ। ਜੇਕਰ ਘਰ ‘ਚ ਕੋਈ ਬੀਮਾਰ ਪੈ ਜਾਵੇ ਤਾਂ ਉਨ੍ਹਾਂ ਨੂੰ ਕਰਜ਼ਾ ਲੈਣਾ ਪੈਂਦਾ ਹੈ। ਪ੍ਰਧਾਨ ਮੰਤਰੀ ਦੇ ਘਰ ਜਨਮੇ ਰਾਹੁਲ ਗਾਂਧੀ ਗਰੀਬ ਦਾ ਹਾਲ ਕੀ ਜਾਨਣਗੇ!
ਮਾਨ ਨੇ ਰਾਹੁਲ ਗਾਂਧੀ ਦੇ ਉਸ ਬਿਆਨ, ਜਿਸ ‘ਚ ਉਨ੍ਹਾਂ ਕਿਹਾ ਸੀ ਕਿ ‘ਗਰੀਬ ਲੋਕ ਇਸ ਬਾਰ ਚਿਹਰਾ ਦੇਖ ਕੇ ਵੋਟ ਪਾਉਣਗੇ’ ‘ਤੇ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਰਾਹੁਲ ਗਾਂਧੀ ਨੇ ਬਿਲਕੁਲ ਸਹੀ ਕਿਹਾ ਹੈ। ਇਸ ਵਾਰ ਪੰਜਾਬ ਦੇ ਲੋਕ ਜਰੂਰ ਚਿਹਰਾ ਦੇਖ ਕੇ ਵੋਟ ਪਾਉਣਗੇ। ਪਰ ਲੋਕ ਚਰਨਜੀਤ ਸਿੰਘ ਚੰਨੀ ਦਾ ਨਹੀਂ, ਆਪਣੇ ਬੱਚਿਆਂ ਦਾ ਚਿਹਰਾ ਦੇਖ ਕੇ ਵੋਟ ਪਾਉਣਗੇ। ਲੋਕ ਭੀਮ ਰਾਓ ਅੰਬੇਡਕਰ ਅਤੇ ਸ਼ਹੀਦ ਭਗਤ ਸਿੰਘ ਨੂੰ ਦੇਖ ਕੇ ਵੋਟ ਪਾਉਣਗੇ।
ਕਾਂਗਰਸ ‘ਤੇ ਚੁਟਕੀ ਲੈਂਦਿਆਂ ਮਾਨ ਨੇ ਕਿਹਾ ਕਿ 2017 ‘ਚ ਵੀ ਮਹਾਰਾਜਾ ਪਰਿਵਾਰ ਦੇ ਕੈਪਟਨ ਅਮਰਿੰਦਰ ਸਿੰਘ ਨੂੰ ਗਰੀਬਾਂ ਦਾ ਨੇਤਾ ਦੱਸਿਆ ਗਿਆ ਸੀ, ਜਿਨ੍ਹਾਂ ਦਾ ਦਰਵਾਜ਼ਾ ਗਰੀਬਾਂ ਲਈ ਸਾਢੇ ਚਾਰ ਸਾਲ ਤੱਕ ਬੰਦ ਰਿਹਾ ਅਤੇ ਉਹ ਆਪਣੇ ਫਾਰਮ ਹਾਊਸ ‘ਚ ਬੈਠੇ ਰਹੇ। ਫਿਰ 2021 ਵਿੱਚ ਕਾਂਗਰਸ ਨੇ ਆਮ ਆਦਮੀ ਦਾ ਡਰਾਮਾ ਕਰਨ ਵਾਲੇ ਅਰਬਪਤੀ ਮੁੱਖ ਮੰਤਰੀ ਚਰਨਜੀਤ ਚੰਨੀ ਨੂੰ ਗਰੀਬ ਕਹਿ ਕੇ ਲੋਕਾਂ ਸਾਹਮਣੇ ਪੇਸ਼ ਕੀਤਾ। ਲੇਕਿਨ ਇਸ ਵਾਰ ਪੰਜਾਬ ਦੀ ਜਨਤਾ ਅਸਲੀ ਗਰੀਬ ਅਤੇ ਨਕਲੀ ਗਰੀਬ ਦਾ ਫਰਕ ਸਮਝ ਚੁੱਕੀ ਹੈ। ਇਸ ਵਾਰ ਪੰਜਾਬ ਦੇ ਲੋਕ ਗਰੀਬੀ ਦਾ ਨਾਟਕ ਕਰਨ ਵਾਲੇ ਨੂੰ ਨਹੀਂ, ਗਰੀਬੀ ਦੂਰ ਕਰਨ ਵਾਲੇ ਨੂੰ ਆਪਣਾ ਮੁੱਖ ਮੰਤਰੀ ਚੁਣਨਗੇ।
ਮਾਨ ਨੇ ਕਿਹਾ ਕਿ ਲੋਕਾਂ ਦਾ ਮਾਹੌਲ ਦੇਖ ਕੇ ਇਹ ਸਪੱਸ਼ਟ ਹੋ ਗਿਆ ਹੈ ਕਿ ਆਮ ਆਦਮੀ ਪਾਰਟੀ ਭਾਰੀ ਬਹੁਮਤ ਨਾਲ ਸਰਕਾਰ ਬਣਾਉਣ ਜਾ ਰਹੀ ਹੈ। ਪੰਜਾਬ ਦੇ ਲੋਕ ਅਕਾਲੀ-ਭਾਜਪਾ, ਕਾਂਗਰਸ ਅਤੇ ਕੈਪਟਨ ਤੋਂ ਤੰਗ ਆ ਚੁੱਕੇ ਹਨ। ਲੋਕ ਹੁਣ ਬਦਲਾਅ ਚਾਹੁੰਦੇ ਹਨ ਅਤੇ ਇਸ ਵਾਰ ਬਦਲਾਅ ਲਈ ਹੀ ਵੋਟ ਕਰਨਗੇ। 10 ਮਾਰਚ (ਚੋਣ ਨਤੀਜਿਆਂ ਦਾ ਦਿਨ) ਪੰਜਾਬ ਲਈ ਇਤਿਹਾਸਕ ਦਿਨ ਹੋਵੇਗਾ।

Please follow and like us:

Similar Posts