ਚੰਡੀਗੜ੍ਹ : ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ, ਸੰਸਦ ਮੈਂਬਰ ਅਤੇ ਸੂਬਾ ਪ੍ਰਧਾਨ ਭਗਵੰਤ ਮਾਨ ਨੇ ਕਾਰਜਕਾਰੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਵਿਧਾਨ ਸਭਾ ਹਲਕਾ ਭਦੌੜ ਤੋਂ ਚੋਣ ਲੜਨ ਦਾ ਸਵਾਗਤ ਕਰਦਿਆਂ ਦਾਅਵਾ ਕੀਤਾ ਕਿ ਭਦੌੜ ਹਲਕੇ ਤੋਂ ‘ਭਦੌੜ ਦਾ ਪੁੱਤ’ (ਲਾਭ ਸਿੰਘ ਉਗੋਕੇ) ਹੀ ਜਿੱਤੇਗਾ। ਮਾਨ ਸੋਮਵਾਰ ਨੂੰ ਪਾਰਟੀ ਮੁੱਖ ਦਫ਼ਤਰ ਵਿੱਚ ਇੱਕ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰ ਰਹੇ ਸਨ। ਇਸ ਮੌਕੇ ਭਗਵੰਤ ਮਾਨ ਨੇ ਦੱਸਿਆ ਕਿ ‘ਆਪ’ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਸਾਨ ਹਿਤੈਸ਼ੀ ਹੋਣ ਦਾ ਸਬੂਤ ਦਿੰਦਿਆਂ ਦਿੱਲੀ ‘ਚ ਬੇਮੌਸਮੀ ਬਰਸਾਤ ਕਾਰਨ ਫ਼ਸਲ ਖ਼ਰਾਬ ਹੋਣ ‘ਤੇ ਦਿੱਲੀ ਦੇ ਕਿਸਾਨਾਂ ਨੂੰ ਪ੍ਰਤੀ ਏਕੜ 20, 000 ਰੁਪਏ ਦੇ ਚੈਕ ਸੌਂਪੇ ਹਨ ਅਤੇ ਇਹ ਵਿਵਸਥਾ ਪੰਜਾਬ ਵਿੱਚ ਵੀ ‘ਆਪ’ ਦੀ ਸਰਕਾਰ ਵੱਲੋਂ ਲਾਗੂ ਕੀਤੀ ਜਾਵੇਗੀ।
ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਸ੍ਰੀ ਚਮਕੌਰ ਸਾਹਿਬ ਦੇ ਨਾਲ- ਨਾਲ ਹਲਕਾ ਭਦੌੜ ਤੋਂ ਚੋਣ ਲੜਨ ਦੇ ਫ਼ੈਸਲੇ ਬਾਰੇ ਭਗਵੰਤ ਮਾਨ ਨੇ ਕਿਹਾ, ”ਹਲਕਾ ਭਦੌੜ ਮੇਰੇ ਲੋਕ ਸਭਾ ਹਲਕਾ ਸੰਗਰੂਰ ਦੇ ਅਧੀਨ ਆਉਂਦਾ ਹੈ, ਜਿਸ ਕਰਕੇ ਮੈਂ (ਮਾਨ) ਕਾਂਗਰਸ ਦੇ ਕਾਰਜਕਾਰੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਸਵਾਗਤ ਕਰਦਾ ਹਾਂ। ਪਰ ਕਾਂਗਰਸ ਦੇ ਇਸ ਫ਼ੈਸਲੇ ਤੋਂ ਪਤਾ ਚੱਲਦਾ ਕਿ ਜਾਂ ਤਾਂ ਕਾਂਗਰਸ ਵਿੱਚ ਬੌਖਲਾਹਟ ਹੈ ਜਾਂ ਫਿਰ ਮੁੱਖ ਮੰਤਰੀ ਚੰਨੀ ਸ੍ਰੀ ਚਮਕੌਰ ਸਾਹਿਬ ਸੀਟ ਤੋਂ ਪੱਕੇ ਤੌਰ ‘ਤੇ ਹਾਰ ਰਹੇ ਹਨ।”
ਭਗਵੰਤ ਮਾਨ ਨੇ ਵਿਧਾਨ ਸਭਾ ਹਲਕਾ ਭਦੌੜ ਦੀ ਰਾਜਨੀਤਿਕ ਕਾਰਗੁਜ਼ਾਰੀ ਦਾ ਵੇਰਵਾ ਦਿੰਦਿਆਂ ਕਿਹਾ ਕਿ ਹਲਕਾ ਭਦੌੜ ਦੇ ਲੋਕ ਇਨਕਲਾਬੀ ਲੋਕ ਹਨ ਅਤੇ ਉਨ੍ਹਾਂ ਕਦੇ ਵੀ ਮੁੱਖ ਮੰਤਰੀ ਅਤੇ ਅਫ਼ਸਰਸ਼ਾਹੀ ਦੀ ਪ੍ਰਵਾਹ ਨਹੀਂ ਕਰਦੇ, ਸਗੋਂ ਉਨ੍ਹਾਂ 2012 ਦੀਆਂ ਚੋਣਾ ਦੌਰਾਨ ਜੇਬਾਂ ਵਿੱਚ ਹੱਥ ਪਾ ਕੇ ਫ਼ੋਟੋਆਂ ਖਿਚਵਾਉਣ ਵਾਲੇ ਆਈ.ਏ.ਐਸ. ਅਫ਼ਸਰ ਉਮੀਦਵਾਰ ਦੇ ਜੇਬਾਂ ਵਿੱਚੋਂ ਹੱਥ ਬਾਹਰ ਕਢਵਾ ਦਿੱਤਾ ਸਨ। ਉਨ੍ਹਾਂ ਅੱਗੇ ਦੱਸਿਆ ਕਿ ਇਸ ਹਲਕੇ ਦੇ ਲੋਕਾਂ ਨੇ 2014 ਵਿੱਚ ਲੋਕ ਸਭਾ ਚੋਣਾ ਦੌਰਾਨ ਆਮ ਆਦਮੀ ਪਾਰਟੀ ਨੂੰ ਵੱਡੇ ਮਾਰਜ਼ਨ ਨਾਲ ਜਿਤਾਇਆ ਸੀ। ਜਦੋਂ ਕਿ 2017 ਦੀਆਂ ਚੋਣਾ ਸਮੇਂ ‘ਆਪ’ ਉਮੀਦਵਾਰ ਜਿੱਤਿਆ ਸੀ ਅਤੇ 2019 ਦੀਆਂ ਲੋਕ ਸਭਾ ਚੋਣਾ ਸਮੇਂ ਲਾਭ ਸਿੰਘ ਉਗੋਕੇ ਅਤੇ ਹੋਰ ਵਰਕਰਾਂ ਦੀ ਸਾਂਝੀ ਟੀਮ ਨੇ ਜ਼ਬਰਦਸਤ ਕੰਮ ਕੀਤਾ, ਜਿਸ ਕਾਰਨ ‘ਆਪ’ ਨੇ ਲੋਕ ਸਭਾ ਚੋਣਾ ਵਿੱਚ ਭਦੌੜ ਤੋਂ ਵੱਡੀ ਲੀਡ ਪ੍ਰਾਪਤ ਕੀਤੀ ਸੀ।
ਮਾਨ ਨੇ ਕਿਹਾ ਕਿ ਹਲਕਾ ਭਦੌੜ ਦੇ ਲੋਕਾਂ ਨੇ ਫ਼ੈਸਲਾ ਕਰ ਲਿਆ ਹੈ ਕਿ ਭਾਵੇਂ ਇੱਥੋਂ ਚੋਣ ਕਾਂਗਰਸ ਦੇ ਕਾਰਜਕਾਰੀ ਮੁੱਖ ਮੰਤਰੀ ਲੜ ਲੈਣ, ਪਰ ਜਿੱਤੇਗਾ ਤਾਂ ਭਦੌੜ ਦਾ ਪੁੱਤ ਲਾਭ ਸਿੰਘ ਉਗੋਕੇ, ਕਿਉਂਕਿ ਲਾਭ ਸਿੰਘ ਉਗੋਕੇ ਭਦੌੜ ਹਲਕੇ ਦੇ ਵਸਨੀਕ ਹਨ ਅਤੇ ਉਨ੍ਹਾਂ ਨੂੰ ਆਮ ਆਦਮੀ ਪਾਰਟੀ ਵੱਲੋਂ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਹੈ, ਜਿਸ ਦਾ ਸਾਫ਼ ਸੁਥਰਾ ਅਕਸ ਲੋਕਾਂ ਦੇ ਸਾਹਮਣੇ ਹੈ। ਜਦੋਂ ਕਿ ਮੁੱਖ ਮੰਤਰੀ ਚੰਨੀ ਦੇ ਰਿਸ਼ਤੇਦਾਰਾਂ ਕੋਲੋਂ ਈ.ਡੀ ਵੱਲੋਂ ਫੜੇ ਗਏ 10 ਕਰੋੜ ਰੁਪਏ ਦੀ ਜਾਣਕਾਰੀ ਭਦੌੜ ਦੇ ਲੋਕਾਂ ਕੋਲ ਪਹੁੰਚ ਗਈ ਹੈ।
ਭਗਵੰਤ ਮਾਨ ਨੇ ਦਾਅਵਾ ਕੀਤਾ ਕਿ ਆਮ ਆਦਮੀ ਪਾਰਟੀ ਹੀ ਕਿਸਾਨਾਂ, ਮਜ਼ਦੂਰਾਂ, ਵਿਦਿਆਰਥੀਆਂ ਅਤੇ ਆਮ ਲੋਕਾਂ ਦੀ ਹਿਤੈਸ਼ੀ ਹੈ, ਜਿਸ ਦੀ ਉਦਾਹਰਨ ਪੇਸ਼ ਕਰਦਿਆਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦਿੱਲੀ ਦੇ ਕਿਸਾਨਾਂ ਨੂੰ ਮੀਂਹ ਕਾਰਨ ਫ਼ਸਲ ਖ਼ਰਾਬ ਹੋਣ ‘ਤੇ 20 ਹਜ਼ਾਰ ਰੁਪਏ ਪ੍ਰਤੀ ਏਕੜ ਦੇ ਚੈਕ ਸੌਂਪੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਵੀ ‘ਆਪ’ ਦੀ ਸਰਕਾਰ ਕਿਸਾਨਾਂ ਨੂੰ ਫ਼ਸਲ ਖ਼ਰਾਬ ਹੋਣ ‘ਤੇ 20 ਹਜ਼ਾਰ ਪ੍ਰਤੀ ਏਕੜ ਮੁਆਵਜ਼ਾ ਦੇਵੇਗੀ ਅਤੇ ਖ਼ਰਾਬ ਫ਼ਸਲ ਦੀ ਗਿਰਦਾਵਰੀ ਮੁਆਵਜ਼ਾ ਦੇਣ ਤੋਂ ਬਾਅਦ ਕਰਵਾਇਆ ਕਰੇਗੀ, ਤਾਂ ਜੋ ਕਿਸਾਨਾਂ ਨੂੰ ਕਿਸੇ ਵੀ ਕਿਸਮ ਦੀ ਪ੍ਰੇਸ਼ਾਨੀ ਨਾ ਹੋਵੇ।

Please follow and like us:

Similar Posts