ਅੰਮ੍ਰਿਤਸਰ : ਸੂਬੇ ਦੀ ਸਿਆਸਤ ਚੋਣਾਂ ਤੋਂ ਪਹਿਲਾਂ ਲਗਾਤਾਰ ਗਰਮਾਉਂਦੀ ਜਾ ਰਹੀ ਹੈ। ਪਿਛਲੇ ਦਿਨੀਂ ਅਦਾਲਤ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੂੰ ਵੱਡੀ ਰਾਹਤ ਦਿੰਦਿਆਂ ਉਨ੍ਹਾਂ ਦੀ ਗ੍ਰਿਫਤਾਰੀ ‘ਤੇ ਰੋਕ ਲਗਾ ਦਿੱਤੀ ਹੈ। ਜਿਸ ਤੋਂ ਬਾਅਦ ਵਿਰੋਧੀਆਂ ਵੱਲੋਂ ਇਸ ਮਸਲੇ ‘ਤੇ ਸਿਆਸੀ ਬਿਆਨਬਾਜੀਆਂ ਵੀ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਕਾਂਗਰਸ ਪਾਰਟੀ ਦੇ ਸੰਸਦ ਮੈਂਬਰ ਅਤੇ ਸੀਨੀਅਰ ਆਗੂ ਗੁਰਜੀਤ ਸਿੰਘ ਔਜਲਾ ਵੱਲੋਂ ਬਿਕਰਮ ਮਜੀਠੀਆ ਦੀ ਜ਼ਮਾਨਤ ਨੂੰ ਲੈ ਕੇ ਵੱਡੇ ਸਵਾਲ ਚੁੱਕੇ ਗਏ ਹਨ।
ਔਜਲਾ ਦਾ ਕਹਿਣਾ ਹੈ ਕਿ ਜਿਹੜੀਆਂ ਧਰਾਵਾਂ ਤਹਿਤ ਬਿਕਰਮ ਮਜੀਠੀਆ ਖਿਲਾਫ ਮਾਮਲਾ ਦਰਜ ਸੀ ਉਨ੍ਹਾਂ ਤਹਿਤ ਜਲਦੀ ਕਿਸੇ ਵਿਅਕਤੀ ਦੀ ਜ਼ਮਾਨਤ ਨਹੀਂ ਹੋ ਸਕਦੀ। ਔਜਲਾ ਦਾ ਕਹਿਣਾ ਸਿਆਸੀ ਦਬਾਅ ਦੇ ਚਲਦਿਆਂ ਮਜੀਠੀਆ ਨੂੰ ਜ਼ਮਾਨਤ ਦਿੱਤੀ ਗਈ ਹੈ।ਇਸ ਮੌਕੇ ਬੋਲਦਿਆਂ ਔਜਲਾ ਬਿਕਰਮ ਮਜੀਠੀਆ ਦੇ ਅੰਮ੍ਰਿਤਸਰ ਈਸਟ ਤੋਂ ਚੋਣ ਲੜੇ ਜਾਣ ਨੂੰ ਲੈ ਕੇ ਵੀ ਖੂਬ ਸਿਆਸੀ ਤੰਜ ਕਸੇ। ਔਜਲਾ ਦਾ ਕਹਿਣਾ ਹੈ ਕਿ ਮਜੀਠੀਆ ਦੇ ਮਜੀਠਾ ਹਲਕੇ ਵਿੱਚ ਸਿਆਸੀ ਪੈਰ ਉੱਖੜ ਚੁਕੇ ਹਨ ਇਸੇ ਲਈ ਈਸਟ ਤੋਂ ਚੋਣ ਲੜ ਰਹੇ ਹਨ। ਪਰ ਇੱਥੋਂ ਵੀ ਨਵਜੋਤ ਸਿੰਘ ਸਿੱਧੂ ਵੱਡੇ ਮਾਰਜਨ ਨਾਲ ਜਿੱਤ ਹਾਸਲ ਕਰਨਗੇ। ਗੁਰਜੀਤ ਔਜਲਾ ਨੇ ਦਾਅਵਾ ਕੀਤਾ ਕਿ ਇਸ ਤੋਂ ਬਾਅਦ ਬਿਕਰਮ ਮਜੀਠੀਆ ਲੰਬੀ ਬਠਿੰਡੇ ਵੱਲ ਜਾ ਕੇ ਚੋਣ ਲੜਣਗੇ।
ਇਸ ਮੌਕੇ ਬੋਲਦਿਆਂ ਗੁਰਜੀਤ ਔਜਲਾ ਨੇ ਆਮ ਆਦਮੀ ਪਾਰਟੀ ਨੂੰ ਵੀ ਨਿਸ਼ਾਨੇ ‘ਤੇ ਲਿਆ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਚੰਨੀ ਵੱਲੋਂ ਕੀਤੇ ਕੰਮਾਂ ‘ਤੇ ਲੋਕ ਜਰੂਰ ਮੋਹਰ ਲਗਾਉਣਗੇ ਅਤੇ ਆਮ ਆਦਮੀ ਪਾਰਟੀ ਨੂੰ ਵੀ ਭਾਜਪਾ ਦੀ ਬੀ ਟੀਮ ਨੂੰ ਗਰਦਾਨ ਦਿੱਤਾ। ਔਜਲਾ ਨੇ ਦਾਅਵਾ ਕੀਤਾ ਕਿ ਲੋਕ ਕਿਸੇ ਵੀ ਹਾਲਤ ਵਿੱਚ ਆਮ ਆਦਮੀ ਪਾਰਟੀ ਨੂੰ ਵੋਟ ਨਹੀਂ ਪਾਉਣਗੇ।ਉਨ੍ਹਾਂ ਕਿਹਾ ਕਿ ਦਿੱਲੀ ‘ਚ ਆਪ ਵੱਲੋਂ ਕਿਸਾਨਾਂ ਦੇ ਹੱਕ ‘ਚ ਇੱਕ ਵੀ ਧਰਨਾ ਨਹੀਂ ਦਿੱਤਾ ਗਿਆ।