ਨਿਊਜ਼ ਡੈਸਕ : ਸਿਆਸਤਦਾਨ ਚੋਣ ਪ੍ਰਚਾਰ ਦੇ ਇਸ ਮਾਹੌਲ ‘ਚ ਇੱਕ ਦੂਜੇ ‘ਤੇ ਤੰਜ ਕਸਣ ਦਾ ਕੋਈ ਵੀ ਮੌਕਾ ਨਹੀਂ ਛੱਡ ਰਹੇ। ਜਿਸ ਦੇ ਚਲਦਿਆਂ ਹੁਣ ਸ਼੍ਰੋਮਣੀ ਅਕਾਲੀ ਦਲ ਦੀ ਸੀਨੀਅਰ ਆਗੂ ਅਤੇ ਬਠਿੰਡਾ ਤੋਂ ਲੋਕ ਸਭਾ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਵਿਰੋਧੀਆਂ ਤੇ ਗੰਭੀਰ ਦੋਸ਼ ਲਾਏ ਹਨ। ਹਰਸਿਮਰਤ ਕੌਰ ਬਾਦਲ ਦਾ ਕਹਿਣਾ ਹੈ ਕਿ ਅਕਾਲੀ ਦਲ ਦੇ ਮੁਕਾਬਲੇ ‘ਚ ਅੱਜ ਕੋਈ ਵੀ ਨਹੀਂ ਹੈ ਇਸ ਦਾ ਅੰਦਾਜਾ ਚੋਣ ਰੈਲੀਆਂ ‘ਚ ਹੋ ਰਹੇ ਇਕੱਠ ਤੋਂ ਤੁਸੀਂ ਲਗਾ ਸਕਦੇ ਹੋ।ਉਨ੍ਹਾਂ ਕਿਹਾ ਕਿ ਚੋਣਾਂ ਦੌਰਾਨ ਜਿਹੜੇ ਪਿੰਡਾਂ ‘ਚੋ ਅਕਾਲੀ ਦਲ ਨੂੰ ਵੋਟਾਂ ਵਧਣਗੀਆਂ ਉਨ੍ਹਾਂ ਪਿੰਡਾਂ ਨੂੰ ਪਹਿਲ ਦੇ ਅਧਾਰ ‘ਤੇ ਗ੍ਰਾਂਟਾਂ ਦਿੱਤੀਆਂ ਜਾਂਣਗੀਆਂ।
ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਅੱਜ ਲਗਭਗ ਸਾਰੀਆਂ ਹੀ ਪਾਰਟੀਆਂ ਦੇ ਲੋਕ ਅਕਾਲੀ ਦਲ ‘ਚ ਸ਼ਮੂਲੀਅਤ ਕਰ ਰਹੇ ਹਨ।ਇਸ ਮੌਕੇ ਵਿਰੋਧੀਆਂ ‘ਤੇ ਸਿਆਸੀ ਵਾਰ ਕਰਦਿਆਂ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਕਾਂਗਰਸ ਦੇ ਰਾਜ ਵਿੱਚ ਕਿਸੇ ਵੀ ਪੰਚਾਇਤ ਨੂੰ ਕੋਈ ਵੀ ਗ੍ਰਾਂਟ ਨਹੀਂ ਦਿੱਤੀ ਗਈ।ਜਿਸ ਕਾਰਨ ਪਿੰਡਾਂ ਦੇ ਸਰਪੰਚ ਤੰਗ ਹੋਏ ਹਨ।ਇਸ ਮੌਕੇ ਕੇਜਰੀਵਾਲ ਨੂੰ ਮਹਾਂਠੱਗ ਗਰਦਾਨਦਿਆਂ ਕਿਹਾ ਕਿ ਉਹ ਪੰਜਾਬ ਦਾ ਸਾਰਾ ਪਾਣੀ ਦਿੱਲੀ ਲੈ ਕੇ ਜਾਣਾ ਚਾਹੁੰਦਾ ਹੈ। ਉਨ੍ਹਾਂ ਕਿਹਾ ਕਿ ਜਿਹੜਾ ਦਿੱਲੀ ਮਾਡਲ ਇਹ ਪੰਜਾਬ ਵਿੱਚ ਲਿਆਉਣਾ ਚਾਹੁੰਦੇ ਹਨ ਉੱਥੇ ਨਾ ਹੀ ਤਾਂ ਕਿਸੇ ਨੂੰ ਰਾਸ਼ਣ ਮਿਲਦਾ ਹੈ ਨਾ ਹੀ ਕਿਸੇ ਨੂੰ ਪੈਨਸ਼ਨ।ਇਸ ਮੌਕੇ ਰਾਮ ਰਹੀਮ ਨੂੰ ਮਿਲੀ ਪੈਰੋਲ ‘ਤੇ ਵੀ ਉਨ੍ਹਾਂ ਪ੍ਰਤੀਕਿਿਰਆ ਦਿੱਤੀ। ਉਨ੍ਹਾਂ ਕਿਹਾ ਕਿ ਜਿਸ ਸਮੇਂ ‘ਚ ਰਾਮ ਰਹੀਮ ਨੂੰ ਪੈਰੋਲ ਮਿਲੀ ਹੈ ਉਹ ਹੀ ਆਪਣੇ ਆਪ ‘ਚ ਬਹੁਤ ਕੁਝ ਬਿਆਨ ਕਰ ਜਾਂਦਾ ਹੈ।