ਅਕਾਲ ਚੈਨਲ ਨਿਊਜ਼ ਡੈਸਕ : ਬੀਤੀ ਰਾਤ ਸੜਕੀ ਹਾਦਸੇ ਦੇ ਵਿੱਚ ਇੱਕ ਐਕਟੀਵਿਸਟ ਅਤੇ ਬਹੁਤ ਹੀ ਮਸ਼ਹੂਰ ਅਦਾਕਾਰ ਸੰਦੀਪ ਸਿੰਘ ਸਿੱਧੂ ਉਰਫ ਦੀਪ ਸਿੱਧੂ ਦਾ ਦੇਹਾਂਤ ਹੋ ਗਿਆ। ਜਿਸ ਤੋਂ ਬਾਅਦ ਲਗਾਤਾਰ ਜਿੱਥੇ ਪੰਥਕ ਹਲਕਿਆਂ ਵਿੱਚ ਸੋਗ ਦੀ ਲਹਿਰ ਹੈ ਅਤੇ ਇਸ ਦੇ ਨਾਲ ਹੀ ਦੀਪ ਦੇ ਪਿੰਡ ਦੇ ਲੋਕ ਵੀ ਰੋ ਰੋ ਕੇ ਆਪਣੇ ਦੁੱਖ ਦਾ ਪ੍ਰਗਟਾਵਾ ਕਰ ਰਹੇ ਹਨ। ਇਸ ਮਸਲੇ *ਚ ਹੁਣ ਪੁਲਿਸ ਵੱਲੋਂ ਵੀ ਬਿਆਨ ਜਾਰੀ ਕੀਤੇ ਜਾ ਰਹੇ ਹਨ।
ਦੱਸ ਦੇਈਏ ਕਿ ਦੀਪ ਸਿੱਧੂ ਦਾ ਪੋਸਟਮਾਰਟਮ ਕੀਤਾ ਜਾ ਚੁਕਿਆ ਹੈ। ਤਿੰਨ ਡਾਕਟਰਾਂ ਦੇ ਪੈਨਲ ਵੱਲੋਂ ਉਨ੍ਹਾਂ ਦਾ ਪੋਸਟ ਮਾਰਟਮ ਕੀਤਾ ਗਿਆ ਹੈ ਅਤੇ ਬਕਾਇਦਾ ਤੌਰ *ਤੇ ਇਸ ਦੀ ਵੀਡੀਓਗ੍ਰਾਫੀ ਵੀ ਕੀਤੀ ਗਈ ਹੈ।ਤੁਹਾਨੂੰ ਦੱਸ ਦੇਈਏ ਕਿ ਸੋਨੀਪਤ ਪੁਲਿਸ ਵੱਲੋਂ ਇਸ ਮਸਲੇ ਦੀ ਐਫ ਆਈ ਆਰ ਦਰਜ ਕੀਤੀ ਗਈ ਹੈ।ਸਥਾਨਕ ਡੀ. ਐੱਸ.ਪੀ ਵੱਲੋਂ ਇਸ ਬਾਰੇ ਬੋਲਦਿਆਂ ਬਿਆਨ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜਿਸ ਟਰੱਕ ਵਿੱਚ ਦੀਪ ਸਿੱਧੂ ਦੀ ਗੱਡੀ ਟਕਰਾਈ ਹੈ ਉਸ ਦੇ ਡਰਾਇਵਰ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ।ਉਨ੍ਹਾਂ ਕਿਹਾ ਕਿ ਜਿਸ ਕਦਰ ਦੀਪ ਸਿੱਧੂ ਹਾਦਸਾ ਮਾਮਲੇ ਦੀ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ ਜਾ ਰਹੀ ਹੈ ਤਾਂ ਫਿਲਹਾਲ ਇਸ ਬਾਰੇ ਕੁਝ ਵੀ ਨਹੀਂ ਕਿਹਾ ਜਾ ਸਕਦਾ ।ਪੁਲਿਸ ਵੱਲੋਂ ਅਣਪਛਾਤੇ ਵਿਅਕਤੀ ਦੇ ਖਿਲਾਫ ਇਹ ਮਾਮਲਾ ਦਰਜ ਕੀਤਾ ਗਿਆ ਹੈ।
ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਜਿਸ ਟਰੱਕ ਨਾਲ ਦੀਪ ਦੀ ਗੱਡੀ ਟਕਰਾਈ ਹੈ ਉਹ ਰੁਕਿਆ ਹੋਇਆ ਨਹੀਂ ਸੀ ਬਲਕਿ ਜਾ ਰਿਹਾ ਸੀ। ਤਾਂ ਇਸ ਦੌਰਾਨ ਜਦੋਂ ਟਰੱਕ ਡਰਾਇਵਰ ਨੇ ਬ੍ਰੇਕ ਲਗਾਏ ਤਾਂ ਦੀਪ ਸਿੱਧੂ ਦੀ ਗੱਡੀ ਉਸ ਨਾਲ ਟਕਰਾਅ ਗਈ।ਉਨ੍ਹਾਂ ਦੱਸਿਆ ਕਿ ਸਾਰੇ ਹੀ ਸੀਨੀਅਰ ਅਧਿਕਾਰੀ ਇਸ ਮਸਲੇ ਦੀ ਜਾਂਚ ਵਿੱਚ ਲੱਗੇ ਹੋਏ ਹਨ।