
ਚੰਡੀਗੜ੍ਹ : ਚੋਣਾਂ ਦਾ ਸਿਆਸੀ ਅਖਾੜਾ ਭਖਿਆ ਹੋਇਆ ਹੈ ਅਤੇ ਪਾਰਟੀਆਂ ਅੰਦਰ ਦਲ ਬਦਲੂ ਰਾਜਨੀਤੀ ਵੀ ਤੇਜ਼ ਹੁੰਦੀ ਜਾ ਰਹੀ ਹੈ। ਜੀ ਹਾਂ ਆਏ ਦਿਨ ਕੋਈ ਨਾ ਕੋਈ ਸਿਆਸੀ ਆਗੂ ਇੱਕ ਪਾਰਟੀ ਦਾ ਪੱਲਾ ਛੱਡ ਕੇ ਦੂਜੀ ਪਾਰਟੀ ਦਾ ਪੱਲਾ ਫੜ ਲੈਂਦਾ ਹੈ। ਅੱਜ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਜਗਮੋਹਨ ਸਿੰਘ ਵੱਲੋਂ ਆਪਣੇ ਪੁੱਤਰਾਂ ਸਮੇਤ ਕਾਂਗਰਸ ਦਾ ਸਾਥ ਛੱਡ ਆਪ ਦਾ ਪੱਲਾ ਫੜ ਲਿਆ ਗਿਆ ਹੈ। ਦੱਸਣਾ ਲਾਜ਼ਮੀ ਹੋ ਜਾਂਦਾ ਹੈ ਕਿ ਜਗਮੋਹਨ ਸਿੰਘ ਕੰਗ ਵੱਲੋਂ ਬੀਤੇ ਦਿਨੀਂ ਕਾਂਗਰਸ ਪਾਰਟੀ *ਤੇ ਗੰਭੀਰ ਦੋਸ਼ ਲਾਏ ਗਏ ਸਨ।
ਦੱਸ ਦਈਏ ਕਿ ਸਾਬਕਾ ਮੰਤਰੀ ਜਗਮੋਹਨ ਕੰਗ ਵੱਲੋਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ‘ਤੇ ਗੰਭੀਰ ਇਲਜ਼ਾਮ ਲਗਾਉਂਦਿਆਂ ਚੰਨੀ ਦੇ ਘਰ ਹੋਈ ਈ.ਡੀ. ਦੀ ਰੇਡ ਦੇ ਮਸਲੇ ‘ਤੇ ਸੀਬੀਆਈ ਜਾਂਚ ਦੀ ਮੰਗ ਕੀਤੀ ਸੀ। ਜਗਮੋਹਨ ਕੰਗ ਨੇ ਇਲਜ਼ਾਮ ਲਾਉਂਦਿਆਂ ਕਿਹਾ ਸੀ ਕਿ ਕਾਂਗਰਸ ਪਾਰਟੀ ਵੱਲੋਂ ਜ਼ੋ ਉਮੀਦਵਾਰ ਚੋਣ ਮੈਦਾਨ ‘ਚ ਉਤਾਰੇ ਜਾ ਰਹੇ ਹਨ ਉਨ੍ਹਾਂ ਨੂੰ ਟਿਕਟਾਂ ਦਿੱਤੀਆਂ ਨਹੀਂ ਗਈਆਂ ਬਲਕਿ ਵੇਚੀਆਂ ਗਈਆਂ ਹਨ। ਕੰਗ ਦਾ ਦੋਸ਼ ਸੀ ਕਿ ਕਾਂਗਰਸ ਪਾਰਟੀ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਚੌਧਰੀ ਅਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਟਿਕਟਾਂ ਵੇਚੀਆਂ ਗਈਆਂ ਹਨ। ਇੱਥੇ ਹੀ ਬੱਸ ਨਹੀਂ ਉਨ੍ਹਾਂ ਚੰਨੀ ‘ਤੇ ਮਰਜੀ ਦੀ ਸੀਟ ਤੋਂ ਚੋਣ ਲੜਨ ਲਈ ਸੀਟ ਲੈਣ ਦਾ ਦੋਸ਼ ਵੀ ਲਗਾਇਆ ਸੀ।ਇੱਥੇ ਹੀ ਬੱਸ ਨਹੀਂ ਕੰਗ ਵੱਲੋਂ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ *ਤੇ ਵੀ ਗੰਭੀਰ ਦੋਸ਼ ਲਾਏ ਗਏ ਸਨ। ਉਨ੍ਹਾਂ ਦਾ ਕਹਿਣਾ ਸੀ ਕਿ ਕੈਪਟਨ ਅਮਰਿੰਦਰ ਸਿੰਘ ਵੱਲੋਂ ਚਰਨਜੀਤ ਸਿੰਘ ਚੰਨੀ ਨੂੰ ਮੀਟੂ ਜਿਹੇ ਸੰਗੀਨ ਮਾਮਲੇ ‘ਚੋਂ ਕਲੀਨ ਚਿੱਟ ਦਿੱਤੀ ਗਈ ਜਿਸ ਲਈ ਉਨ੍ਹਾਂ ਨੂੰ ਕਦੀ ਵੀ ਮੁਆਫ ਨਹੀਂ ਕੀਤਾ ਜਾ ਸਕਦਾ।
ਜ਼ਿਕਰ ਏ ਖਾਸ ਹੈ ਕਿ ਜਗਮੋਹਨ ਸਿੰਘ ਕੰਗ ਵੱਲੋਂ ਆਪਣੇ ਪੁੱਤਰ ਬਨੀ ਕੰਗ ਲਈ ਖਰੜ ਤੋਂ ਟਿਕਟ ਮੰਗੀ ਗਈ ਸੀ।ਪਰ ਕਾਂਗਰਸ ਪਾਰਟੀ ਵੱਲੋਂ ਕਿਸੇ ਹੋਰ ਵਿਅਕਤੀ ਨੂੰ ਖਰੜ ਤੋਂ ਟਿਕਟ ਦਿੱਤੀ ਗਈ ਹੈ।ਜਿਸ ਤੋਂ ਬਾਅਦ ਕੰਗ ਲਗਾਤਾਰ ਕਾਂਗਰਸ ਪਾਰਟੀ ਨਾਲ ਨਾਰਾਜ਼ ਚੱਲੇ ਆ ਰਹੇ ਸਨ। ਹੁਣ ਉਨ੍ਹਾਂ ਵੱਲੋਂ ਆਮ ਆਦਮੀ ਪਾਰਟੀ ਦਾ ਪੱਲਾ ਫੜਿਆ ਗਿਆ ਹੈ। ਜਗਮੋਹਨ ਕੰਗ ਨੇ ਅੱਜ ਅਰਵਿੰਦ ਕੇਜਰੀਵਾਲ ਅਤੇ ਰਾਘਵ ਚੱਢਾ ਦੀ ਹਾਜਰੀ ਵਿੱਚ ਆਮ ਆਦਮੀ ਪਾਰਟੀ *ਚ ਸ਼ਮੂਲੀਅਤ ਕੀਤੀ।