ਫਤਿਹਗੜ੍ਹ ਚੂੜੀਆਂ – ਗੁਰਦਾਸਪੁਰ ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਅਤੇ ਨੌਜਵਾਨ ਕਾਂਗਰਸੀ ਆਗੂ ਰਵੀਨੰਦਨ ਸਿੰਘ ਬਾਜਵਾ ਨੇ ਫਤਿਹਗੜ੍ਹ ਚੂੜੀਆਂ ਹਲਕੇ ਦੇ ਵੋਟਰਾਂ ਨੂੰ ਆਮ ਆਦਮੀ ਪਾਰਟੀ ਵੱਲੋਂ ਕੀਤੇ ਜਾ ਰਹੇ ਗੁੰਮਰਹਕੁੰਨ ਪ੍ਰਚਾਰ ਪ੍ਰਤੀ ਸੁਚੇਤ ਕਰਦਿਆਂ ਕਿਹਾ ਕਿ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਵੱਲੋਂ ਪ੍ਰਚਾਰਿਆ ਜਾ ਰਿਹਾ “ਦਿੱਲੀ ਮਾਡਲ” ਪੰਜਾਬ ਲਈ ਮਾਰੂ ਸਾਬਤ ਹੋਵੇਗਾ।
ਸ਼੍ਰੀ ਬਾਜਵਾ ਨੇ ਹਲਕੇ ਦੇ ਪਿੰਡਾਂ ਨਠਵਾਲ, ਚੱਠਾ, ਬੱਲ ਅਤੇ ਸੇਖੂਪੁਰ ਵਿੱਚ ਵੋਟਰਾਂ ਨਾਲ ਕੀਤੀਆਂ ਨੁਕੜ ਮੀਟਿੰਗਾਂ ਦੌਰਾਨ ਉਨ੍ਹਾਂ ਨੂੰ ਦੱਸਿਆ ਕਿ ਕੇਜਰੀਵਾਲ ਦੀ ਦਿੱਲੀ ਸਰਕਾਰ ਨੇ ਖੇਤੀ ਟਿਊਬਵੈਲਾਂ ਤੋਂ ਬਿਜਲੀ ਬਿੱਲ ਵਸੂਲੇ ਜਾ ਰਹੇ ਹਨ ਤੇ ਸਨਅਤਾਂ ਨੂੰ 11 ਰੁਪਏ ਪ੍ਰਤੀ ਯੂਨਿਟ ਬਿਜਲੀ ਦਿੱਤੀ ਜਾ ਰਾਹੀ ਹੈ। ਉਨ੍ਹਾਂ ਕਿਹਾ ਕਿ ਦਿੱਲੀ ਸਰਕਾਰ ਦਾ ਸਿਹਤ ਸਿਸਟਮ ਦਾ ਜਲੂਸ ੳੇੇੁਸ ਸਮੇਂ ਨਿਕਲ ਗਿਆ ਸੀ ਜਦੋਂ ਕਰੋਨਾ ਮਹਾਂਮਾਰੀ ਦੌਰਾਨ ਦਿੱਲੀ ਦੇ ਹਸਪਤਾਲਾਂ ਵਿੱਚ ਮਰੀਜ਼ਾਂ ਨੂੰ ਦਾਖਲ ਕਰਨ ਤੋਂ ਦਿੱਲੀ ਸਰਕਾਰ ਦੇ ਹੱਥ ਖੜ੍ਹੇ ਕਰ ਦਿੱਤੇ ਸਨ। ਪੰਜਾਬ ਸਰਕਾਰ ਨੇ ਉਸ ਸਮੇਂ ਦਿੱਲੀ ਦੇ ਮਰੀਜ਼ਾਂ ਨੂੰ ਪੰਜਾਬ ਦੇ ਹਸਪਤਾਲਾਂ ਵਿਚ ਦਾਖਲ ਕਰਕੇ ਉਨ੍ਹਾਂ ਦੀ ਜਾਨ ਬਚਾਈ ਸੀ। ਉਨ੍ਹਾਂ ਕਿਹਾ ਕਿ ਦਿੱਲੀ ਦੇ ਸਕੂਲਾਂ ਵਿੱਚ ਪਿਛਲੇ 7 ਸਾਲਾਂ ਵਿੱਚ ਇੱਕ ਵੀ ਰੈਗੂਲਰ ਅਧਿਆਪਕ ਭਰਤੀ ਨਹੀਂ ਕੀਤਾ ਗਿਆ ਅਤੇ ਸਕੂਲਾਂ ਵਿੱਚ ਦਿਹਾੜੀਦਾਰ ਅਧਿਆਪਕਾਂ ਨਾਲ ਡੰਗ ਟਪਾਇਆ ਜਾ ਰਿਹਾ ਹੈ।
ਸ੍ਰੀ ਬਾਜਵਾ ਨੇ ਕਿਹਾ ਕਿ ਕੇਜਰੀਵਾਲ ਸਰਕਾਰ ਨੇ ਸੁਪਰੀਮ ਕੋਰਟ ਵਿੱਚ ਦੇ ਦਰਿਆਈ ਪਾਣੀਆਂ ਨੂੰ ਹਰਿਆਣਾ ਅਤੇ ਦਿੱਲੀ ਨੂੰ ਦੇਣ ਲਈ ਕੇਸ ਕੀਤਾ ਹੋਇਆ ਹੈ। ਜੇ ਪੰਜਾਬ ਦੇ ਲੋਕਾਂ ਨੇ ਗਲਤੀ ਨਾਲ ਵੀ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਾ ਦਿੱਤੀ ਤਾਂ ਪੰਜਾਬ ਦੇ ਦਰਿਆਈ ਪਾਣੀਆਂ ਦੀ ਰਾਖੀ ਕਰਨ ਵਾਲਾ ਕੋਈ ਨਹੀਂ ਰਹੇਗਾ ਤੇ ਪਾਣੀ ਦਿੱਲੀ ਤੇ ਹਰਿਆਣਾ ਨੂੰ ਦੇ ਕੇ ਪੰਜਾਬ ਨੂੰ ਬੰਜ਼ਰ ਬਣਾ ਦਿੱਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਅਰਵਿੰਦ ਕੇਜਰੀਵਾਲ ‘ਕਾਰਪੋਰੇਟ ਕੰਪਨੀਆਂ’ ਦਾ ਏਜੰਟ ਹੈ ਅਤੇ ਉਹ ਪੰਜਾਬ ਵਿੱਚ ਦਿੱਲੀ ਦੀ ਤਰ੍ਹਾਂ ਬਿਜਲੀ ਸਮੇਤ ਹਰ ਸੇਵਾ ਦਾ ਨਿੱਜੀਕਰਨ ਕਰਨ ਦਾ ਮੁਦੱਈ ਹੈ ਤਾਂ ਕਿ ਵੱਡੀਆਂ ਕੰਪਨੀਆਂ ਵੱਲੋਂ ਲੋਕਾਂ ਦੀ ਲੁੱਟ ਕੀਤੀ ਜਾ ਸਕੇ। ਉਨ੍ਹਾਂ ਕਿਹਾ ਕਿ ਕੇਜਰੀਵਾਲ ਦੀ ਅੱਖ ਪੰਜਾਬ ਦੇ ਮੁੱਖ ਮੰਤਰੀ ਦੀ ਕੁਰਸੀ ਉੱਤੇ ਹੈ ਅਤੇ ਭਗਵੰਤ ਮਾਨ ਨੂੰ ਉਸ ਨੇ ਮਹਿਜ ਮੋਹਰਾ ਬਣਾਇਆ ਹੈ।
ਕੇਜਰੀਵਾਲ ਉੱਤੇ ਲੋਕਾਂ ਦਾ ਪੈਸਾ ਆਪਣੇ ਸਿਆਸੀ ਹਿੱਤਾਂ ਲਈ ਵਰਤਣ ਦਾ ਦੋਸ਼ ਲਾਉਂਦਿਆਂ ਸ੍ਰੀ ਬਾਜਵਾ ਨੇ ਕਿਹਾ ਕਿ ਉਸਨੇ ਪਿਛਲੇ 7 ਸਾਲਾਂ ਵਿੱਚ 1100 ਕਰੋੜ ਰੁਪਏ ਸਿਰਫ ਅਖਬਾਰਾਂ ਅਤੇ ਟੈਲੀਵਿਜ਼ਨ ਉੱਤੇ ਆਪਣੇ ਗੁਣ ਗਾਉਣ ਵਾਲੇ ਇਸਤਿਹਾਰਾਂ ਉੱਤੇ ਹੀ ਉਜਾੜ ਦਿੱਤੇ ਹਨ।
ਉਨ੍ਹਾਂ ਹਲਕੇ ਵਿਚੋਂ ਕਾਂਗਰਸੀ ਉਮੀਦਵਾਰ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੂੰ ਜਿਤਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਸਿਰਫ ਕਾਂਗਰਸ ਪਾਰਟੀ ਦੇ ਹੱਥਾਂ ਵਿੱਚ ਹੀ ਪੰਜਾਬ ਸੁਰੱਖਿਅਤ ਅਤੇ ਖੁਸ਼ਹਾਲ ਬਣ ਸਕਦਾ ਹੈ।