ਕੈਲਗਰੀ : ਵਿਦੇਸ਼ੀ ਧਰਤੀ ‘ਤੇ ਕੈਲਗਰੀ ਪੁਲੀਸ ਨੂੰ ਉਸ ਵੇਲੇ ਵੱਡੀ ਸਫਲਤਾ ਹਾਸਲ ਹੋਈ ਜਦੋਂ ਉਨ੍ਹਾਂ ਇਕ ਨਸ਼ਾ ਤਸਕਰੀ ਗਰੋਹ ਦਾ ਪਰਦਾਫਾਸ਼ ਕਰ ਦਿੱਤਾ । ਜਾਣਕਾਰੀ ਮੁਤਾਬਕ ਇਸ ਗਰੋਹ ਵਿੱਚ ਪੰਜਾਬ ਨਾਲ ਸਬੰਧਤ ਕਰਨਵੀਰ ਸੰਧੂ ਸਮੇਤ ਚਾਰ ਹੋਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।ਮੀਡੀਆ ਰਿਪੋਰਟਾਂ ਮੁਤਾਬਿਕ ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਪਾਸੋਂ ਵੱਡੀ ਮਾਤਰਾ ਵਿੱਚ ਨਸ਼ੀਲਾ ਪਦਾਰਥ ਹਥਿਆਰ ਅਤੇ ਨਕਦੀ ਬਰਾਮਦ ਕੀਤੀ ਗਈ ਹੈ।
ਜਾਣਕਾਰੀ ਮੁਤਾਬਿਕ ਇਸ ਗਰੋਹ ਦਾ ਇਕ ਮੈਂਬਰ ਅਜੇ ਵੀ ਫਰਾਰ ਦੱਸਿਆ ਜਾ ਰਿਹਾ ਜਿਸ ਦੀ ਭਾਲ ਲਈ ਪੁਲੀਸ ਵੱਲੋਂ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ । ਰਿਪੋਰਟਾਂ ਮੁਤਾਬਿਕ ਨਸ਼ਾ ਤਸਕਰਾਂ ਦਾ ਇਹ ਗਿਰੋਹ ਬ੍ਰਿਟਿਸ਼ ਕੋਲੰਬੀਆ ਦੇ ਲੋਅਰ ਮੇਨਲੈਂਡ ਤੋਂ ਸ਼ੁਰੂ ਹੋ ਕੇ ਐਡਮਿੰਟਨ ਕੈਲਗਰੀ ਸਮੇਤ ਵੱਖ ਵੱਖ ਥਾਵਾਂ ਤਕ ਫੈਲਿਆ ਹੋਇਆ ਸੀ। ਇਸ ਗਿਰੋਹ ਦਾ ਪਰਦਾਫਾਸ਼ ਕਰਨ ਲਈ ਪੁਲੀਸ ਵੱਲੋਂ ਪ੍ਰੋਜੈਕਟ ਮੋਟਰ ਦੇ ਤਹਿਤ ਅਠਾਰਾਂ ਮਹੀਨੇ ਤੱਕ ਮਿਸ਼ਨ ਚਲਾਇਆ ਗਿਆ । ਜਿਸ ਦੌਰਾਨ ਪੁਲਿਸ ਨੂੰ ਸਫਲਤਾ ਹਾਸਲ ਹੋਈ।
ਪੁਲਿਸ ਨੇ ਇਸ ਗਿਰੋਹ ਕੋਲੋਂ 50 ਗ੍ਰਾਮ ਕੋਕੀਨ, 4998 ਗ੍ਰਾਮ ਫੈਟਾਨਿਲ ਅਤੇ 9970 ਗ੍ਰਾਮ ਮੈਥਮਫੈਟਾਮਾਈਨ ਬਰਾਮਦ ਕੀਤੀ, ਜਿਸ ਦੀ ਕੀਮਤ ਲਗਭਗ 1.6 ਮਿਲੀਅਨ ਡਾਲਰ ਦੱਸੀ ਜਾ ਰਹੀ ਹੈ। ਇਸ ਤੋਂ ਇਲਾਵਾ ਗਿਰੋਹ ਕੋਲੋਂ 11 ਹਥਿਆਰ ਅਤੇ 82 ਹਜ਼ਾਰ 500 ਡਾਲਰ ਦੀ ਨਕਦੀ ਵੀ ਬਰਾਮਦ ਹੋਈ।
ਦੱਸ ਦੇਈਏ ਕਿ ਪੁਲੀਸ ਵੱਲੋਂ ਲੋਕਾਂ ਨੂੰ ਸਾਥ ਦੇਣ ਲਈ ਅਪੀਲ ਕੀਤੀ ਗਈ ਹੈ ਅਤੇ ਜੇਕਰ ਕਿਸੇ ਵੀ ਇਲਾਕੇ ਵਿੱਚ ਨਸ਼ਾ ਤਸਕਰੀ ਸਬੰਧੀ ਕੋਈ ਵੀ ਸੂਚਨਾ ਮਿਲਦੀ ਹੈ ਤਾਂ ਤੁਰੰਤ ਪੁਲੀਸ ਨੂੰ ਜਾਣਕਾਰੀ ਦੇਣ ਦੀ ਗੱਲ ਕਹੀ ਗਈ ਹੈ।