ਫ਼ਤਹਿਗੜ੍ਹ ਚੂੜੀਆਂ : ਇਸ ਹਲਕੇ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਅੱਜ ਪਿੰਡ ਡਾਲੇਚੱਕ ਵਿਖੇ ਹੋਈ ਭਰਵੀ ਚੋਣ ਸਭਾ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਿਰਫ ਕਾਂਗਰਸ ਪਾਰਟੀ ਹੀ ਪੰਜਾਬ ਖਾਸ ਕਰਕੇ ਸਮਾਜ ਦੇ ਦਲਿਤ ਤੇ ਪੱਛੜੇ ਵਰਗਾਂ ਦੀ ਭਲਾਈ ਪ੍ਰਤੀ ਵਚਨਬੱਧ ਹੈ ਜਦਕਿ ਵਪਾਰੀ ਬਿਰਤੀ ਦੀਆਂ ਮਾਲਕ ਅਕਾਲੀ ਦਲ, ਭਾਜਪਾ ਅਤੇ ਆਮ ਆਦਮੀ ਪਾਰਟੀ ਵਰਗੀਆਂ ਸਿਆਸੀ ਜਮਾਤਾਂ ਲਈ ਰਾਜਨੀਤੀ ਸੇਵਾ ਨਹੀਂ ਸਗੋਂ ਇੱਕ ਮੁਨਾਫ਼ੇਖੋਰ ਧੰਦਾ ਹੈ।

ਕਾਂਗਰਸੀ ਆਗੂ ਨੇ ਕਿਹਾ ਕਿ ਸਿਰਫ ਕਾਂਗਰਸ ਪਾਰਟੀ ਹੀ ਸੱਚੇ ਅਰਥਾਂ ਵਿੱਚ ਧਰਮ ਨਿਰਪੱਖ, ਜਮਹੂਰੀਅਤ ਅਤੇ ਸਰਬੱਤ ਦੇ ਭਲੇ ਵਿੱਚ ਵਿਸ਼ਵਾਸ਼ ਰੱਖਣ ਵਾਲੀ ਜਨਤਕ ਅਧਾਰ ਵਾਲੀ ਪਾਰਟੀ ਹੈ ਅਤੇ ਇਸਦੇ ਮੁਕਾਬਲੇ ਚੋਣਾਂ ਲੜਨ ਵਾਲੀਆਂ ਪ੍ਰਮੁੱਖ ਪਾਰਟੀਆਂ ਸਮਾਜ ਦੇ ਵੱਖ-ਵੱਖ ਵਰਗਾਂ ਵਿੱਚ ਨਫ਼ਰਤ ਫੈਲਾਅ ਕੇ ਆਪਣੇ ਸੌੜੇ ਰਾਜਸੀ ਹਿੱਤਾਂ ਦੀ ਪੂਰਤੀ ਕਰਨਾ ਚਾਹੁੰਦੀਆਂ ਹਨ। ਉਨ੍ਹਾਂ ਕਿਹਾ ਕਿ ਅਕਾਲੀਆਂ ਨੇ ਆਪਣੇ 10 ਸਾਲਾਂ ਦੇ ਰਾਜ ਦੌਰਾਨ ਮਾਫੀਆ ਰਾਜ ਰਾਹੀਂ ਟਰਾਂਸਪੋਰਟ ਅਤੇ ਕੇਬਲ ਟੀਵੀ ਸਮੇਤ ਹਰ ਕਾਰੋਬਾਰ ਉੱਤੇ ਆਪਣਾ ਕਬਜ਼ਾ ਕਰਕੇ ਹਜ਼ਾਰਾਂ ਪਰਿਵਾਰਾਂ ਤੋਂ ਰੁਜ਼ਗਾਰ ਖੋਹ ਲਿਆ ਸੀ। ਸ੍ਰੀ ਬਾਜਵਾ ਨੇ ਕਿਹਾ ਕਿ ਭਾਜਪਾ ਦੀ ਤਾਂ ਸੋਚ ਹੀ ਇਹ ਹੈ ਕਿ ਘੱਟ ਗਿਣਤੀਆਂ ਵਿਰੁੱਧ ਕਿਸੇ ਨਾ ਕਿਸੇ ਬਹਾਨੇ ਨਫ਼ਰਤ ਫੈਲਾਅ ਕੇ ਬਹੁ-ਗਿਣਤੀ ਦੀਆਂ ਵੋਟਾਂ ਹਾਸਲ ਕਰਕੇ ਸਤਾ ਉੱਤੇ ਕਾਬਜ਼ ਹੋਇਆ ਜਾਵੇ।

ਆਮ ਆਦਮੀ ਪਾਰਟੀ ਵੱਲੋਂ ਪ੍ਰਚਾਰ ਜਾ ਰਹੇ ਬਦਲਾਅ ਉੱਤੇ ਟਕੋਰ ਕਰਦਿਆਂ ਸ੍ਰੀ ਬਾਜਵਾ ਨੇ ਕਿਹਾ ਕਿ ਸਭ ਤੋਂ ਵੱਡਾ ਬਦਲਾਅ ਤਾਂ ਕਾਂਗਰਸ ਪਾਰਟੀ ਨੇ ਇੱਕ ਰਾਜੇ ਦੀ ਥਾਂ ਗਰੀਬ ਤੇ ਦਲਿਤ ਪਰਿਵਾਰ ਵਿਚ ਜਨਮੇਂ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਾ ਕੇ ਲਿਆਂਦਾ ਹੈ। ਉਨ੍ਹਾਂ ਕਿਹਾ ਕਿ ਸੂਬੇ ਦੇ ਲੋਕਾਂ ਨੂੰ ਸੋਚਣਾ ਚਾਹੀਦਾ ਹੈ ਕਿ ਕੇਜਰੀਵਾਲ ਪੜ੍ਹੇ ਲਿਖੇ ਅਤੇ ਸੁਲਝੇ ਹੋਏ ਸਿਆਸੀ ਆਗੂ ਚਰਨਜੀਤ ਸਿੰਘ ਚੰਨੀ ਦੀ ਥਾਂ ਇੱਕ ਅਨਪੜ੍ਹ ਅਤੇ ਅਨਾੜੀ ਭਗਵੰਤ ਮਾਨ ਨੂੰ ਮੁੱਖ ਮੰਤਰੀ ਬਣਾ ਕੇ ਕਿਹੋ ਜਿਹਾ ਬਦਲਾਅ ਲਿਆਉਣਾ ਚਾਹੁੰਦਾ ਹੈ।

ਸ੍ਰੀ ਬਾਜਵਾ ਨੇ ਕਿਹਾ ਕਿ ਹੁਣ ਚਿੱਟੇ ਦਿਨ ਵਾਂਗ ਸਪੱਸ਼ਟ ਹੋ ਗਿਆ ਹੈ ਕਿ ਪੰਜਾਬ ਵਿੱਚ ਮੁੜ ਤੋਂ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਿੱਚ ਕਾਂਗਰਸ ਸਰਕਾਰ ਬਣੇਗੀ ਜਿਹੜੀ ਪੰਜਾਬ ਨੂੰ ਅਗਲੇ ਪੰਜ ਸਾਲਾਂ ਵਿੱਚ ਕਰਜ਼ਾ ਮੁਕਤ, ਨਸ਼ਾ ਮੁਕਤ, ਬੇਰੁਜ਼ਗਾਰੀ ਅਤੇ ਮਾਫੀਆ ਮੁਕਤ ਸੂਬਾ ਬਣਾਵੇਗੀ।

Please follow and like us:

Similar Posts