ਬਹਿਬਲ ਕਲਾਂ : ਸਾਲ 2015 ਦੌਰਾਨ ਵਾਪਰੇ ਬੇਅਦਬੀ ਕਾਂਡ ਨੂੰ ਅੱਜ ਭਾਵੇਂ ਲੰਬਾ ਸਮਾਂ ਬੀਤ ਗਿਆ ਹੈ ਪਰ ਇਸ ਦੇ ਬਾਵਜੂਦ ਵੀ ਲਗਾਤਾਰ ਇਨਸਾਫ ਨਹੀਂ ਮਿਲ ਸਕਿਆ। ਜਿਸ ਸਮੇਂ ਬੇਅਦਬੀ ਕਾਂਡ ਅਤੇ ਬਹਿਬਲ ਕਲਾਂ ਗੋਲੀ ਕਾਂਡ ਵਾਪਰਿਆ ਉਸ ਸਮੇਂ ਸੂਬੇ ਅੰਦਰ ਅਕਾਲੀ ਭਾਜਪਾ ਗੱਠਜੋੜ ਦੀ ਸਰਕਾਰ ਸੀ ਅਤੇ ਇਸ ਦੌਰਾਨ ਸਾਲ 2017 ਦੀਆਂ ਵਿਧਾਨ ਸਭਾ ਚੋਣਾਂ ‘ਚ ਸਰਕਾਰ ਬਦਲੀ ਅਤੇ ਸੱਤਾ ਦਾ ਤਾਜ ਕਾਂਗਰਸ ਪਾਰਟੀ ਦੇ ਸਿਰ ‘ਤੇ ਸਜਿਆ ਪਰ ਹੁਣ ਇਸ ਸਰਕਾਰ ਦਾ ਵੀ ਕਾਰਜਕਾਲ ਸਮਾਪਤ ਹੋ ਚੁੱਕਿਆ ਹੈ। ਬੇਅਦਬੀ ਕਾਂਡ ਅਤੇ ਬਹਿਬਲ ਕਲਾਂ ਗੋਲੀਕਾਂਡ ਦਾ ਮਸਲਾ ਅਜੇ ਵੀ ਜਿਉਂ ਦਾ ਤਿਉਂ ਹੀ ਹੈ । ਇਨਸਾਫ਼ ਦੇ ਨਾਮ ‘ਤੇ ਅੱਜ ਵੀ ਇਸ ਮਸਲੇ ‘ਤੇ ਇੱਕੋ ਹੀ ਗੱਲ ਸੁਣਨ ਨੂੰ ਮਿਲਦੀ ਹੈ ਕਿ ਜਾਂਚ ਜਾਰੀ ਹੈ । ਜਿਸ ਤਹਿਤ ਬਹਿਬਲ ਕਲਾਂ ਮੋਰਚੇ ਦੇ 35 ਵੇਂ ਦਿਨ ਅੱਜ ਪੰਥਕ ਇਕੱਠ ਬੁਲਾਇਆ ਗਿਆ । ਇਸ ਇਕੱਤਰਤਾ ਦੌਰਾਨ ਬਲਜੀਤ ਸਿੰਘ ਦਾਦੂਵਾਲ ਸਮੇਤ ਵੱਖ ਵੱਖ ਬੁਲਾਰਿਆਂ ਵੱਲੋਂ ਪੰਥਕ ਏਕਤਾ ‘ਤੇ ਜ਼ੋਰ ਦਿੱਤਾ ਗਿਆ।

ਇਸ ਮੌਕੇ ਬੋਲਦਿਆਂ ਸੁਖਰਾਜ ਸਿੰਘ ਨਿਆਮੀਵਾਲਾ ਨੇ ਕਿਹਾ ਕਿ ਜਿਹੜੇ ਵੀ ਉਮੀਦਵਾਰ ਅੱਜ ਵੋਟਾਂ ਮੰਗਣ ਆ ਰਹੇ ਹਨ ਉਨ੍ਹਾਂ ਨੂੰ ਇੱਕ ਸਵਾਲ ਜ਼ਰੂਰ ਕੀਤਾ ਜਾਵੇ ਕਿ ਅੱਜ ਇੰਨਾ ਲੰਬਾ ਸਮਾਂ ਬੀਤ ਜਾਣ ਦੇ ਬਾਵਜੂਦ ਵੀ ਬੇਅਦਬੀ ਮਸਲੇ ਦਾ ਇਨਸਾਫ਼ ਕਿਉਂ ਨਹੀਂ ਮਿਲ ਸਕਿਆ।


ਇਸ ਪੰਥਕ ਇਕੱਠ ਦੌਰਾਨ ਜਿੱਥੇ ਸਿੱਖ ਜਥੇਬੰਦੀਆਂ ਦੇ ਨੁਮਾਇੰਦੇ ਵਿਸ਼ੇਸ਼ ਤੌਰ ਤੇ ਪੁੱਜੇ ਤਾਂ ਉੱਥੇ ਹੀ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਤਾਰ ਸਿੰਘ ਸੰਧਵਾ ਵੀ ਵਿਸ਼ੇਸ਼ ਤੌਰ ਤੇ ਪਹੁੰਚੇ । ਸੰਧਵਾਂ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਉਹ ਇਸ ਪੰਥਕ ਇਕੱਠ ਦੌਰਾਨ ਬਤੌਰ ਸਿੱਖ ਹਾਜਰ ਹੋਏ ਹਨ। ਇਸ ਮੌਕੇ ਉਨ੍ਹਾਂ ਕਿਹਾ ਕਿ ਮੇਰੇ ਵੱਲੋਂ ਕੈਪਟਨ ਅਮਰਿੰਦਰ ਸਿੰਘ ਕੋਲ ਵੀ ਵਿਧਾਨ ਸਭਾ ਅੰਦਰ ਕਈ ਵਾਰ ਇਨਸਾਫ ਦਾ ਮੁੱਦਾ ਉਠਾਇਆ ਗਿਆ ਸੀ।
ਉੱਧਰ ਜੇਕਰ ਗੱਲ ਬਲਜੀਤ ਸਿੰਘ ਦਾਦੂਵਾਲ ਦੀ ਕਰੀਏ ਤਾਂ ਉਨ੍ਹਾਂ ਨੇ ਇਸ ਮਸਲੇ ਤੇ ਸਿਆਸੀ ਪਾਰਟੀਆਂ ਨੂੰ ਖ਼ੂਬ ਆੜੇ ਹੱਥੀਂ ਲਿਆ।

ਇਸ ਮੌਕੇ ਬੋਲਦਿਆਂ ਦਾਦੂਵਾਲ ਨੇ ਬਰਗਾੜੀ ਇਨਸਾਫ ਮੋਰਚੇ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਛੇ ਮਹੀਨੇ ਤੱਕ ਲਗਾਤਾਰ ਉਹ ਇਨਸਾਫ ਮੋਰਚਾ ਬਾਦਸਤੂਰ ਜਾਰੀ ਰਿਹਾ । ਦਾਦੂਵਾਲ ਨੇ ਕਿਹਾ ਕਿ ਜੋ ਮੰਗਾ ਸਿੱਖ ਪੰਥ ਵੱਲੋਂ ਮੰਗੀਆਂ ਗਈਆਂ ਸਨ ਭਾਵੇਂ ਉਹ ਬੰਦੀ ਸਿੰਘਾਂ ਦੀ ਰਿਹਾਈ ਦੀ ਹੋਵੇ, ਭਾਵੇਂ ਬਹਿਬਲ ਕਲਾਂ ਮੋਰਚੇ ਦੀ ਹੋਵੇ ਭਾਵੇਂ ਗੋਲੀ ਕਾਂਡ ਦੇ ਇਨਸਾਫ ਦੀ ਹੋਵੇ ਅੱਜ ਵੀ ਸਾਰੀਆਂ ਮੰਗਾ ਤਿਵੇਂ ਦੀਆਂ ਤਿਵੇਂ ਹੀ ਖੜ੍ਹੀਆਂ ਹਨ ।

Please follow and like us:

Similar Posts