ਅੰਮ੍ਰਿਤਸਰ, 2 ਫਰਵਰੀ : ਸਾਬਕਾ ਮੰਤਰੀ ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਅੱਜ ਕਿਹਾ ਕਿ ਅੰਮ੍ਰਿਤਸਰ ਪੂਰਬੀ ਹਲਕੇ ਦੀ ਜੰਗ ਹਲਕੇ ਵਿਚ ਵਿਕਾਸ ਕਾਰਜ ਮੁੜ ਤੋਂ ਸ਼ੁਰੂ ਕਰਨ ਦੀ ਜੰਗ ਹੈ ਜੋ ਕਿ ਪ੍ਰਦੇਸ਼ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਦੀ ਲੀਡਰਸ਼ਿਪ ਵਿਚ ਪਿਛਲੇ 18 ਸਾਲਾਂ ਤੋਂ ਰੁਕੇ ਹੋਏ ਹਨ।
ਅਕਾਲੀ ਦਲ ਦੇ ਸੀਨੀਅਰ ਆਗੂ ਨੁੰ ਹਲਕੇ ਵਿਚ ਪ੍ਰਚਾਰ ਮੁਹਿੰਮ ਦੌਰਾਨ ਲਾਮਿਸਾਲ ਹੁੰਗਾਰਾ ਮਿਲਿਆ ਹੈ। ਉਹਨਾਂ ਨੇ ਵਾਰਡ ਨੰਬਰ 27, 28, 29 ਤੇ 30 ਦੇ ਨਾਲ ਮਾਲ ਮੰਡੀ ਤੇ ਜਹਾਜ਼ ਮੰਡੀ ਵਿਚ ਵਿਸ਼ਾਲ ਪ੍ਰੋਗਰਾਮਾਂ ਨੁੰ ਸੰਬੋਧਨ ਕੀਤਾ। ਉਹਨਾਂ ਕਿਹਾ ਕਿ ਨਵਜੋਤ ਸਿੱਧੂ ਨੇ ਥੋਥੇ ਵਾਅਦਿਆਂ ਨਾਲ ਅੰਮ੍ਰਿਤਸਰ ਪੂਰਬੀ ਹਲਕੇ ਦੇ ਲੋਕਾਂ ਨੂੰ ਧੋਖਾ ਦਿੱਤਾ ਹੈ। ਉਹਨਾਂ ਕਿਹਾ ਕਿ ਹਰ ਵਾਰ ਜਦੋਂ ਵੀ ਚੋਣਾਂ ਨੇੜੇ ਹੁੰਦੀਆਂ ਹਨ ਤਾਂ ਉਹ ਨਵੇਂ ਮਾਡਲਾਂ ਦੀ ਗੱਲ ਕਰਨ ਲੱਗ ਜਾਂਦਾ ਹੈ। ਉਹ ਅਚਨਚੇਤ ਖੇਡ ਸਟੇਡੀਅਮਾਂ ਤੇ ਪੁੱਲਾਂ ਦੇ ਨਿਰਮਾਣ ਦੀ ਗੱਲ ਕਰਨ ਲੱਗ ਜਾਂਦਾ ਹੈ ਪਰ ਜਦੋਂ ਚੋਣਾਂ ਹੋ ਜਾਂਦੀਆਂ ਹਨ ਤਾਂ ਉਹ ਲੋਕਾਂ ਨੁੰ ਉਹਨਾਂ ਦੇ ਹਾਲ ’ਤੇ ਛੱਡ ਦਿੰਦਾ ਹੈ। ਇਹੀ ਕਾਰਨ ਹੈ ਕਿ ਅੰਮ੍ਰਿਤਸਰ ਪੂਰਬੀ ਵਿਚ ਪੀਣ ਵਾਲੇ ਪਾਣੀ ਤੇ ਆਧੁਨਿਕ ਸੀਵਰੇਜ ਸਿਸਟਮ ਸਮੇਤ ਬੁਨਿਆਦੀ ਸਹੂਲਤਾਂ ਦੀ ਘਾਟ ਹੈ।
ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਉਹ ਹਲਕੇ ਪ੍ਰਤੀ ਵਚਨਬੱਧ ਹਨ ਭਾਵੇਂ ਚੋਣਾਂ ਦਾ ਨਤੀਜਾ ਕੁਝ ਵੀ ਹੋਵੇ। ਉਹਨਾਂ ਕਿਹਾ ਕਿ ਕਾਂਗਰਸੀਆਂ ਸਮੇਤ ਹਲਕੇ ਦੇ ਲੋਕਾਂ ਨੇ ਮੈਨੁੰ ਭਰੋਸਾ ਦੁਆਇਆ ਹੈ ਕਿ ਉਹ ਮੇਰੀ ਹਮਾਇਤ ਕਰਨਗੇ ਪਰ ਉਹ ਜਾਨਣਾ ਚਾਹੁੰਦੇਸਨ ਕਿ ਚੋਣਾਂ ਮਗਰੋਂ ਮੈਂ ਹਲਕਾ ਛੱਡ ਕੇ ਕਿਤੇ ਮੁੜ ਆਪਣੇ ਜੱਦੀ ਹਲਕੇ ਮਜੀਠਾ ਤਾਂ ਨਹੀਂ ਪਰਤ ਜਾਵਾਂਗਾ। ਉਹਨਾਂ ਕਿਹਾ ਕਿ ਮੈਂ ਲੋਕਾਂ ਦੀਆਂ ਭਾਵਨਾਵਾਂ ਦੀ ਕਦਰ ਕਰਦਾ ਹਾਂ ਤੇ ਤੁਹਾਡਾ ਪਿਆਰ ਤੇ ਹਮਾਇਤ ਲੈਣ ਲਈ ਤੁਹਾਡੇ ਦਰ ’ਤੇ ਆਇਆ ਹਾਂ।
ਮਜੀਠੀਆ ਨੇ ਜ਼ੋਰ ਦੇ ਕੇ ਕਿਹਾ ਕਿ ਉਹ ਹਮੇਸ਼ਾ ਉਹਨਾਂ ਦੇ ਨਾਲ ਰਹਿਣਗੇ। ਉਹਨਾਂ ਕਿਹਾ ਕਿ ਤੁਸੀਂ ਮਜੀਠਾ ਦੇ ਲੋਕਾਂ ਤੋਂ ਮੇਰਾ ਟਰੈਕ ਰਿਕਾਰਡ ਪੁੱਛ ਸਕਦੇ ਹੋ। ਉਹਨਾਂ ਕਿਹਾ ਕਿ ਮੈਂ ਹਮੇਸ਼ਾ ਉਹਨਾਂ ਲਈ ਉਥੇ ਰਿਹਾ। ਮੈਂ ਹਲਕੇ ਨੁੰ ਨਮੂਨੇ ਦਾ ਹਲਕਾ ਬਣਾਇਆ। ਪਰ ਅੰਮ੍ਰਿਤਸਰ ਪੂਰਬੀ ਦੇ ਲੋਕਾਂ ਨਾਲ ਮਤਰੇਈ ਮਾਂ ਵਾਲਾ ਸਲੂਕ ਹੋਇਆ ਹੈ। ਉਹਨਾਂ ਕਿਹਾ ਕਿ ਹਲਕੇ ਦੇ ਕਿਸੇ ਬੰਦੇ ਦਾ ਨਾਂ ਜਾਨਣਾ ਤਾਂ ਛੱਡੋ ਸਿੱਧੂ ਤਾਂ ਕਾਂਗਰਸ ਪਾਰਟੀ ਦੇ 18 ਕੌਂਸਲਰਾਂ ਦੇ ਨਾਂ ਵੀ ਨਹੀਂ ਜਾਣਦਾ।
ਮਜੀਠੀਆ ਨੇ ਕਿਹਾ ਕਿ ਉਹ ਦਿਨ ਦੂਰ ਨਹੀਂ ਜਦੋਂ ਨਵਜੋਤ ਸਿੱਧੂ ਫਿਰ ਤੋਂ ਰਾਹੁਲ ਗਾਂਧੀ ਨੁੰ ਕੋਸਣ ਲੱਗ ਪਵੇਗਾ। ਉਹਨਾਂ ਕਿਹਾ ਕਿ ਜੇਕਰ ਕਾਂਗਰਸ ਹਾਈ ਕਮਾਂਡ ਨੇ ਸਿੱਧੂ ਨੁੰ ਮੁੱਖ ਮੰਤਰੀ ਦੇ ਅਹੁਦੇ ਲਈ ਚੇਹਰਾ ਨਾ ਐਲਾਨਿਆ ਤਾਂ ਉਹ ਰਾਹੁਲ ਗਾਂਧੀ ਨੁੰ ਮੁੜ ਤੋਂ ਪੱਪੂ ਕਹਿਣ ਲੱਗ ਪਵੇਗਾ। ਉਹ ਕਾਂਗਰਸ ਪਾਰਟੀ ਨੁੰ ਵੀ ਮੁੜ ਕੇ ‘ਮੁੰਨੀ’ ਕਹਿਣ ਲੱਗ ਪਵੇਗਾ। ਇਹੀ ਉਸਦਾ ਅਸਲ ਕਿਰਦਾਰ ਹੈ ਜੋ ਉਸਨੇ ਹਰੇਕ ਦਾ ਅਪਮਾਨ ਕਰ ਕੇ ਅੰਮ੍ਰਿਤਸਰ ਪੂਰਬੀ ਵਿਚ ਵਿਖਾਇਆ ਹੈ। ਉਹਨਾਂ ਕਿਹਾ ਕਿ ਸਮਾਂ ਆ ਗਿਆ ਹੈ ਕਿ ਲੋਕ ਉਸਨੁੰ ਸਿਖਾ ਦੇਣ ਕਿ ਹਲਕੇ ਦੇ ਲੋਕਾਂ ਦੀ ਇੱਜ਼ਤ ਕਿਵੇਂ ਕਰਦੇ ਹਨ ਤੇ ਇਸ ਕੰਮ ਵਿਚ ਮੈਂ ਲੋਕਾਂ ਦੀ ਸਹਾਇਤਾ ਕਰਾਂਗਾ।
ਅਕਾਲੀ ਆਗੂ ਨੇ ਲੋਕਾਂ ਨੁੰ ਇਹ ਵੀ ਭਰੋਸਾ ਦੁਆਇਆ ਕਿ ਕਾਂਗਰਸ ਰਾਜਕਾਲ ਵੇਲੇ ਕੀਤੀਆਂ ਗਲਤੀਆਂ ਨੁੰ ਦਰੁੱਸਤ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਕਾਂਗਰਸ ਰਾਜਕਾਲ ਵਿਚ ਜਿਹੜੇ ਨੀਲੇ ਕਾਰਡ ਰੱਦ ਕੀਤੇ ਗਏ, ਉਹ ਬਹਾਲ ਕੀਤੇ ਜਾਣਗੇ। ਅਸੀਂ ਸਾਰੀਆਂ ਕੱਟੀਆਂ ਬੁਢਾਪਾ ਪੈਨਸ਼ਨਾਂ ਵੀ ਬਹਾਲ ਕਰਾਂਗੇ ਤੇ ਯਕੀਨੀ ਬਣਾਵਾਂਗੇ ਕਿ ਲੋਕਾਂ ਨੁੰ ਸ਼ਗਨ ਸਕੀਮ ਦੇ ਲਾਭ ਸਮੇਤ ਸਾਰੀਆਂ ਸਮਾਜ ਭਲਾਈ ਸਕੀਮਾਂ ਦਾ ਲਾਭ ਮਿਲੇ ਤੇ ਐਸ ਸੀ ਸਕਾਲਰਸ਼ਿਪ ਵੀ ਸਮੇਂ ਸਿਰ ਮਿਲੇ। ਉਹਨਾਂ ਕਿਹਾ ਕਿ ਕਮਜ਼ੋਰ ਵਰਗਾਂ ਦੀਆਂ ਪਰਿਵਾਰ ਦੀ ਅਗਵਾਈ ਕਰ ਰਹੀਆਂ ਮਹਿਲਾਵਾਂ ਨੁੰ 2 ਹਜ਼ਾਰ ਰੁਪਏ ਦੀ ਸਹਾਇਤਾ ਸਮੇਤ ਨਵੀਂਆਂ ਸਮਾਜ ਭਲਾਈ ਸਕੀਮਾਂ ਵੀ ਜਲਦ ਸ਼ੁਰੂ ਕੀਤੀਆਂ ਜਾਣਗੀਆਂ।
ਇਸ ਦੌਰਾਨ ਮਾਲ ਮੰਡੀ ਪ੍ਰੋਗਰਾਮ ਵਿਚ ਜ਼ਿਲ੍ਹਾ ਕਾਂਗਰਸ ਸੇਵਾ ਦਲ ਦੇ ਜਨਰਲ ਸਕੱਤਰ ਸਾਹਿਲ ਦੀਵਾਨ ਆਪਣੇ ਸਾਥੀਆਂ ਸਮੇਤ ਅਕਾਲੀ ਦਲ ਵਿਚ ਸ਼ਾਮਲ ਹੋ ਗਏ। ਇਸ ਮੌਕੇ ਭਾਜਪਾ ਦੇ ਕਈ ਆਗੂ ਵੀ ਪਾਰਟੀ ਵਿਚ ਸ਼ਾਮਲ ਹੋਏ। ਇਹਨਾਂ ਕਾਂਗਰਸੀ ਤੇ ਭਾਜਪਾ ਆਗੂਆਂ ਵਿਚ ਦਵਿੰਦਰ ਸਿੰਘ, ਵਿਸ਼ਾਲ ਠਾਕੁਰ, ਅਵਤਾਰ ਸਿੰਘ, ਕਨੱਈਆ ਰਾਏ, ਸਿਮਰ ਵਾਲੀਆ, ਗੌਰਵ ਦੀਵਾਨ, ਰੋਹਿਤ, ਸਨੀ, ਗੁਰਪ੍ਰੀਤ, ਪ੍ਰਿੰਸ ਬੱਬਰ, ਕਰਨਵੀਰ, ਕੁਲਵਿੰਦਰ ਸਿੰਘ, ਜਗਸੀਰ ਸਿੰਘ ਭੁੱਲਰ, ਰਾਕੇਸ਼ ਕੁਮਾਰ, ਭਾਊ ਸੁਰੇਸ਼ ਜੀ, ਮਸਤ ਰਾਮ, ਸਤਨਾਮ ਸਿੰਘ, ਕਸ਼ਮੀਰ ਸਿੰਘ, ਭਾਊ ਰਾਜਿੰਦਰ ਜੀ, ਗੁਰਪ੍ਰੀਤ ਸਿੰਘ, ਬੇਅੰਤ ਸਿੰਘ, ਲਾਲੀ ਤੇ ਵੀਰ ਸਿੰਘ ਸ਼ਾਮਲ ਹਨ।
ਮਜੀਠੀਆ ਦੇ ਨਾਲ ਸੀਨੀਅਰ ਆਗੂ ਗੁਰਪ੍ਰਤਾਪ ਸਿੰਘ ਟਿੱਕਾ ਤੇ ਗੁਰਪ੍ਰੀਤ ਸਿੰਘ ਰੰਧਾਵਾ ਵੀ ਸਨ।