
ਫਰੀਦਕੋਟ: ਪੰਜਾਬ ਯੂਥ ਕਾਂਗਰਸ ਵੱਲੋਂ ਅੱਜ ਸੂਬੇ ਭਰ ਵਿੱਚ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਤੇਲ ਦੀਆਂ ਕੀਮਤਾਂ ਵਿੱਚ ਵਾਧਾ ਕਰਨ ਦੇ ਰੋਸ ਵਜੋਂ ਪੁਤਲੇ ਫੂਕ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ । ਫਰੀਦਕੋਟ ਵਿਖੇ ਯੂਥ ਕਾਂਗਰਸ ਵੱਲੋਂ ਭਾਈ ਘਨੱਈਆ ਚੌਂਕ ਵਿੱਚ ਨਰਿੰਦਰ ਮੋਦੀ ਦਾ ਪੁਤਲਾ ਫੂਕਿਆ ਗਿਆ ਅਤੇ ਕੇਂਦਰ ਦੀ ਮੋਦੀ ਸਰਕਾਰ ਖਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। ਫਰੀਦਕੋਟ ਅਤੇ ਬੱਤੀਆਂ ਵਾਲੇ ਚੌਕ ਕੋਟਕਪੂਰਾ ਵਿੱਚ ਪੰਜਾਬ ਯੂਥ ਕਾਂਗਰਸ ਦੇ ਸਕੱਤਰ ਤੇ ਮੁੱਖ ਬੁਲਾਰੇ ਬਲਕਰਨ ਸਿੰਘ ਨੰਗਲ, ਪਰਮਿੰਦਰ ਸਿੰਘ ਡਿੰਪਲ ਇੰਚਾਰਜ ਯੂਥ ਕਾਂਗਰਸ ਫਰੀਦਕੋਟ ਅਤੇ ਯੂਥ ਕਾਂਗਰਸ ਹਲਕਾ ਫਰੀਦਕੋਟ ਦੇ ਪ੍ਰਧਾਨ ਸੁਖਚੈਨ ਸਿੰਘ ਚੈਨਾ ਜਦਕਿ ਬੱਤੀਆਂ ਵਾਲਾ ਚੌਕ ਕੋਟਕਪੂਰਾ ਵਿਖੇ ਯੂਥ ਕਾਂਗਰਸ ਬਲਾਕ ਪ੍ਰਧਾਨ ਕੋਟਕਪੂਰਾ ਜਸਪ੍ਰੀਤ ਸਿੰਘ ਜੱਸਾ ਘੁਮਿਆਰਾ ਦੀ ਅਗਵਾਈ ਵਿੱਚ ਕੇਂਦਰ ਦੀ ਮੋਦੀ ਸਰਕਾਰ ਖਿਲਾਫ਼ ਤੇਲ ਦੀਆਂ ਵਧੀਆਂ ਕੀਮਤਾਂ ਦੇ ਸਬੰਧ ਵਿੱਚ ਰੋਸ ਪ੍ਦਰਸ਼ਨ ਕਰਦਿਆਂ ਜੰਮ ਕੇ ਨਾਅਰੇਬਾਜ਼ੀ ਕਰਨ ਉਪਰੰਤ ਆਪਣੇ ਸੰਬੋਧਨ ਦੌਰਾਨ ਪੰਜਾਬ ਪ੍ਦੇਸ਼ ਕਾਂਗਰਸ ਕਮੇਟੀ ਦੇ ਜ਼ਿਲ੍ਹਾ ਇਕਾਈ ਫਰੀਦਕੋਟ ਦੇ ਪ੍ਰਧਾਨ ਅਜੈਪਾਲ ਸਿੰਘ ਸੰਧੂ ਸਮੇਤ ਹੋਰ ਬੁਲਾਰਿਆਂ ਨੇ ਦੋਸ਼ ਲਾਇਆ ਕਿ ਸਾਡੇ ਦੇਸ਼ ਤੋਂ ਪੈਟਰੋਲ, ਡੀਜ਼ਲ ਆਦਿ ਖਰੀਦਣ ਵਾਲੇ ਗੁਆਂਢੀ ਮੁਲਕ ਤਾਂ ਸਾਡੇ ਤੋਂ ਘੱਟ ਕੀਮਤਾਂ ‘ਤੇ ਤੇਲ ਵੇਚ ਰਹੇ ਹਨ ਪਰ ਵਿਸ਼ਵ ਗੁਰੂ ਬਨਣ ਦੀਆਂ ਟਾਹਰਾਂ ਮਾਰਨ ਵਾਲੇ ਵਾਰ ਵਾਰ ਤੇਲ ਦੀਆਂ ਕੀਮਤਾਂ ਵਿੱਚ ਵਾਧਾ ਕਰਕੇ ਲੋਕਾਂ ਦਾ ਕਚੂੰਮਰ ਕੱਢ ਰਹੇ ਹਨ।