ਹਾਈ ਕੋਰਟ ਵੱਲੋਂ ਜ਼ਮਾਨਤ ਮਿਲਣ ਤੇ ਸ਼ਾਮਲ ਤਫਤੀਸ਼ ਹੋਣ ਗਏ ਨੌਜਵਾਨ ਤੇ ਸਪੈਸ਼ਲ ਸੈੱਲ ਦੀ ਪੁਲਸ ਵੱਲੋਂ ਕੀਤਾ ਗਿਆ ਤਸ਼ੱਦਦ!
ਸ਼ਾਇਦ ਫ਼ਾਜ਼ਿਲਕਾ ਦੇ ਇਤਿਹਾਸ ਵਿੱਚ ਪਹਿਲੀ ਵਾਰ ਹੋਵੇ ਕਿ ਮਾਣਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਚੰਡੀਗਡ਼੍ਹ ਤੋਂ ਜ਼ਮਾਨਤ ਮਿਲਣ ਦੇ ਬਾਅਦ ਸ਼ਾਮਲ ਤਫਤੀਸ਼ ਹੋਣ ਗਏ ਕਿਸੇ ਵਿਅਕਤੀ ‘ਤੇ ਹਾਈ ਕੋਰਟ ਦੇ ਹੁਕਮਾਂ ਦੀ ਪ੍ਰਵਾਹ ਕੀਤੇ ਬਿਨਾਂ ਤਸ਼ੱਦਦ ਢਾਹਿਆ ਗਿਆ ਹੋਵੇ। ਅਜਿਹਾ ਹੀ ਇਕ ਮਾਮਲਾ ਜਲਾਲਾਬਾਦ ਦੇ ਰਹਿਣ ਵਾਲੇ ਨੌਜਵਾਨ ਵੀਰ ਪ੍ਰਤਾਪ ਸਿੰਘ ਦਾ ਫ਼ਾਜ਼ਿਲਕਾ ਦੇ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ ਦੀ ਪੁਲਸ ਵੱਲੋਂ ਢਾਹੇ ਗਏ ਅੰਨ੍ਹੇ ਤਸ਼ੱਦਦ ਦਾ ਸਾਹਮਣੇ ਆਇਆ ਹੈ।
ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫਰੀਦਕੋਟ ਤੋਂ ਇਲਾਜ ਕਰਵਾ ਚੁੱਕੇ ਵੀਰ ਪ੍ਰਤਾਪ ਸਿੰਘ ਨੇ ਦੱਸਿਆ ਕਿ ਉਹ ਐੱਨਡੀਪੀਐੱਸ ਦੇ ਇਕ ਮਾਮਲੇ ਵਿੱਚ ਨਾਮਜ਼ਦ ਕੀਤੇ ਗਏ ਸਨ। ਇਸ ਸਬੰਧੀ ਉਸ ਨੇ ਮਾਣਯੋਗ ਪੰਜਾਬ ਐਂਡ ਹਰਿਆਣਾ ਹਾਈਕੋਰਟ ਤੋਂ ਆਪਣੀ ਅਗਾਊਂ ਜ਼ਮਾਨਤ ਲੈ ਲਈ ਸੀ। ਕੋਰਟ ਦੇ ਹੁਕਮਾਂ ਮੁਤਾਬਕ ਉਹ ਬੀਤੀ 29 ਜੂਨ ਨੂੰ ਸਪੈਸ਼ਲ ਸੈੱਲ ਥਾਣਾ ਫਾਜ਼ਿਲਕਾ ਵਿਖੇ ਸ਼ਾਮਲ ਤਫਤੀਸ਼ ਹੋਣ ਲਈ ਗਏ ਸਨ, ਓਥੇ ਥਾਣਾ ਮੁਖੀ ਨੇ ਆਪਣੇ ਚਾਰ ਪੰਜ ਮੁਲਾਜ਼ਮਾਂ ਨੂੰ ਨਾਲ ਲੈ ਕੇ ਇਕ ਕਮਰੇ ਵਿਚ ਉਸ ਨੂੰ ਬੰਦ ਕਰਕੇ ਅੰਨ੍ਹਾ ਤਸ਼ੱਦਦ ਕੀਤਾ। ਉਸ ਦੀਆਂ ਬਾਹਾਂ ਵਿੱਚ ਡੰਡਾ ਪਾ ਕੇ ਉਸ ਨੂੰ ਬੰਨ੍ਹਿਆ ਗਿਆ ਅਤੇ ਬਾਅਦ ਵਿੱਚ ਮਾਰ ਕੁਟਾਈ ਵੀ ਕੀਤੀ। ਉਸ ਨੇ ਇੱਥੋਂ ਤੱਕ ਕਿਹਾ ਕਿ ਉਸ ਨੂੰ ਕਰੰਟ ਲਾਉਣ ਦੀ ਵੀ ਕਈ ਵਾਰ ਕੋਸ਼ਿਸ਼ ਕੀਤੀ ਗਈ ।
ਜਲਾਲਾਬਾਦ ਹਸਪਤਾਲ ਚ ਦਾਖਲ ਹੋਣ ਤੋਂ ਉਸ ਨੂੰ ਮੈਡੀਕਲ ਕਾਲਜ ਫਰੀਦਕੋਟ ਵਿਖੇ ਰੈਫਰ ਕਰ ਦਿੱਤਾ ਗਿਆ। ਪੀੜਤ ਨੌਜਵਾਨ ਨੇ ਥਾਣੇ ਨਾਲ ਸਬੰਧਤ ਸੀਸੀਟੀਵੀ ਫੁਟੇਜ ਲੈਣ ਦੀ ਵੀ ਮੰਗ ਕੀਤੀ ਹੈ।
ਗਵਾਹ ਦੇ ਤੌਰ ਤੇ ਨਾਲ ਗਏ ਜਲਾਲਾਬਾਦ ਦੇ ਸਾਬਕਾ ਐਮ ਸੀ ਬਲਵਿੰਦਰ ਸਿੰਘ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਉਹ ਪਿਛਲੇ ਲੰਬੇ ਸਮੇਂ ਤੋਂ ਲੋਕਾਂ ਦੀਆਂ ਜ਼ਮਾਨਤਾਂ ਕਰਵਾਉਂਦੇ ਆਏ ਹਨ, ਪ੍ਰੰਤੂ ਇਹ ਪਹਿਲੀ ਵਾਰੀ ਵਾਪਰਿਆ ਹੈ ਕਿ ਜ਼ਮਾਨਤ ਹੋਣ ਦੇ ਬਾਵਜੂਦ ਇਸ ਨੌਜਵਾਨ ਨੂੰ ਬੁਰੀ ਤਰ੍ਹਾਂ ਕੁੱਟਿਆ ਗਿਆ ਹੈ।
ਪੀੜਤ ਨੌਜਵਾਨ ਦੇ ਤਾਇਆ ਬਰਜਿੰਦਰ ਸਿੰਘ ਨੇ ਪੰਜਾਬ ਦੇ ਮੁੱਖ ਮੰਤਰੀ ਤੋਂ ਮੰਗ ਕੀਤੀ ਕਿ ਜ਼ਮਾਨਤ ਮਿਲਣ ਦੇ ਬਾਵਜੂਦ ਅੰਨ੍ਹਾ ਤਸ਼ੱਦਦ ਕਰਨ ਵਾਲੇ ਪੁਲੀਸ ਅਧਿਕਾਰੀਆਂ ਅਤੇ ਮੁਲਾਜ਼ਮਾਂ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇ।
ਹਾਈ ਕੋਰਟ ਵੱਲੋਂ ਜ਼ਮਾਨਤ ਮਿਲਣ ਦੇ ਬਾਵਜੂਦ ਨੌਜਵਾਨ ਤੇ ਢਾਹਿਆ ਤਸ਼ੱਦਦ ਦਾ ਮਾਮਲਾ ਜੇਕਰ ਸੱਚਾ ਹੈ ਤਾਂ ਬਹੁਤੀ ਚਿੰਤਾਜਨਕ ਗੱਲ ਹੈ। ਪੁਲੀਸ ਵੱਲੋਂ ਕੀਤੀਆਂ ਜਾ ਰਹੀਆਂ ਮਨਮਾਨੀਆਂ ਅਤੇ ਆਪ ਹੁਦਰੀਆਂ ਤੋਂ ਪੰਜਾਬ ਅਤੇ ਦੇਸ਼ ਦੀਆਂ ਅਦਾਲਤਾਂ ਬਹੁਤ ਖਫ਼ਾ ਹਨ ਜਿਹੜਾ ਕਿ ਚਿੰਤਾ ਦਾ ਵਿਸ਼ਾ ਹੈ।
ਕਾਨੂੰਨ ਦੀ ਰਾਖੀ ਕਰਨ ਵਾਲੇ ਰਾਖਿਆਂ ਨੂੰ ਕਾਨੂੰਨ ਆਪਣੇ ਹੱਥ ਵਿੱਚ ਨਹੀਂ ਲੈਣਾ ਚਾਹੀਦਾ। ਪੁਲੀਸ ਵੱਲੋਂ ਤਸ਼ੱਦਦ ਦਾ ਸ਼ਿਕਾਰ ਨੌਜਵਾਨ ਨੂੰ ਹੁਣ ਇਨਸਾਫ਼ ਕਿਵੇਂ ਮਿਲਦਾ ਹੈ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ।

Please follow and like us:

Similar Posts