ਜਲੰਧਰ : ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਪੰਜਾਬ ਦੇ ਸ਼ਹਿਰਾਂ ਦੀ ਹਾਲਤ ਠੀਕ ਕਰਨ ਅਤੇ ਸੁੰਦਰ ਬਣਾਉਣ ਸਮੇਤ ਰਾਜ ਦੇ ਵਪਾਰ ਤੇ ਕਾਰੋਬਾਰ ਨੂੰ ਵਧਾਉਣ ਲਈ 10 ਏਜੰਡੇ ਪੇਸ਼ ਕੀਤੇ ਹਨ। ਏਜੰਡੇ ਪੇਸ਼ ਕਰਦਿਆਂ ਕੇਜਰੀਵਾਲ ਨੇ ਕਿਹਾ ਕਿ ਪਿਛਲੀ ਸਰਕਾਰਾਂ ਦੀ ਭ੍ਰਿਸ਼ਟ ਨੀਤੀਆਂ ਅਤੇ ਗੰਦੀ ਨੀਅਤ ਕਰਕੇ ਲੋਕਾਂ ਨੂੰ ਤਕਲੀਫ਼ ਹੋਈ ਹੈ। ਅਸਲ ਵਿੱਚ ਸਰਕਾਰ ਕੋਲ ਪੈਸੇ ਦੀ ਨਹੀਂ, ਨੀਅਤ ਦੀ ਕਮੀ ਹੈ। ਜੇ ਨੀਅਤ ਸਾਫ਼ ਹੋਵੇ ਤਾਂ ਹਰ ਕੰਮ ਸੰਭਵ ਹੈ। ਅਸੀਂ ਪੰਜਾਬ ਵਿੱਚ ਚੋਣਾ ਨਹੀ, ਲੋਕਾਂ ਦਾ ਦਿਲ ਜਿੱਤਣਾ ਹੈ। ਜਿਸ ਤਰਾਂ ਅਸੀਂ ਆਪਣੇ ਕੰਮਾਂ ਨਾਲ ਦਿੱਲੀ ਦੇ ਲੋਕਾਂ ਦਾ ਦਿਲ ਜਿੱਤਿਆ ਹੈ, ਉਸੇ ਤਰਾਂ ਪੰਜਾਬ ਦੇ ਲੋਕਾਂ ਦਾ ਵੀ ਦਿਲ ਜਿੱਤਾਂਗੇ।
ਸ਼ਨੀਵਾਰ ਨੂੰ ਅਰਵਿੰਦ ਕੇਜਰੀਵਾਲ ਆਪਣੇ ਤਿੰਨ ਦਿਨਾਂ ਦੌਰੇ ਦੇ ਦੂਜੇ ਦਿਨ ਜਲੰਧਰ ਦੇ ਟਾਊਨਹਾਲ ਵਿੱਚ ਕਾਰੋਬਾਰੀ ਸਮੂਹਾਂ ਵੱਲੋਂ ਕਰਵਾਏ ਇੱਕ ਪ੍ਰੋਗਰਾਮ ਵਿੱਚ ਸ਼ਾਮਲ ਹੋਏ ਅਤੇ ਉਨਾਂ ਕਾਰੋਬਾਰੀਆਂ ਨੂੰ ਸੰਬੋਧਨ ਕੀਤਾ। ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਅਰਵਿੰਦ ਕੇਜਰੀਵਾਲ ਨੇ ਸ਼ਹਿਰਾਂ ਅਤੇ ਉਦਯੋਗ ਤੇ ਵਪਾਰ ਲਈ 10 ਏਜੰਡੇ ਪੇਸ਼ ਕੀਤੇ। ਪਹਿਲੇ ਏਜੰਡੇ ਵਿੱਚ ਸ਼ਹਿਰਾਂ ਦੀ ਸਫਾਈ ਦਾ ਜ਼ਿਕਰ ਹੈ। ਕੇਜਰੀਵਾਲ ਨੇ ਕਿਹਾ ਕਿ ਵਿਦੇਸ਼ੀ ਸ਼ਹਿਰਾਂ ਦੀ ਤਰਾਂ ਪੰਜਾਬ ਦੇ ਸ਼ਹਿਰਾਂ ਦੀ ਸਾਫ਼ ਸਫ਼ਾਈ ਦੀ ਵਿਵਸਥਾ ਕੀਤੀ ਜਾਵੇਗੀ ਅਤੇ ਸਾਰੇ ਸ਼ਹਿਰ ਸਾਫ਼ ਅਤੇ ਸੁੰਦਰ ਬਣਾਏ ਜਾਣਗੇ।

ਦੂਜੇ ਏਜੰਡਾ ਪੇਸ਼ ਕਰਦਿਆਂ ਕੇਜਰੀਵਾਲ ਨੇ ਕਿਹਾ ਕਿ ਦਿੱਲੀ ਦੀ ਤਰਾਂ ਪੰਜਾਬ ਵਿੱਚ ਵੀ ਡੋਰ ਸਟੈਪ ਡਿਲਿਵਰੀ ਫ਼ਾਰ ਸਰਵਿਸਜ਼ ਲਾਗੂ ਕਰਾਂਗੇ। ਸਰਕਾਰੀ ਕੰਮ ਕਰਾਉਣ ਲਈ ਲੋਕਾਂ ਨੂੰ ਬਚੋਲੀਏ, ਦਲਾਲਾਂ ਅਤੇ ਲਾਇਨ ਵਿੱਚ ਲੱਗਣ ਤੋਂ ਮੁਕਤੀ ਮਿਲੇਗੀ। ਸਾਰੇ ਸਰਕਾਰੀ ਕੰਮ, ਬਿਜਲੀ ਕੁਨੈਕਸ਼ਨ ਹੋਵੇ ਜਾਂ ਰਾਸ਼ਨ ਕਾਰਡ ਬਣਾਉਣਾ, ਸਰਕਾਰੀ ਕਰਮਚਾਰੀ ਲੋਕਾਂ ਦੇ ਘਰ ਜਾ ਕਰਨਗੇ। ‘ਆਪ’ ਸਰਕਾਰ ਵਿੱਚ ਲੋਕ ਸਰਕਾਰ ਦੇ ਦਵਾਰ ਨਹੀਂ, ਸਰਕਾਰ ਲੋਕਾਂ ਦੇ ਦੁਆਰ ਜਾਵੇਗੀ।

ਤੀਜੇ ਏਜੰਡੇ ਵਿੱਚ ਸ਼ਹਿਰਾਂ ਨੂੰ ਸੁੰਦਰ ਬਣਾਉਣ ਲਈ ਅੰਡਰ ਗਰਾਉਂਡ ਕੇਬਲਿੰਗ ਕੀਤੀ ਜਾਵੇਗੀ। ਕੇਜਰੀਵਾਲ ਨੇ ਕਿਹਾ ਕਿ ਸੜਕ ਦੇ ਉਪਰ ਲਟਕਦੀਆਂ ਤਾਰਾਂ ਸ਼ਹਿਰ ਨੂੰ ਬਦਸੂਰਤ ਬਣਾਉਂਦੀਆਂ ਹਨ। ਦਿੱਲੀ ਵਿੱਚ ਉਨਾਂ ਸੰਘਣੀ ਆਬਾਦੀ ਵਾਲੀਆਂ ਥਾਵਾਂ ਵਿੱਚ ਅੰਡਰ ਗਰਾਊਂਡ ਕੇਬਲਿੰਗ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਪੰਜਾਬ ਦੇ ਸ਼ਹਿਰਾਂ ਵਿੱਚ ਵੀ ਅੰਡਰ ਗਰਾਊਂਡ ਕੇਬਲਿੰਗ ਕਰਕੇ ਸ਼ਹਿਰਾਂ ਨੂੰ ਸੁੰਦਰ ਬਣਾਵਾਂਗੇ।

ਚੌਥੇ ਏਜੰਡੇ ਵਿੱਚ ਮੁਹੱਲਾ ਕਲੀਨਿਕ ਹੈ। ਕੇਜਰੀਵਾਲ ਨੇ ਕਿਹਾ ਕਿ ਜਿਸ ਤਰਾਂ ਉਨਾਂ ਦਿੱਲੀ ਵਿੱਚ ਮੁਹੱਲਾ ਕਲੀਨਿਕ ਰਾਹੀਂ ਦਿੱਲੀ ਦੇ ਲੋਕਾਂ ਨੂੰ ਸਿਹਤ ਸਹੂਲਤਾਂ ਦਿੱਤੀਆਂ ਹਨ। ਪੰਜਾਬ ਵਿੱਚ ਵੀ ਉਸੇ ਤਰਜ਼ ‘ਤੇ ਸ਼ਹਿਰਾਂ ਅਤੇ ਪਿੰਡਾਂ ਵਿੱਚ 16 ਹਜ਼ਾਰ ਪਿੰਡ ਕਲੀਨਿਕ ਅਤੇ ਮੁਹੱਲਾ ਕਲੀਨਿਕ ਬਣਾਉਣਗੇ ਅਤੇ ਖਸਤਾਹਾਲ ਸਰਕਾਰੀ ਹਸਪਤਾਲਾਂ ਨੂੰ ਠੀਕ ਕਰਾਂਗੇ। ‘ਆਪ’ ਸਰਕਾਰ ਵਿੱਚ ਪੰਜਾਬ ਦੇ ਲੋਕਾਂ ਨੂੰ ਇਲਾਜ ਲਈ ਮਹਿੰਗੇ ਪ੍ਰਾਈਵੇਟ ਹਸਪਤਾਲਾਂ ਵਿੱਚ ਨਹੀਂ ਜਾਣਾ ਪਵੇਗਾ, ਸਗੋਂ ਸਭ ਤਰਾਂ ਦੀਆਂ ਚੰਗੀਆਂ ਸਹੂਲਤਾਂ ਵੀ ਸਰਕਾਰੀ ਹਸਪਤਾਲਾਂ ਵਿੱਚ ਮੁਫ਼ਤ ਦੇਣਗੇ।
ਪੰਜਵੇਂ ਏਜੰਡੇ ਵਿੱਚ ਕੇਜਰੀਵਾਲ ਨੇ ਸ਼ਹਿਰਾਂ ਅਤੇ ਪਿੰਡਾਂ ਦੇ ਸਰਕਾਰੀ ਸਕੂਲਾਂ ਦੀ ਕਾਇਆ ਕਲਪ ਕਰਨ ਦਾ ਵਾਅਦਾ ਕੀਤਾ। ਉਨਾਂ ਕਿਹਾ ਕਿ ਦਿੱਲੀ ਵਿੱਚ ਸਰਕਾਰੀ ਸਕੂਲਾਂ ਨੂੰ ਵਿਸ਼ਵ ਪੱਧਰੀ ਬਣਾਇਆ। ਜਦੋਂ ਕਿ ਦੇਸ਼ ਦੇ ਹੋਰਨਾਂ ਰਾਜਾਂ ਵਿੱਚ ਸਰਕਾਰੀ ਸਕੂਲਾਂ ਦੀ ਹਾਲਤ ਬਦਤਰ ਹੋ ਗਈ ਹੈ। ਦਿੱਲੀ ਵਿੱਚ ਇਸ ਸਾਲ ਸਰਕਾਰੀ ਸਕੂਲਾਂ ਦੇ ਨਤੀਜੇ 99.6 ਫੀਸਦ ਆਏ ਹਨ ਅਤੇ ਢਾਈ ਲੱਖ ਤੋਂ ਜ਼ਿਆਦਾ ਬੱਚਿਆ ਨੇ ਪ੍ਰਾਈਵੇਟ ਸਕੂਲਾਂ ਤੋਂ ਨਾਂਅ ਕਟਵਾ ਕੇ ਸਰਕਾਰੀ ਸਕੂਲਾਂ ਵਿੱਚ ਦਾਖਲਾ ਕਰਵਾਇਆ ਹੈ। ਅੱਜ ਦਿੱਲੀ ਦੇ ਸਰਕਾਰੀ ਸਕੂਲਾਂ ਦੇ ਵਿਦਿਆਰਥੀ ਆਈਆਈਟੀ ਅਤੇ ਨੀਟ ਪਰੀਖਿਆਵਾਂ ਵਿੱਚ ਚੰਗੇ ਅੰਕ ਲੈ ਰਹੇ ਹਨ। ਪਿਛਲੇ ਸਾਲ ਦਿੱਲੀ ਦੇ ਸਰਕਾਰੀ ਸਕੂਲਾਂ ਦੇ 350 ਤੋਂ ਜ਼ਿਆਦਾ ਵਿਦਿਆਰਥੀਆਂ ਦਾ ਆਈਆਈਟੀ ਵਿੱਚ ਦਾਖਲਾ ਹੋਇਆ ਹੈ। ਕੇਜਰੀਵਾਲ ਨੇ ਕਿਹਾ ਕਿ ਦੇਸ਼ ਦੇ ਬੱਚਿਆਂ ਨੂੰ ਚੰਗੀ ਸਿੱਖਿਆ ਦੇਣਾ ਹੀ ਅਸਲੀ ਰਾਸ਼ਟਰ ਨਿਰਮਾਣ ਹੈ।

ਛੇਵੇਂ ਅਤੇ ਸੱਤਵੇਂ ਏਜੰਡੇ ਵਿੱਚ ਬਿਜਲੀ ਅਤੇ ਪਾਣੀ ਹੈ। ਕੇਜਰੀਵਾਲ ਨੇ ਕਿਹਾ ਕਿ ਉਨਾਂ ਦੀ ਸਰਕਾਰ ਸਾਰੇ ਲੋਕਾਂ ਨੂੰ 24 ਘੰਟੇ ਮੁਫ਼ਤ ਬਿਜਲੀ ਅਤੇ ਪੀਣ ਦਾ ਪਾਣੀ ਉਪਲੱਬਧ ਕਰਾਉਣਗੇ। ਅੱਠਵੇਂ ਏਜੰਡੇ ਵਿੱਚ ਬਾਜ਼ਾਰਾਂ ਦੀਆਂ ਸੜਕਾਂ, ਪਾਰਕਿੰਗ ਵਿਵਸਥਾ ਅਤੇ ਪਖਾਨੇ ਹਨ। ਕੇਜਰੀਵਾਲ ਨੇ ਕਿਹਾ ਕਿ ਵਰਤਮਾਨ ਵਿੱਚ ਪੰਜਾਬ ਦੇ ਲਗਭਗ ਸਾਰੇ ਸ਼ਹਿਰਾਂ ਵਿੱਚਲੇ ਬਾਜ਼ਾਰਾਂ ਦੀਆਂ ਸੜਕਾਂ ਬੇਹੱਦ ਖ਼ਰਾਬ ਹਨ। ‘ਆਪ’ ਦੀ ਸਰਕਾਰ ਬਾਜ਼ਾਰਾਂ ਦੀਆਂ ਟੁੱਟੀਆਂ ਸੜਕਾਂ ਨੂੰ ਸੁੰਦਰ ਬਣਾਏਗੀ ਅਤੇ ਬਾਜ਼ਾਰਾਂ ਵਿੱਚ ਥਾਂ ਥਾਂ ਪਾਰਕਿੰਗ ਅਤੇ ਪਖਾਨੇ ਬਣਾਏਗੀ।
ਨੌਵਾਂ ਏਜੰਡਾਂ ਵਪਾਰੀਆਂ, ਕਾਰੋਬਾਰੀਆਂ ਅਤੇ ਉਦਯੋਗਾਂ ਨਾਲ ਸੰਬੰਧਿਤ ਹੈ। ਕੇਜਰੀਵਾਲ ਨੇ ਕਿਹਾ ਕਿ ‘ਆਪ’ ਸਰਕਾਰ ਵਪਾਰੀਆਂ ਤੇ ਕਾਰੋਬਾਰੀਆਂ ਤੋਂ ਮਿਲੇ ਸੁਝਾਵਾਂ ਅਨੁਸਾਰ ਉਨਾਂ ਦੇ ਸਾਰੇ ਮਸਲੇ ਹੱਲ ਕਰੇਗੀ ਅਤੇ ਨਵੇਂ ਉਦਯੋਗਾਂ ਨੂੰ ਪ੍ਰਫੁਲਤ ਕਰਨ ਲਈ ਇੰਸੈਂਟਿਵ ਦੇਵੇਗੀ। ‘ਆਪ’ ਸਰਕਾਰ ਵਪਾਰੀਆਂ ਦੀਆਂ ਸਮੱਸਿਆਵਾਂ ਦੂਰ ਕਰਨ ਲਈ ਰੇਡ ਰਾਜ ਅਤੇ ਇੰਸਪੈਕਟਰੀ ਰਾਜ ਨੂੰ ਜੜ ਤੋਂ ਖ਼ਤਮ ਕਰੇਗੀ। ਮਾਰਚ ਤੋਂ ਬਾਅਦ ਕੋਈ ਵੀ ਇੰਸਪੈਕਟਰ ਕਿਸੇ ਵੀ ਦੁਕਾਨ ਅਤੇ ਫ਼ੈਕਟਰੀ ਵਿੱਚ ਨਹੀਂ ਜਾਵੇਗਾ। ਦਿੱਲੀ ਵਿਚ ਅਸੀਂ ਇੰਸਪੈਕਟਰੀ ਰਾਜ ਖ਼ਤਮ ਕੀਤਾ ਹੈ, ਪੰਜਾਬ ਵਿੱਚ ਵੀ ਕਰਾਂਗੇ। ਉਦਯੋਗ ਤੇ ਵਪਾਰ ਨੂੰ ਵਧਾ ਕੇ ਰੋਜ਼ਗਾਰ ਵਧਾਇਆ ਜਾ ਸਕਦਾ ਹੈ।

ਦਸਵਾਂ ਏਜੰਡਾ ਔਰਤਾਂ ਦੀ ਸੁਰੱਖਿਆ ਲਈ ਹੈ। ਕੇਜਰੀਵਾਲ ਨੇ ਕਿਹਾ ਕਿ ਲੋਕਾਂ ਅਤੇ ਖਾਸ ਕਰਕੇ ਔਰਤਾਂ ਦੀ ਸੁਰੱਖਿਆ ‘ਆਪ’ ਦੀ ਸਰਕਾਰ ਦਾ ਸਭ ਤੋਂ ਜ਼ਰੂਰੀ ਕੰਮ ਹੈ। ਸੁਰੱਖਿਆ ਵਿਵਸਥਾ ਠੀਕ ਕਰਨ ਲਈ ਦਿੱਲੀ ਵਿੱਚ ਉਨਾਂ ਵੱਡੀ ਗਿਣਤੀ ‘ਚ ਸੀਸੀਟੀਵੀ ਕੈਮਰੇ ਲਵਾਏ ਹਨ। ਅੱਜ ਦਿੱਲੀ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਗਿਣਤੀ ਨਿਊਯਾਰਕ ਅਤੇ ਲੰਡਨ ਤੋਂ ਵੀ ਜ਼ਿਆਦਾ ਹਨ। ਪੰਜਾਬ ਵਿੱਚ ਵੀ ਸਰਕਾਰ ਬਣਨ ‘ਤੇ ਸ਼ਹਿਰਾਂ ਵਿੱਚ ਥਾਂ ਥਾਂ ਸੀਸੀਟੀਵੀ ਕੈਮਰੇ ਲਾਏ ਜਾਣਗੇ ਅਤੇ ਔਰਤਾਂ ਦੀ ਸੁਰੱਖਿਆ ਪੱਕੀ ਕੀਤੀ ਜਾਵੇਗੀ।

ਕੇਜਰੀਵਾਲ ਨੇ ਕਿਹਾ ਐਨੇ ਸਾਰੇ ਕੰਮਾਂ ਲਈ ਕਈ ਲੋਕਾਂ ਨੂੰ ਟੈਕਸ ਵਧਾਉਣ ਦਾ ਸ਼ੱਕ ਹੋ ਜਾਂਦਾ ਹੈ ਅਤੇ ਕਈ ਲੋਕ ਪੁੱਛਦੇ ਹਨ ਕਿ ਪੈਸਾ ਕਿੱਥੋਂ ਆਉਣਗੇ? ਤਾਂ ਉਨਾਂ ਭਰੋਸਾ ਦਿੱਤਾ ਕਿ ‘ਆਪ’ ਸਰਕਾਰ ਨਾ ਕੋਈ ਨਵਾਂ ਟੈਕਸ ਲਾਵੇਗੀ ਅਤੇ ਵਰਤਮਾਨ ਟੈਕਸ ਵਿੱਚ ਕੋਈ ਵਾਧਾ ਨਹੀਂ ਕਰੇਗੀ। ਮਾਫੀਆ ਅਤੇ ਭ੍ਰਿਸ਼ਟਾਚਾਰ ਰੋਕ ਕੇ ਪੈਸੇ ਬਚਾਵਾਂਗੇ ਅਤੇ ਲੋਕਾਂ ਨੂੰ ਸਾਰੀਆਂ ਸਹੂਲਤਾਂ ਪ੍ਰਦਾਨ ਕਰਾਂਗੇ। ਲੋਕਾਂ ਨੂੰ ਅਪੀਲ ਕਰਦਿਆਂ ਕੇਜਰੀਵਾਲ ਨੇ ਕਿਹਾ ਉਨਾਂ ਬਾਦਲ ਪਰਿਵਾਰ ਨੂੰ 19 ਸਾਲ ਅਤੇ ਕਾਂਗਰਸ ਨੂੰ 25 ਸਾਲ ਦਾ ਮੌਕਾ ਦਿੱਤਾ। ਰਿਵਾਇਤੀ ਪਾਰਟੀਆਂ ਨੇ ਸੱਤਾ ਨੂੰ ਵਪਾਰ ਬਣਾ ਦਿੱਤਾ ਹੈ। ਭ੍ਰਿਸ਼ਟਾਚਾਰ ਅਤੇ ਮਾਫੀਆ ਉਨਾਂ ਦੀ ਰਾਜਨੀਤੀ ਦਾ ਹਿੱਸਾ ਹੈ। ਇਸ ਲਈ ਅਜਿਹੀਆਂ ਪਾਰਟੀਆਂ ਨੂੰ ਵੋਟਾਂ ਪਾਉਣ ਨਾਲ ਕੋਈ ਬਦਲਾਅ ਨਹੀਂ ਆਵੇਗਾ। ਕੇਜਰੀਵਾਲ ਨੇ ਕਿਹਾ ਕਿ ਉਹ ਰਾਜਨੀਤੀ ਵਿੱਚ ਨਵੇਂ ਹਨ। ਉਨਾਂ ਕੋਲ ਨਵੇਂ ਲੋਕ, ਨਵੀਂ ਊਰਜਾ ਅਤੇ ਨਵੀਆਂ ਯੋਜਨਾਵਾਂ ਹਨ। ਉਨਾਂ ਅਪੀਲ ਕੀਤੀ ਕਿ ਇੱਕ ਵਾਰ ਮੌਕਾ ਦੇਵੋ, ਜੇ ਸਰਕਾਰ ਨੇ ਚੰਗਾ ਕੰਮ ਨਹੀਂ ਕੀਤਾ ਤਾਂ ਅਗਲੀ ਵਾਰ ਉਹ ਵੋਟਾਂ ਮੰਗਣ ਨਹੀਂ ਆਉਣਗੇ।

Please follow and like us:

Similar Posts