ਪੰਜਾਬ ਕਾਂਗਰਸ ਚ ਲਗਾਤਾਰ ਵੱਧ ਰਿਹਾ ਸਿਆਸੀ ਤਣਾਅ ।
ਚੰਡੀਗੜ੍ਹ: ਪੰਜਾਬ ਕਾਂਗਰਸ ਪਾਰਟੀ ਵਿੱਚ ਨਾਰਾਜ਼ਗੀ ਦਾ ਸਿਲਸਿਲਾ ਦਿਨੋ-ਦਿਨ ਵੱਧਦਾ ਨਜ਼ਰ ਆ ਰਿਹਾ ਹੈ। ਦੱਸ ਦਈਏ ਕਿ, ਜਦ ਤੋਂ ਹਾਈ ਕੋਰਟ ਵੱਲੋਂ ਕੋਟਕਪੂਰਾ ਕਾਂਡ ਤੇ ਪੁਰਾਣੀ SIT ਦੀ ਰਿਪੋਰਟ ਨੂੰ ਰੱਦ ਕੀਤਾ ਗਿਆ ਹੈ, ਤੱਦ ਤੋਂ ਹੀ ਪੰਜਾਬ ਕਾਂਗਰਸ ਪਾਰਟੀ ਦੇ ਲੀਡਰਾਂ ਵਿੱਚ ਖਿੱਚੋ -ਤਾਨ ਅਤੇ ਤਣਾਅ ਦੀ ਸਤਿਥੀ ਬਣੀ ਦਿਖਾਈ ਦੇ ਰਹੀ ਹੈ। ਇਸ ਦੇ ਨਾਲ ਹੀ ਨਵਜੋਤ ਸਿੰਘ ਸਿੱਧੂ, ਕੈਪਟਨ ਅਮਰਿੰਦਰ ਸਿੰਘ ਖਿਲਾਫ ਖੁੱਲ੍ਹ ਕੇ ਸਾਹਮਣੇ ਆਏ|
ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਲਗਾਤਾਰ ਟਵੀਟ ਕਰਕੇ ਸਿੱਧੇ ਤੌਰ ‘ਤੇ ਇਨ੍ਹਾਂ ਮੁੱਦਿਆਂ ‘ਤੇ ਕੈਪਟਨ ‘ਤੇ ਨਿਸ਼ਾਨਾ ਸਾਧ ਚੁੱਕੇ ਹਨ। ਜਿਸ ਮਗਰੋਂ ਵੱਖ-ਵੱਖ ਕਾਂਗਰਸੀ ਮੰਤਰੀ ਅਤੇ ਵਿਧਾਇਕ ਇਕੱਠੇ ਹੋ ਗਏ ਹਨ। ਸਿਰਫ ਇਹੀ ਨਹੀਂ ਇਨ੍ਹਾਂ ਇਕੱਠੇ ਹੋਏ ਮੰਤਰੀਆਂ ਵਲੋਂ ਗੁਪਤ ਮੀਟਿੰਗਾਂ ਦਾ ਸਿਲਸਿਲਾ ਜ਼ਾਰੀ ਹੈ , ਜਿਸ ਦੇ ਨਾਲ ਸਿਆਸਤ ਹੋਰ ਗਰਮਾ ਗਈ ਹੈ।
ਦੱਸ ਦਈਏ ਕਿ(ਸੂਤਰਾਂ ਮੁਤਾਬਿਕ), ਪੰਜਾਬ ‘ਚ ਬੇਅਦਬੀ ਮਾਮਲਿਆਂ ਨੂੰ ਲੈ ਕੇ ਆਪਣੀ ਹੀ ਸਰਕਾਰ ਤੋਂ ਨਰਾਜ਼ ਚੱਲ ਰਹੇ ਕਾਂਗਰਸੀ ਆਗੂਆਂ ਦੀ ਸੌਮਵਾਰ ਨੂੰ ਸੁਖਜਿੰਦਰ ਸਿੰਘ ਰੰਧਾਵਾ (ਜੇਲ ਮੰਤਰੀ) ਦੇ ਚੰਡੀਗੜ੍ਹ ਸਥਿਤ ਰਿਹਾਇਸ਼ ਵਿਖੇ ਗੁਪਤ ਮੀਟਿੰਗ ਹੋਈ ।
ਸੂਤਰਾਂ ਦਾ ਦਾਅਵਾ ਹੈ ਕਿ ਇਸ ਬੈਠਕ ਵਿਚ ਰਾਜ ਸਭਾ ਮੈਂਬਰ ਪ੍ਰਤਾਪ ਬਾਜਵਾ, ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ , ਵਿਧਾਇਕ ਕੁਸ਼ਲਦੀਪ ਸਿੰਘ ਢਿੱਲੋਂ ਅਤੇ ਕੁਝ ਹੋਰ ਵਿਧਾਇਕ ਵੀ ਮੌਜੂਦ ਰਹੇ। ਕੁਝ ਦਿਨ ਪਹਿਲਾਂ ਮੰਤਰੀ ਸੁਖਜਿੰਦਰ ਰੰਧਾਵਾ ਨੇ ਵਿਧਾਇਕ ਨਵਜੋਤ ਸਿੱਧੂ ਅਤੇ ਉਨ੍ਹਾਂ ਦੇ ਨੇੜਲੇ ਸਾਥੀ ਤੇ ਵਿਧਾਇਕ ਪਰਗਟ ਸਿੰਘ ਨਾਲ ਵੀ ਮੁਲਾਕਾਤ ਕੀਤੀ ਸੀ।
ਇਸ ਦੇ ਅਗਲੇ ਹੀ ਦਿਨ , ਕੈਬਿਨੇਟ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਰਿਹਾਇਸ਼ ‘ਚ ਲਗਪਗ 12 ਵਿਧਾਇਕਾਂ ਤੇ ਕਾਂਗਰਸ ਦੇ ਦੋ ਮੰਤਰੀਆਂ ਦੀ ਵੀ ਮੀਟਿੰਗ ਹੋਈ। ਹਾਲਾਂਕਿ ਇਸ ਮੀਟਿੰਗ ਨੂੰ ਦਲਿਤ ਤੇ ਓਬੀਸੀ ਵਰਗ ਦੇ ਮੁੱਦੇ ਨੂੰ, ਚੋਣਾਂ ਤੋਂ ਪਹਿਲਾਂ ਸਮੀਖਿਆ ਕਰਨ ਬਾਰੇ ਦੱਸਿਆ ਜਾ ਰਿਹਾ ਸੀ , ਪਰ ਇਸ ਮੀਟਿੰਗ ਦੇ ਸਿਆਸੀ ਗਲਿਆਰੇ ‘ਚ ਹੋਰ ਵੀ ਮਾਇਨੇ ਕੱਢੇ ਜਾ ਰਹੇ ਹਨ।
ਓਧਰ ਦੂਜੇ ਪਾਸੇ ਕੁਝ ਮੰਤਰੀ ਜਿਹਨਾਂ ‘ਚ ਸਾਧੂ ਸਿੰਘ ਧਰਮਸੋਤ , ਬ੍ਰਮ ਮੋਹਿੰਦਰਾ, ਸੁੰਦਰ ਸ਼ਾਮ ਅਰੋੜਾ ਆਦਿ ਮੰਤਰੀਆਂ ਨੇ ਇਕ ਮੀਟਿੰਗ ਕੀਤੀ ਜਿਸ ‘ਚ ਉਹਨਾਂ ਕਾਂਗਰਸ ਹਾਈ ਕਮਾਨ ਤੋਂ ਨਵਜੋਤ ਸਿੰਘ ਸਿੱਧੂ ਖਿਲਾਫ ਕਾਰਵਾਈ ਕਰਨ ਦੀ ਮੰਗ ਕੀਤੀ, ਜਿਹਨਾਂ ਅਨੁਸਾਰ ਪਾਰਟੀ ਨੂੰ ਸਿੱਧੂ ‘ਤੇ ਅਨੁਸਾਸ਼ਨੀ ਕਾਰਵਾਈ ਕਰਨੀ ਚਾਹੀਦੀ ਹੈ।
ਤਾ ਪਾਰਟੀ ਦੋ ਧੜਿਆਂ ‘ਚ ਵੰਡਦੀ ਨਜ਼ਰ ਆ ਰਹੀ ਹੈ । ਜਿਥੇ ਇਕ ਧੜਾ ਨਵਜੋਤ ਸਿੰਘ ਤੇ ਕਾਰਵਾਈ ਦੀ ਮੰਗ ਕਰ ਰਿਹਾ ਹੈ ਤੇ ਉੱਥੇ ਹੀ ਦੂਜਾ ਧੜਾ ਨਵਜੋਤ ਸਿੰਘ ਸਿੱਧੂ ਦੇ ਨਾਲ ਖੜ ਕੇ ਬੇਅਦਬੀ ਮਾਮਲਿਆਂ ਦੀ ਜਾਂਚ ਜਲਦ ਮੁਕੰਮਲ ਕਰਵਾਉਣ ਲਈ ਸਰਕਾਰ ਤੇ ਦਬਾਅ ਬਣਾ ਰਹੇ ਨੇ ।
ਸੋ ਪਾਰਟੀ ਨੇਤਾਵਾਂ ਦੇ ਇੱਕ ਵੱਡੇ ਹਿੱਸੇ ਨੇ ਸੂਬਾ ਸਰਕਾਰ ‘ਤੇ ਸਾਰੇ ਮਹੱਤਵਪੂਰਣ ਮਸਲੇ ‘ਤੇ ਇਨਸਾਫ ਦਿਵਾਉਣ ਵਿਚ ਅਸਫਲ ਰਹਿਣ ਦਾ ਦੋਸ਼ ਲਗਾਇਆ ਹੈ। ਇਸ ਇਲਜ਼ਾਮ ਤੋਂ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਖਿਲਾਫ ਪਾਰਟੀ ਦਾ ਇੱਕ ਵੱਡਾ ਧੜਾ ਆਵਾਜ਼ ਚੁੱਕਣ ਲੱਗ ਗਿਆ ਹੈ। ਜਿਸ ਨਾਲ ਪੰਜਾਬ ਕਾਂਗਰਸ ‘ਚ ਚੱਲ ਰਹੀ ਤਰਕਾਰ ਦੀ ਗੂੰਜ ਆਮ ਜਨਤਾ ਤੱਕ ਪਹੁੰਚ ਚੁੱਕੀ ਹੈ ।