ਚੰਡੀਗੜ੍ਹ : ਪ੍ਰੋ: ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਦਾ ਮਸਲਾ ਲਗਾਤਾਰ ਗਰਮਾਉਂਦਾ ਜਾ ਰਿਹਾ ਹੈ। ਇਸ ਮਸਲੇ ‘ਤੇ ਸਿਆਸੀ ਬਿਆਨਬਾਜੀਆਂ ਵੀ ਤੇਜ਼ ਹੁੰਦੀਆਂ ਜਾ ਰਹੀਆਂ ਹਨ। ਸ਼੍ਰੋਮਣੀ ਅਕਾਲੀ ਦਲ ਵੱਲੋਂ ਹੁਣ ਇਸ ਮਸਲੇ ‘ਤੇ ਦਿੱਲੀ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਘੇਰਿਆ ਗਿਆ ਹੈ। ਸ਼੍ਰੋਮਣੀ ਅਕਾਲੀ ਦਲ ਦਾ ਕਹਿਣਾ ਹੈ ਕਿ ਅਰਵਿੰਦ ਕੇਜਰੀਵਾਲ ਪ੍ਰੋ: ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਬਾਰੇ ਝੂਠ ਬੋਲ ਕੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ।ਅਕਾਲੀ ਦਲ ਦਾ ਕਹਿਣਾ ਹੈ ਕਿ ਕੇਜਰੀਵਾਲ ਵੱਲੋਂ ਹੀ ਪ੍ਰੋ: ਸਾਹਿਬ ਦੀ ਰਿਹਾਈ ਦਾ ਜ਼ੋਰਦਾਰ ਵਿਰੋਧ ਕੀਤਾ ਜਾ ਰਿਹਾ ਹੈ। ਸੁਖਬੀਰ ਸਿੰਘ ਬਾਦਲ ਦੇ ਪ੍ਰਮੁੱਖ ਸਲਾਹਕਾਰ ਹਰਚਰਨ ਸਿੰਘ ਬੈਂਸ ਨੇ ਬੋਲਦਿਆਂ ਪ੍ਰੋ: ਦਵਿੰਦਰਪਾਲ ਸਿੰਘ ਭੁੱਲਰ ਦੀ ਸਿਹਤ ਬਾਰੇ ਵੀ ਜ਼ਿਕਰ ਕੀਤਾ।
ਇਸ ਮੌਕੇ ਬੋਲਦਿਆਂ ਉਨ੍ਹਾਂ ਖੁਲਾਸਾ ਕੀਤਾ ਕਿ ਅਰਵਿੰਦ ਕੇਜਰੀਵਾਲ ਦੇ ਨਾਲ ਨਾਲ ਕੇਜਰੀਵਾਲ ਸਰਕਾਰ ਦੇ ਗ੍ਰਹਿ ਮੰਤਰੀ ਸਤੇਂਦਰ ਜੈਨ ਨੇ ਪ੍ਰੋ: ਭੁੱਲਰ ਦੀ ਰਿਹਾਈ ਨੂੰ ਦੇਸ਼ ਦੀ ਅਮਨ ਸ਼ਾਂਤੀ ਦੇ ਵਿਰੁੱਧ ਦੱਸਿਆ ਹੈ।ਤੁਹਾਨੂੰ ਦੱਸ ਦੇਈਏ ਕਿ ਸੁਖਬੀਰ ਬਾਦਲ ਵੱਲੋਂ ਵੀ ਇਸ ਮਸਲੇ ‘ਤੇ ਪ੍ਰਤੀਕਿਿਰਆ ਦਿੱਤੀ ਗਈ ਸੀ। ਜਿਸ ‘ਚ ਉਨ੍ਹਾਂ ਅਰਵਿੰਦ ਕੇਜਰੀਵਾਲ ਨੂੰ ਝੂਠਾ ਗਰਦਾਨਿਆ ਸੀ। ਦੱਸਣਾ ਲਾਜ਼ਮੀ ਹੋ ਜਾਂਦਾ ਹੈ ਕਿ ਪਿਛਲੇ ਦਿਨੀ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਨੇ ਕਿਹਾ ਸੀ ਕਿ ਪ੍ਰੋ: ਭੁੱਲਰ ਦੀ ਫਾਇਲ ਐੱਲ. ਜੀ. ਕੋਲ ਹੈ ਜਿਸ ‘ਤੇ ਸਪੱਸ਼ਟੀਕਰਨ ਦਿੰਦਿਆਂ ਸੁਖਬੀਰ ਬਾਦਲ ਨੇ ਕਿਹਾ ਕਿ ਐੱਲਜੀ ਤੱਕ ਉਹ ਫਾਇਲ ਅਜੇ ਪਹੁੰਚੀ ਨਹੀਂ ਹੈ ਕਿਉਂਕਿ ਅਰਵਿੰਦ ਕੇਜਰੀਵਾਲ ਵੱਲੋਂ ਪਹਿਲਾਂ ਹੀ ਉਸ ਫਾਇਲ ਨੂੰ ਰਿਜੈਕਟ ਕਰ ਦਿੱਤਾ ਗਿਆ ਹੈ। ਹੁਣ ਹਰਚਰਨ ਬੈਂਸ ਨੇ ਇਸ ਮਸਲੇ ‘ਤੇ ਬੋਲਦਿਆਂ ਕਿਹਾ ਕਿ ਪ੍ਰੋ: ਭੁੱਲਰ ਦੀ ਹਾਲਤ ਬੇਹੱਦ ਨਾਜ਼ੁਕ ਹੈ ਅਤੇ ਚੱਲਣ ਫਿਰਨ ਲਈ ਵੀ ਉਨ੍ਹਾਂ ਨੂੰ ਸਹਾਰਾ ਲੈਣਾਂ ਪੈਂਦਾ ਹੈ, ਅਤੇ ਅਜਿਹੇ ਵਿਅਕਤੀ ਖਿਲਾਫ ਅਰਵਿੰਦ ਕੇਜਰੀਵਾਲ ਦੀ ਸਰਕਾਰ ਇੰਨਾ ਸਖਤ ਰਵੱਈਆ ਅਪਣਾ ਰਹੀ ਹੈ।
ਤੁਹਾਨੂੰ ਦੱਸ ਦਈਏ ਕਿ ਇਸ ਤੋਂ ਪਹਿਲਾਂ ਸੁਖਪਾਲ ਖਹਿਰਾ ਵੱਲੋਂ ਵੀ ਕੇਜਰੀਵਾਲ ‘ਤੇ ਗੰਭੀਰ ਦੋਸ਼ ਲਾਏ ਗਏ ਸਨ। ਖਹਿਰਾ ਦਾ ਕਹਿਣਾ ਸੀ ਕਿ ਪ੍ਰੋ: ਭੁੱਲਰ ਦੀ ਰਿਹਾਈ ਦੇ ਮਸਲੇ ‘ਤੇ ਕੇਜਰੀਵਾਲ ਦਾ ਪੰਜਾਬ ਵਿਰੋਧੀ ਚਿਹਰਾ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਸੀ ਕਿ ਜਿਹੜਾ ਮਖੌਟਾ ਕੇਜਰੀਵਾਲ ਨੇ ਪਾਇਆ ਹੋਇਆ ਸੀ ਉਹ ਪ੍ਰੋ: ਦਵਿੰਦਰਪਾਲ ਭੁੱਲਰ ਦੀ ਰਿਹਾਈ ‘ਤੇ ਰੋਕ ਲਗਣ ਨਾਲ ਉੱਤਰ ਗਿਆ ਹੈ।