ਬਰੈਂਪਟਨ : ਰੁਜ਼ਗਾਰ ਦੀ ਤਲਾਸ਼ ਅਤੇ ਚੰਗੇ ਭਵਿੱਖ ਦਾ ਸੁਪਨਾ ਲੈ ਕੇ ਨੌਜਵਾਨਾਂ ਅੰਦਰ ਵਿਦੇਸ਼ ਜਾਣ ਦਾ ਰੁਝਾਨ ਲਗਾਤਾਰ ਵਧਦਾ ਜਾ ਰਿਹਾ ਹੈ।ਇਸ ਦੇ ਚਲਦਿਆਂ ਵਿਦੇਸ਼ ਦੀ ਧਰਤੀ ਤੋਂ ਹੁਣ ਇੱਕ ਅਜਿਹੀ ਖਬਰ ਸਾਹਮਣੇ ਆਈ ਹੈ ਜਿਸ ਨਾਲ ਨੌਜਵਾਨ ਦੇ ਪੂਰੇ ਪਰਿਵਾਰ ਅੰਦਰ ਸੋਗ ਦੀ ਲਹਿਰ ਫੈਲ ਗਈ ਹੈ। ਮਾਮਲਾ ਕੈਨੇਡਾ ਦੇ ਸ਼ਹਿਰ ਬਰੈਂਪਟਨ ਦਾ ਹੈ ਜਿੱਥੇ ਇੱਕ ਪੰਜਾਬੀ ਨੌਜਵਾਨ ਨੇ ਸੜਕ ਹਾਦਸੇ ਦੌਰਾਨ ਦਮ ਤੋੜ ਦਿੱਤਾ।ਜਾਣਕਾਰੀ ਮੁਤਾਬਿਕ ਇਹ ਹਾਦਸਾ 27 ਜਨਵਰੀ ਦੀ ਰਾਤ ਬਰੈਂਪਟਨ ਦੇ ਮੈਵਿਸ ਰੋਡ ਅਤੇ ਕਲੈਮਨਟੀਨ ਡਰਾਈਵ ਇਲਾਕੇ *ਚ ਵਾਪਰਿਆ ਹੈ।
ਇਸ ਬਾਰੇ ਜਾਣਕਾਰੀ ਦਿੰਦਿਆਂ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਜਿਉਂ ਹੀ ਹਾਦਸੇ ਦੀ ਖਬਰ ਮਿਲੀ ਤਾਂ ਜਦੋਂ ਉਹ ਪਹੁੰਚੇ ਤਾਂ ਦੋ ਵਿਅਕਤੀ ਗੰਭੀਰ ਜ਼ਖਮੀਂ ਸਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਵਿੱਚ ਇੱਕ ਵਿਅਕਤੀ ਨੇ ਮੌਕੇ *ਤੇ ਹੀ ਦਮ ਤੋੜ ਦਿੱਤਾ ਜਦੋਂ ਕਿ ਦੂਜਾ ਜ਼ਖਮੀ ਹੈ।
ਦੱਸ ਦਈਏ ਕਿ ਮ੍ਰਿਤਕ ਪੰਜਾਬੀ ਨੌਜਵਾਨ ਦੀ ਪਹਿਚਾਣ ਸੁਮਿਤ ਕਟਾਰੀਆ ਵਜੋਂ ਹੋਈ ਹੈ ਅਤੇ ਉਹ ਫਰੀਦਕੋਟ ਜ਼ਿਲ੍ਹੇ ਨਾਲ ਸਬੰਧ ਰੱਖਦਾ ਹੈ। ਸੁਮਿਤ ਚਾਰ ਸਾਲ ਪਹਿਲਾਂ ਸਟੂਡੈਂਟ ਵੀਜ਼ੇ *ਤੇ ਕੈਨੇਡਾ ਗਿਆ ਸੀ।ਹੁਣ ਪਰਿਵਾਰਕ ਮੈਂਬਰਾਂ ਵੱਲੋਂ ਮ੍ਰਿਤਕ ਸੁਮਿਤ ਦੀ ਦੇਹ ਨੂੰ ਭਾਰਤ ਭੇਜਣ ਲਈ ਅਪੀਲ ਕੀਤੀ ਗਈ ਹੈ। ਜਿਸ ਲਈ ਉਨ੍ਹਾਂ ਵੱਲੋਂ ਗੋ ਫੰਡ ਮੀ ਨਾਮ ਦੀ ਮੁਹਿੰਮ ਵੀ ਸ਼ੁਰੂ ਕੀਤੀ ਗਈ ਹੈ। ਜ਼ਿਕਰ ਏ ਖਾਸ ਹੈ ਕਿ ਸੁਮਿਤ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ ਅਤੇ ਉਸ ਦੀ ਪੜ੍ਹਾਈ ਪੂਰੀ ਹੋ ਚੁਕੀ ਸੀ।