ਚੰਡੀਗੜ੍ਹ : ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਲਗਾਤਾਰ ਸਿਆਸੀ ਆਗੂਆਂ ਦੇ ਬਿਆਨ ਸਾਹਮਣੇ ਆ ਰਹੇ ਹਨ। ਜਿਸ ਦੇ ਚਲਦਿਆਂ ਹੁਣ ਜਦੋਂ ਇੱਕ ਪਾਸੇ ਕਾਂਗਰਸ ਪਾਰਟੀ ਅੰਦਰ ਦਲ ਬਦਲੂ ਰਾਜਨੀਤੀ ਤੇਜ਼ ਹੁੰਦੀ ਜਾ ਰਹੀ ਹੈ ਅਤੇ ਵੱਡੇ ਪੱਧਰ ‘ਤੇ ਆਗੂ ਪਾਰਟੀ ਦਾ ਸਾਥ ਛੱਡ ਕੇ ਜਾ ਰਹੇ ਹਨ ਤਾਂ ਉਸ ਸਮੇਂ ਸਾਬਕਾ ਕਾਂਗਰਸ ਪੰਜਾਬ ਪ੍ਰਧਾਨ ਸੁਨੀਲ ਜਾਖੜ ਦਾ ਅਜਿਹਾ ਬਿਆਨ ਸਾਹਮਣੇ ਆਇਆ ਹੈ ਜਿਸ ਨੇ ਸੂਬੇ ਦੀ ਸਿਆਸਤ ਭਖਾ ਦਿੱਤੀ ਹੈ। ਦਰਅਸਲ ਜਾਖੜ ਦਾ ਕਹਿਣਾ ਹੈ ਕਿ ਉਹ ਮੁੱਖ ਮੰਤਰੀ ਦੀ ਦੌੜ ਵਿੱਚ ਸਭ ਨਾਲੋਂ ਅੱਗੇ ਹਨ।
ਦੱਸ ਦੇਈਏ ਕਿ ਸਾਲ 2017 ‘ਚ ਕਾਂਗਰਸ ਪਾਰਟੀ ਵੱਲੋਂ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ‘ਚ ਸਰਕਾਰ ਬਣਾਈ ਗਈ ਸੀ ਪਰ 2021 ਦੇ ਸ਼ੁਰੁਆਤੀ ਦੌਰ ‘ਚ ਉਨ੍ਹਾਂ ਨੇ ਨਾ ਸਿਰਫ ਆਪਣੇ ਆਹੁਦੇ ਤੋਂ ਅਸਤੀਫਾ ਦੇ ਦਿੱਤਾ ਬਲਕਿ ਪਾਰਟੀ ਦਾ ਵੀ ਸਾਥ ਛੱਡ ਦਿੱਤਾ। ਉਸ ਦਿਨ ਕਾਂਗਰਸ ਪਾਰਟੀ ਵੱਲੋਂ ਵੋਟਿੰਗ ਪ੍ਰਕਿਿਰਆ ਜਰੀਏ ਮੁੱਖ ਮੰਤਰੀ ਦੀ ਚੋਣ ਕੀਤੀ ਗਈ।ਸੂਬੇ ਦੀ ਸੱਤਾ ਦੇ ਰਹਿਣੇ 111 ਦਿਨਾਂ ਲਈ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਾਇਆ ਗਿਆ। ਇਸ ਦਾ ਜ਼ਿਕਰ ਕਰਦਿਆਂ ਜਾਖੜ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਤੋਂ ਬਾਅਦ ਉਹ ਸਾਰੇ ਵਿਧਾਇਕਾਂ ਦੀ ਪਹਿਲੀ ਪਸੰਦ ਹਨ।ਜਾਖੜ ਨੇ ਵੱਡਾ ਖੁਲਾਸਾ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ 42 ਵਿਧਾਇਕਾਂ ਨੇ ਸਮਰਥਨ ਦਿੱਤਾ ਸੀ ਜਦੋਂ ਕਿ ਚੰਨੀ ਨੂੰ ਸਿਰਫ ਦੋ ਹੀ ਵੋਟਾਂ ਪਈਆਂ ਸਨ।ਇਸ ਮੌਕੇ ਉਨ੍ਹਾਂ ਦੱਸਿਆ ਕਿ ਸੁਖਜਿੰਦਰ ਸਿੰਘ ਰੰਧਾਵਾ ਨੂੰ ਉਸ ਸਮੇਂ 16 ਵੋਟਾਂ ਪਈਆਂ ਸਨ।
ਸੁਨੀਲ ਜਾਖੜ ਨੇ ਕਿਹਾ ਕਿ ਇਸ ਦੇ ਬਾਵਜੂਦ ਵੀ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਾਇਆ ਗਿਆ। ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਦਾ ਐਲਾਨ ਹੋਣ ਤੋਂ ਬਾਅਦ ਉਸ ਨੂੰ ਉਪ ਮੁੱਖ ਮੰਤਰੀ ਬਣਾਉਣ ਦੀ ਪੇਸ਼ਕਸ਼ ਰਾਹੁਲ ਗਾਂਧੀ ਵੱਲੋਂ ਦਿੱਤੀ ਗਈ ਸੀ ਪਰ ਇਸ ਲਈ ਉਨ੍ਹਾਂ ਨੇ ਇਨਕਾਰ ਕਰ ਦਿੱਤਾ।
ਜ਼ਿਕਰ ਏ ਖਾਸ ਹੈ ਕਿ ਪਿਛਲੇ ਦਿਨੀਂ ਚੋਣ ਜਾਬਤਾ ਲੱਗਣ ਤੋਂ ਬਾਅਦ ਜਗਮੋਹਨ ਸਿੰਘ ਕੰਗ ਸਾਬਕਾ ਮੰਤਰੀ ਪਾਰਟੀ ਆਗੂਆਂ ‘ਤੇ ਗੰਭੀਰ ਦੋਸ਼ ਲਾ ਕੇ ਸਾਥ ਛੱਡ ਗਏ ਹਨ। ਉਸ ਤੋਂ ਬਾਅਦ ਅਮਰਜੀਤ ਸਿੰਘ ਟਿੱਕਾ ਨੇ ਵੀ ਅਸਤੀਫਾ ਦਿੱਤਾ ਹੈ। ਅਜਿਹੇ ਵਿੱਚ ਜਾਖੜ ਦਾ ਇਹ ਬਿਆਨ ਕਿਸ ਤਰ੍ਹਾਂ ਸਿਆਸੀ ਸਮੀਕਰਨ ਬਦਲਦਾ ਹੈ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਪਰ ਕਿਤੇ ਨਾ ਕਿਤੇ ਸਿਆਸੀ ਮਾਹਰਾਂ ਦੀ ਉਹ ਗੱਲ ਜਰੂਰ ਸਹੀ ਸਾਬਤ ਹੁੰਦੀ ਦਿਖਾਈ ਦੇ ਰਹੀ ਹੈ ਕਿ ਚੋਣਾਂ ਤੋਂ ਪਹਿਲਾਂ ਕਾਂਗਰਸ ਪਾਰਟੀ ਵੱਲੋਂ ਦਲਿਤ ਕਾਰਡ ਖੇਡਿਆ ਗਿਆ ਸੀ।