ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਘਰ ਹੋਈ ਈਡੀ ਦੀ ਰੇਡ ਤੋਂ ਬਾਅਦ ਉਨ੍ਹਾਂ ਦੇ ਰਿਸ਼ਤੇਦਾਰ ਦੀ ਹੋਈ ਗ੍ਰਿਫ਼ਤਾਰੀ ਦੇ ਮਸਲੇ ਤੇ ਪੰਜਾਬ ਦਾ ਸਿਆਸੀ ਪਾਰਾ ਲਗਾਤਾਰ ਉਤਾਂਹ ਨੂੰ ਚੜ੍ਹਦਾ ਜਾ ਰਿਹਾ ਹੈ । ਵਿਰੋਧੀ ਪਾਰਟੀਆਂ ਦੇ ਆਗੂ ਜਿੱਥੇ ਇਸ ਮਸਲੇ ਤੇ ਲਗਾਤਾਰ ਤੰਜ ਕਸ ਰਹੇ ਹਨ ਤਾਂ ਉੱਥੇ ਹੀ ਕਾਂਗਰਸ ਪਾਰਟੀ ਦੇ ਆਗੂ ਵੀ ਭਾਜਪਾ ਤੇ ਤੰਜ਼ ਕੱਸਦੇ ਨਜ਼ਰ ਆ ਰਹੇ ਹਨ। ਜਿਕਰ ਏ ਖਾਸ ਹੈ ਕਿ ਈਡੀ ਵੱਲੋਂ ਰੇਡ ਕਰਕੇ ਚਰਨਜੀਤ ਸਿੰਘ ਚੰਨੀ ਦੇ ਰਿਸ਼ਤੇਦਾਰ ਭੁਪਿੰਦਰ ਹਨੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ ਜਿਸ ਨਾਲ ਕਾਂਗਰਸ ਪਾਰਟੀ ਦੀ ਕਾਰਗੁਜ਼ਾਰੀ ਤੇ ਸਵਾਲ ਚੁੱਕੇ ਜਾ ਰਹੇ ਹਨ।ਕਾਂਗਰਸ ਪਾਰਟੀ ਦੇ ਲੁਧਿਆਣਾ ਤੋਂ ਸੰਸਦ ਮੈਂਬਰ ਰਵਨੀਤ ਬਿੱਟੂ ਨੇ ਕੀੜੀ ਦੀ ਕਾਰਵਾਈ ਨੂੰ ਬਦਲਾਖੋਰੀ ਦੀ ਸਿਆਸਤ ਕਰਾਰ ਦਿੱਤਾ ਹੈ ।
ਰਵਨੀਤ ਬਿੱਟੂ ਨੇ ਈਡੀ ਦੀ ਕਾਰਗੁਜ਼ਾਰੀ ਤੇ ਸਵਾਲ ਖੜ੍ਹੇ ਕਰਦਿਆਂ ਕਿਹਾ ਕਿ ਉਨ੍ਹਾਂ ਵੱਲੋਂ ਅੱਠ ਅੱਠ ਘੰਟੇ ਇੱਕ ਨੌਜਵਾਨ ਨੂੰ ਇੰਟੈਰੋਗੇਟ ਕੀਤਾ ਜਾਂਦਾ ਹੈ ਇਸ ਦੌਰਾਨ ਉਸ ਤੋਂ ਕੁਝ ਵੀ ਉਗਲਵਾਇਆ ਜਾ ਸਕਦਾ ਹੈ । ਬਿੱਟੂ ਨੇ ਦਾਅਵਾ ਕੀਤਾ ਕਿ ਪੰਜਾਬ ਵਿੱਚ ਅਜਿਹਾ ਕਦੀ ਵੀ ਨਹੀਂ ਹੋਇਆ ਅਤੇ ਹੁਣ ਕਿਸਾਨੀ ਅੰਦੋਲਨ ਦੇ ਕਰਕੇ ਪੰਜਾਬ ਤੋਂ ਭਾਜਪਾ ਵੱਲੋਂ ਬਦਲਾ ਲਿਆ ਜਾ ਰਿਹਾ ਹੈ ।ਇੱਥੇ ਹੀ ਬੱਸ ਨਹੀਂ ਬਿਟੂ ਨੇ ਤੰਜ ਕੱਸਦਿਆਂ ਇੱਥੋਂ ਤਕ ਕਹਿ ਦਿੱਤਾ ਕਿ ਭਾਜਪਾ ਨੂੰ ਆਪਣਾ ਨਾਂ ਬਦਲ ਕੇ ਈਡੀ ਜਾਂ ਸੀ ਬੀ ਆਈ ਹੀ ਰੱਖ ਲੈਣਾ ਚਾਹੀਦਾ ਹੈ ।
ਇਸ ਮੌਕੇ ਰਵਨੀਤ ਬਿੱਟੂ ਤੇ ਬੋਲਦਿਆਂ ਰਾਹੁਲ ਗਾਂਧੀ ਦੀ ਪੰਜਾਬ ਰੈਲੀ ਨੂੰ ਲੈ ਕੇ ਵੀ ਸਥਿਤੀ ਸਪਸ਼ਟ ਕੀਤੀ ਉਨ੍ਹਾਂ ਦੱਸਿਆ ਕਿ ਛੇ ਫਰਵਰੀ ਨੂੰ ਰਾਹੁਲ ਗਾਂਧੀ ਪੰਜਾਬ ਆ ਰਹੇ ਹਨ ਅਤੇ ਇਸ ਦੌਰਾਨ ਵਰਚੁਅਲ ਰੈਲੀ ਕੀਤੀ ਜਾਵੇਗੀ ਜਿਸ ਦੌਰਾਨ ਕਾਂਗਰਸ ਪਾਰਟੀ ਵੱਲੋਂ ਮੁੱਖ ਮੰਤਰੀ ਚਿਹਰੇ ਦਾ ਵੀ ਐਲਾਨ ਕੀਤਾ ਜਾਵੇਗਾ ।