ਨਿਊਜ਼ ਡੈਸਕ : ਚੋਣਾਂ ਦੇ ਇਸ ਮਾਹੌਲ ‘ਚ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਅਜਿਹਾ ਬਿਆਨ ਜਾਰੀ ਕੀਤਾ ਗਿਆ ਹੈ ਜਿਸ ਨੇ ਸਿਆਸੀ ਮਾਹੌਲ ਗਰਮਾ ਦਿੱਤਾ ਗਿਆ ਹੈ। ਦਰਅਸਲ ਚੰਨੀ ਵੱਲੋਂ ਆਮ ਆਦਮੀ ਪਾਰਟੀ ਅਤੇ ਅਕਾਲੀ ਦਲ ‘ਤੇ ਸਿਆਸੀ ਤੰਜ ਕਸਿਆ ਗਿਆ ਹੈ। ਚੰਨੀ ਦਾ ਕਹਿਣਾ ਹੈ ਕਿ ਕਾਂਗਰਸ ਪਾਰਟੀ ਦੀ ਚੋਣ ਰੈਲੀ ‘ਚ ਲੋਕ ਇਸ ਕਦਰ ਸ਼ਿਰਕਤ ਕਰਦੇ ਹਨ ਜਿਵੇਂ ਵਿਆਹ ‘ਚ ਜਾ ਰਹੇ ਹੋਣ ਤੇ ਉੱਧਰ ਆਪ ਅਤੇ ਅਕਾਲੀ ਦਲ ਦੀ ਰੈਲੀ ‘ਚ ਇਸ ਕਦਰ ਸ਼ਿਰਕਤ ਕਰਦੇ ਹਨ ਜਿਵੇਂ ਭੋਗ ‘ਤੇ ਜਾ ਰਹੇ ਹੋਣ।ਉਨ੍ਹਾਂ ਕਿਹਾ ਕਿ ਇਹ ਲੋਕ ਹੀ ਸੂਬੇ ‘ਚ ਚਿੱਟਾ ਲੈ ਕੇ ਆਏ ਹਨ। ਇਸ ਸਮੇਂ ਬਿਕਰਮ ਮਜੀਠੀਆ ‘ਤੇ ਸਿਆਸੀ ਵਾਰ ਕਰਦਿਆਂ ਚੰਨੀ ਨੇ ਕਿਹਾ ਕਿ ਅੱਜ ਚਿੱਟੇ ਦਾ ਮਜੀਠੀਆ ਬ੍ਰੈਂਡ ਚੱਲ ਗਿਆ ਹੈ।
ਚਰਨਜੀਤ ਸਿੰਘ ਚੰਨੀ ਨੇ ਅਕਾਲੀ ਦਲ ‘ਤੇ ਵਰ੍ਹਦਿਆਂ ਕਿਹਾ ਕਿ ਇਨ੍ਹਾਂ ਟ੍ਰਾਂਸਪੋਰਟ ਮਾਫੀਆ ਚਲਾਇਆ ਬਿਜਲੀ ਦੇ ਗਲਤ ਸਮਝੌਤੇ ਕੀਤੇ ਤੇ ਇਨ੍ਹਾਂ ਨੂੰ ਨੱਥ ਪਾਉਣ ਲਈ ਕੋਈ ਤਕੜਾ ਜਰਨੈਲ ਚਾਹੀਦਾ ਹੈ ਜਿਹੜਾ ਕਿ ਸੁਖਜਿੰਦਰ ਸਿੰਘ ਰੰਧਾਵਾ ਹੈ।ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਜਦੋਂ ਮੁੱਖ ਮੰਤਰੀ ਬਣਿਆਂ ਤਾਂ ਉਸ ਨੇ ਚਿੱਟੇ ਦੇ ਵਪਾਰੀਆਂ ‘ਤੇ ਕਾਰਵਾਈ ਕਰਨ ਦੇ ਬਜਾਏ ਰਿਸ਼ਤੇਦਾਰੀਆਂ ਪਾ ਲਈਆਂ।ਚੰਨੀ ਨੇ ਕਿਹਾ ਕਿ ਮਜੀਠੀਆ ਨੂੰ ਕਿਸੇ ਨੇ ਵੀ ਜ਼ਮਾਨਤ ਨਹੀਂ ਦਿੱਤੀ 22 ਤਾਰੀਖ ਨੂੰ ਗ੍ਰਿਫਤਾਰ ਹੋਣਾ ਪਵੇਗਾ।
ਦੱਸ ਦਈਏ ਕਿ ਸੁਪਰੀਮ ਕੋਰਟ ਵੱਲੋਂ ਮਜੀਠੀਆ ਨੂੰ ਅਗਾਊਂ ਜ਼ਮਾਨਤ ਦਿੱਤੀ ਗਈ ਹੈ। ਚੰਨੀ ਨੇ ਕਿਹਾ ਕਿ ਅਗਲੇ ਪੰਜ ਸਾਲ ਲਈ ਪੰਜਾਬ ਦੀ ਸਰਕਾਰ ਸੁਖਜਿੰਦਰ ਸਿੰਘ ਰੰਧਾਵਾ ਚਲਾਵੇਗਾ।ਉਨ੍ਹਾਂ ਕਿਹਾ ਕਿ ਅੱਜ ਵਿਰੋਧੀ ਸਿੱਟ ਅਤੇ ਹੋਰ ਏਜੰਸੀਆਂ ਇਕੱਠੀਆਂ ਕਰਕੇ ਉਨ੍ਹਾਂ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੇ ਹਨ।