ਅੰਮ੍ਰਿਤਸਰ/ਚੰਡੀਗੜ : ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਭਗਵੰਤ ਮਾਨ ਨੇ ਗੁਰੂ ਦੀ ਨਗਰੀ ਅੰਮ੍ਰਿਤਸਰ ਤੋਂ ਵਿਧਾਨ ਸਭਾ ਚੋਣਾਂ ਲਈ ਪਾਰਟੀ ਦਾ ਨਵਾਂ ਚੋਣ ਗੀਤ ਲਾਂਚ ਕੀਤਾ ਹੈ। ਗੀਤ ਦੇ ਬੋਲ ਹਨ “ਪੰਜਾਬ ਦਾ ਪੁੱਤ ਜਿਤਾਉਣਾ ਹੈ” ਲਾਂਚ ਕੀਤਾ ਹੈ। ਬਾਲੀਵੁੱਡ ਦੇ ਮਸਹੂਰ ਗਾਇਕ ਸੁਖਵਿੰਦਰ ਸਿੰਘ ਨੇ ਇਸ ਗੀਤ ਨੂੰ ਆਵਾਜ ਦਿੱਤੀ ਹੈ।
ਵੀਰਵਾਰ ਨੂੰ ਅੰਮ੍ਰਿਤਸਰ ਵਿਖੇ ਪ੍ਰੈਸ ਕਾਨਫਰੰਸ ਦੌਰਾਨ ਮਾਨ ਨੇ ਇਸਨੂੰ ਜਾਰੀ ਕੀਤਾ। ਗੀਤ ਵਿੱਚ ਭਗਵੰਤ ਮਾਨ ਨੂੰ ਪੰਜਾਬ ਦਾ ਪੁੱਤਰ ਦੱਸਿਆ ਗਿਆ ਹੈ। ਵੀਡੀਓ ਵਿੱਚ ਮਾਨ ਆਮ ਲੋਕਾਂ, ਔਰਤਾਂ, ਬੱਚਿਆਂ ਅਤੇ ਬਜੁਰਗਾਂ ਨੂੰ ਮਿਲ ਰਹੇ ਹਨ। ਉਨਾਂ ਨੂੰ ਗਲੇ ਲਗਾ ਕੇ ਉਨਾਂ ਦੀਆਂ ਸਮੱਸਿਆਵਾਂ ਸੁਣ ਕੇ ਹੱਲ ਕਰਨ ਦਾ ਭਰੋਸਾ ਦੇ ਰਹੇ ਹਨ। ਮਾਨ ਦੀ ਜਨਸਭਾ ਅਤੇ ਚੋਣ ਪ੍ਰਚਾਰ ਦੌਰਾਨ ਲੋਕਾਂ ਵੱਲੋਂ ਮਿਲ ਰਹੇ ਭਰਵੇਂ ਸਮਰਥਨ ਅਤੇ ਪਿਆਰ ਨੂੰ ਵੀ ਗੀਤ ਵਿੱਚ ਦਿਖਾਇਆ ਗਿਆ ਹੈ।
ਇਸ ਮੌਕੇ ਮਾਨ ਨੇ ਕਿਹਾ ਕਿ ਪੰਜਾਬ ਦੇ ਲੋਕ ਰਵਾਇਤੀ ਪਾਰਟੀਆਂ ਦੀ ਰਾਜਨੀਤੀ ਤੋਂ ਤੰਗ ਆ ਚੁੱਕੇ ਹਨ। ਲੋਕ ਹੁਣ ਬਦਲਾਅ ਚਾਹੁੰਦੇ ਹਨ। ਬਦਲਾਅ ਲਈ ਲੋਕਾਂ ਦੀ ਇੱਕੋ ਇੱਕ ਪਸੰਦ ਆਮ ਆਦਮੀ ਪਾਰਟੀ ਹੈ। ਅਸੀਂ ਪੰਜਾਬ ਦੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਚੰਗੀ ਤਰਾਂ ਜਾਣਨ ਵਾਲੇ, ਪੜੇ-ਲਿਖੇ, ਯੋਗ ਅਤੇ ਆਮ ਘਰਾਂ ਨਾਲ ਸਬੰਧ ਰੱਖਣ ਵਾਲੇ ਉਮੀਦਵਾਰ ਚੋਣ ਮੈਦਾਨ ਵਿੱਚ ਉਤਾਰੇ ਹਨ। 20 ਫਰਵਰੀ ਨੂੰ ਪੰਜਾਬ ਦੇ ਲੋਕ ਆਪਣੀ ਅਤੇ ਪੰਜਾਬ ਦੀ ਕਿਸਮਤ ਲਿਖਣਗੇ। ਲੋਕ ਆਪਣੇ ਬੱਚਿਆਂ ਦੀ ਤਕਦੀਰ ਬਦਲਣ ਅਤੇ ਪੰਜਾਬ ਨੂੰ ਮੁੜ ਤੋਂ ਰੰਗਲਾ ਬਣਾਉਣ ਲਈ ਇਸ ਵਾਰ ਆਮ ਆਦਮੀ ਪਾਰਟੀ ਨੂੰ ਵੋਟ ਦੇਣਗੇ।