ਫ਼ਤਹਿਗੜ੍ਹ ਚੂੜੀਆਂ : ਇਸ ਹਲਕੇ ਤੋਂ ਲਗਾਤਾਰ ਦੋ ਵਾਰੀ ਜਿੱਤ ਚੁੱਕੇ ਪੰਜਾਬ ਦੇ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਅੱਜ ਇਲਾਕੇ ਦੇ ਵੱਡੇ ਪਿੰਡਾਂ ਵਿੱਚ ਹੋਈਆਂ ਭਰਵੀਆਂ ਚੋਣ ਰੈਲੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੂਰੇ ਹਲਕੇ ਵਿੱਚ ਕਾਂਗਰਸ ਦੇ ਹੱਕ ਵਿੱਚ ਚੱਲ ਰਹੀ ਜ਼ਬਰਦਸਤ ਹਵਾ ਸਦਕਾ ਉਹ ਇਸ ਚੋਣ ਵਿੱਚ ਬੜੀ ਸ਼ਾਨ ਨਾਲ ਤੀਸਰੀ ਵਾਰ ਵੀ ਜਿੱਤ ਕੇ ਹਲਕੇ ਦੇ ਵਿਕਾਸ ਨੂੰ ਨਵੀਆਂ ਬੁਲੰਦੀਆਂ ’ਤੇ ਲੈ ਕੇ ਜਾਣਗੇ।
ਸ੍ਰੀ ਬਾਜਵਾ ਨੇ ਪਿੰਡ ਨੰਦਿਆਂਵਾਲੀ, ਖੋਦੇ ਬਾਂਗਰ, ਮੁਰੀਦਕੇ, ਤੇਜਾ ਖੁਰਦ, ਕੋਟ ਖਜ਼ਾਨਾ ਅਤੇ ਚੰਦੂ ਸੂਜਾ ਵਿਖੇ ਹੋਈਆਂ ਚੋਣ ਰੈਲੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਲੋਕਾਂ ਨੂੰ ਅਜੇ ਤੱਕ ਨਾ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਭੁੱਲੀ ਹੈ, ਨਾ ਅਕਾਲੀ ਦਲ ਵੱਲੋਂ ਤਿੰਨ ਕਿਸਾਨ ਮਾਰੂ ਕਾਲੇ ਕਾਨੂੰਨਾਂ ਦੇ ਹੱਕ ਵਿੱਚ ਕੀਤਾ ਪ੍ਰਚਾਰ ਭੁੱਲਿਆ ਹੈ ਅਤੇ ਨਾ ਹੀ ਸੁਖਬੀਰ-ਮਜੀਠੀਆ ਦੀ ਜੋੜੀ ਵੱਲੋਂ ਪੰਜਾਬ ਵਿੱਚ ਲਿਆਂਦੇ ਗਏ ਚਿੱਟੇ ਵਰਗੇ ਘਾਤਕ ਨਸ਼ੇ ਕਾਰਨ ਹਜ਼ਾਰਾਂ ਨੌਜਵਾਨਾਂ ਦੀਆਂ ਮੌਤਾਂ ਭੁੱਲੀਆਂ ਹਨ। ਉਨ੍ਹਾਂ ਕਿਹਾ ਕਿ ਅਕਾਲੀ ਦਲ ਦੀਆਂ ਭੜਕਾਊ ਨੀਤੀਆਂ ਕਾਰਨ ਹੀ ਪੰਜਾਬ ਵਿੱਚ ਅੱਤਵਾਦ ਦੀ ਕਾਲੀ ਹਨੇਰੀ ਝੁੱਲੀ ਸੀ ਅਤੇ ਇਸੇ ਪਾਰਟੀ ਦੇ 10 ਸਾਲਾਂ ਦੇ ਰਾਜ ਦੌਰਾਨ ਗੈਂਗਸਟਰਾਂ ਲੋਕਾਂ ਦਾ ਜਿਊਣਾ ਦੁਬਰ ਕਰ ਰੱਖਿਆ ਸੀ।
ਕਾਂਗਰਸੀ ਆਗੂ ਨੇ ਕਿਹਾ ਕਿ ਉਨ੍ਹਾਂ ਵੱਲੋਂ ਪਿਛਲੇ 5 ਸਾਲਾਂ ਵਿੱਚ ਹਲਕੇ ਦੇ ਕੀਤੇ ਲਾਮਿਸਾਲ ਕਾਰਜਾਂ ਸਦਕਾ ਇਲਾਕੇ ਦੇ ਲੋਕ ਉਨ੍ਹਾਂ ਨੂੰ ਮੁੜ ਵਿਧਾਨ ਸਭਾ ਭੇਜਣ ਲਈ ਪੱਕਾ ਮਨ ਬਣਾਈ ਬੈਠੇ ਹਨ ਤਾਂ ਕਿ ਹਲਕੇ ਦੇ ਬਕਾਇਆ ਅਤੇ ਚੱਲ ਰਹੇ ਵਿਕਾਸ ਕਾਰਜਾਂ ਨੂੰ ਨੇਪਰੇ ਚਾੜਿਆ ਜਾ ਸਕੇ। ਉਨ੍ਹਾਂ ਨੇ ਕਿਹਾ ਕਿ ਹਲਕੇ ਵਿੱਚ ਜਿਥੇ ਪੇਂਡੂ ਲਿੰਕ ਸੜਕਾਂ ਨੂੰ ਚੌੜਾ ਅਤੇ ਮਜ਼ਬੂਤ ਕੀਤਾ ਗਿਆ ਹੈ ਓਥੇ ਨਵੀਆਂ ਲਿੰਕ ਸੜਕਾਂ ਅਤੇ ਪੁੱਲਾਂ ਦੀ ਉਸਾਰੀ ਕਰਵਾ ਕੇ ਲੋਕਾਂ ਨੂੰ ਆਵਾਜਾਈ ਦੀਆਂ ਬੇਹਤਰੀਨ ਸਹੂਲਤਾਂ ਦਿੱਤੀਆਂ ਗਈਆਂ ਹਨ। ਸ੍ਰੀ ਬਾਜਵਾ ਨੇ ਕਿਹਾ ਕਿ ਹਲਕੇ ਦੇ ਬਹੁਤੇ ਪਿੰਡਾਂ ਦੀਆਂ ਸਕੂਲੀ ਇਮਾਰਤਾਂ, ਛੱਪੜਾਂ, ਸਮਸ਼ਾਨਘਾਟਾਂ, ਧਰਮਸ਼ਾਲਾਵਾਂ ਅਤੇ ਕਰਬਸਤਾਨਾਂ ਦਾ ਨਵੀਨੀਕਰਨ ਅਤੇ ਉਸਾਰੀ ਕੀਤੀ ਗਈ ਹੈ।