ਚੰਡੀਗੜ੍ਹ, : ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਪ੍ਰਧਾਨ ਅਤੇ ਰਾਜ ਸਭਾ ਮੈਂਬਰ ਸ: ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਕਿ ਵਿਧਾਨ ਸਭਾ ਚੋਣਾਂ ਵਿੱਚ ਸੱਤਾ ਪ੍ਰਾਪਤੀ ਲਈ ਪਾਣੀ ਦੀ ਤਰ੍ਹਾਂ ਕਰੋੜਾਂ ਰੁਪਏ ਬਹਾ ਰਹੇ ਆਮ ਆਦਮੀ ਪਾਰਟੀ, ਕਾਂਗਰਸ ਜਾਂ ਬਾਦਲ ਦਲ ਜੇਕਰ ਸਰਕਾਰ ਬਣਾ ਗਏ ਤਾਂ ਇਹ ਲੋਕ ਪੰਜਾਬ ਨੂੰ ਪੂਰੀ ਤਰ੍ਹਾਂ ਲੁੱਟ ਖਾਣਗੇ। ਸ: ਢੀਂਡਸਾ ਨੇ ਭਾਰਤੀ ਚੋਣ ਕਮਿਸ਼ਨ ਨੂੰ ਚੋਣਾਂ ਦੌਰਾਨ ਬੇਹਿਸਾਬ ਪੈਸਾ ਖਰਚ ਕਰਨ ਵਾਲੀਆਂ ਸਿਆਸੀ ਪਾਰਟੀਆਂ ਵਿਰੁਧ ਕਾਰਵਾਈ ਕਰਨ ਦੀ ਵੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ, ਕਾਂਗਰਸ ਅਤੇ ਬਾਦਲ ਦਲ ਜੇ ਸੱਤਾ ਵਿੱਚ ਆਉਂਦੇ ਹਨ ਤਾਂ ਉਹ ਚੋਣ ਪ੍ਰਚਾਰ ਤੇ ਖਰਚ ਹੋ ਰਹੇ ਆਪਣੇ ਸਾਰੇ ਪੈਸੇ ਦੀ ਭਰਪਾਈ ਪੰਜਾਬ ਦੇ ਲੋਕਾਂ ਤੋਂ ਕਰਨਗੇ। ਇਸ ਲਈ ਪੰਜਾਬ ਵਾਸੀਆਂ ਨੂੰ ਅਜਿਹੀ ਲੁੱਟ-ਖਸੁੱਟ ਕਰਨ ਵਾਲੀਆਂ ਪਾਰਟੀਆਂ ਤੋਂ ਸੂਚੇਤ ਰਹਿਣ ਦੀ ਲੋੜ ਹੈ। ਸ: ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਕਰੀਬੀ ਰਿਸ਼ੇਤੇਦਾਰ ਕੋਲੋਂ ਸਰਕਾਰ ਦੇ ਮਹਿਜ਼ ਆਖਰੀ ਕੁੱਝ ਮਹੀਨਿਆਂ ਦੌਰਾਨ ਹੀ ਬਰਾਮਦ ਹੋਏ 10 ਕਰੋੜ ਰੁਪਏ, ਸੋਨਾ ਅਤੇ ਹੋਰ ਮਹਿੰਗੇ ਸਮਾਨ ਨੇ ਇਹ ਗੱਲ ਸਾਬਿਤ ਕਰ ਦਿੱਤੀ ਹੈ ਕਿ ਜੇਕਰ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਮੁੜ ਸੱਤਾ ਵਿੱਚ ਆਈ ਤਾਂ ਚੰਨੀ ਸਰਕਾਰ ਭ੍ਰਿਸ਼ਟਾਚਾਰ ਦੇ ਸਾਰੇ ਰਿਕਾਰਡ ਤੋੜ ਦਿਵੇਗੀ। ਉਨ੍ਹਾਂ ਕਿਹਾ ਕਿ ਜੇਕਰ ਚਰਨਜੀਤ ਸਿੰਘ ਚੰਨੀ 111 ਦਿਨ ਵਿੱਚ ਹੀ ਕਰੋੜਾਂ ਰੁਪਏ ਇਕੱਠੇ ਕਰ ਸਕਦੇ ਹਨ ਤਾਂ ਪੰਜ ਸਾਲ ਦੀ ਸਰਕਾਰ ਵਿੱਚ ਤਾਂ ਉਹ ਪੰਜਾਬ ਨੂੰ ਪੂਰੀ ਤਰ੍ਹਾਂ ਕੰਗਾਲ ਕਰ ਦੇਣਗੇ।

ਢੀਂਡਸਾ ਨੇ ਕਿਹਾ ਕਿ ਕਾਂਗਰਸ ਅਤੇ ਆਮ ਆਦਮੀ ਪਾਰਟੀਤੇ ਉਮੀਦਵਾਰਾਂ ਨੂੰ ਟਿਕਟਾਂ ਵੇਚਣ ਦੇ ਵੀ ਦੋਸ਼ ਲੱਗ ਚੁੱਕੇ ਹਨ। ਉਨ੍ਹਾਂ ਕਿਹਾ ਕਿ ਇਸ ਵੇਲੇ ਪੰਜਾਬ ਵਿੱਚ ਚੋਣ ਪ੍ਰਚਾਰ ਪੂਰੀ ਤਰ੍ਹਾਂ ਨਾਲ ਭੱਖਿਆ ਹੋਇਆ ਹੈ ਅਤੇ ਆਪ,ਕਾਂਗਰਸ ਅਤੇ ਬਾਦਲ ਦਲ ਦਾ ਪੂਰਾ ਜ਼ੋਰ ਕਿਸੇ ਵੀ ਢੰਗ ਨਾਲ ਸੱਤਾ ਪ੍ਰਾਪਤੀ ਤੇ ਹੈ ਭਾਵੇਂ ਇਸ ਦੇ ਲਈ ਉਨ੍ਹਾਂ ਨੂੰ ਕੋਈ ਵੀ ਪੁੱਠਾ-ਸਿੱਧਾ ਕੰਮ ਕਿਉਂ ਨਾ ਕਰਨਾ ਪਵੇ। ਉਨ੍ਹਾਂ ਕਿਹਾ ਕਿ ਅਰਵਿੰਦਰ ਕੇਜਰੀਵਾਲ ਪੰਜਾਬ ਵਿੱਚ ਦਿੱਲੀ ਮਾਡਲ ਲੈ ਕੇ ਆਉਣ ਦੀ ਗੱਲ ਕਰਦੇ ਹਨ ਪਰ ਅਸਲੀਅਤ ਵਿੱਚ ਕੋਰੋਨਾ ਕਾਲ ਵਿੱਚ ਦਿੱਲੀ ਦੇ ਹਸਪਤਾਲਾਂ ਦੀ ਜੋ ਹਾਲਤ ਸੀ ਅਤੇ ਜਿਸ ਤਰੀਕੇ ਨਾਲ ਦਿੱਲੀ ਦੇ ਲੋਕ ਸਿਹਤ ਸਹੂਲਤਾਂ ਲਈ ਤਰਸੇ ਸਨ, ਉਹ ਮੰਜ਼ਰ ਹਾਲੇ ਵੀ ਦੇਸ਼ ਦੇ ਲੋਕ ਭੁੱਲੇ ਨਹੀ ਹਨ। ਸ: ਢੀਂਡਸਾ ਨੇ ਕਿਹਾ ਕਿ ਕੋਰੋਨਾ ਕਾਲ ਵਿੱਚ ਕੇਜਰੀਵਾਲ ਨੇ ਜਿਨਾ ਪੈਸਾ ਆਪਣੀ ਸਰਕਾਰ ਦੇ ਪ੍ਰਚਾਰ ਕਰਨ ਤੇ ਲਾਇਆ ਜੇਕਰ ਉਨਾ ਪੈਸਾ ਉਹ ਦਿੱਲੀ ਵਿੱਚ ਸਿਹਤ ਸਹੂਲਤਾਂ ਦੇ ਸੁਧਾਰਤੇ ਲਗਾਉਂਦੇ ਤਾਂ ਦਿੱਲੀ ਵਿੱਚ ਕੋਰੋਨਾ ਨਾਲ ਮਰਨ ਵਾਲੇ ਲੋਕਾਂ ਦੀ ਗਿਣਤੀ ਬਹੁਤ ਘੱਟ ਹੋਣੀ ਸੀ। ਸ: ਢੀਂਡਸਾ ਨੇ ਕਿਹਾ ਕਿ ਦਿੱਲੀ ਦੀ ਤਰ੍ਹਾਂ ਪੰਜਾਬ ਵਿੱਚ ਵੀ ਕੇਜਰੀਵਾਲ ਆਪਣੀ ਪਾਰਟੀ ਦੇ ਪ੍ਰਚਾਰ ਲਈ ਕੋਰੜਾਂ ਰੁਪਏ ਖਰਚ ਕਰ ਰਹੇ ਹਨ। ਬਾਦਲ ਦਲ ਤੇ ਨਿਸ਼ਾਨਾ ਸੇਧਦਿਆਂ ਸ: ਢੀਂਡਸਾ ਨੇ ਕਿਹਾ ਕਿ ਪੈਸੇ ਦੇ ਜ਼ੋਰਤੇ ਸੱਤਾ ਹਾਸਿਲ ਕਰਨ ਦੇ ਚਾਹਵਾਨ ਸੁਖਬੀਰ ਸਿੰਘ ਬਾਦਲ ਦਾ ਵੀ ਇਕ ਹੀ ਟੀਚਾ ਹੈ ਕਿ ਉਹ ਮੁੱਖ ਮੰਤਰੀ ਬਣਕੇ ਦੁਬਾਰਾ ਇਕ ਵਾਰ ਫਿਰ ਪੰਜਾਬ ਦੇ ਲੋਕਾਂ ਨੂੰ ਲੁੱਟ ਸਕੇ। ਸ: ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਕਿ ਭਾਜਪਾ, ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਅਤੇ ਪੰਜਾਬ ਲੋਕ ਕਾਂਗਰਸ ਦਾ ਗਠਜੋੜ ਹੀ ਪੰਜਾਬ ਨੂੰ ਇਕ ਭ੍ਰਿਸ਼ਟਾਚਾਰ ਮੁਕਤ ਸਰਕਾਰ ਦੇ ਸਕਦਾ ਹੈ।

Please follow and like us:

Similar Posts