ਰਾਜਪੁਰਾ/ਚੰਡੀਗੜ੍ਹ :ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸਹਿ ਇੰਚਾਰਜ ਰਾਘਵ ਚੱਢਾ ਨੇ ਵਿਧਾਨ ਸਭਾ ਹਲਕਾ ਰਾਜਪੁਰਾ ਵਿੱਚ ਪਾਰਟੀ ਦੀ ਉਮੀਦਵਾਰ ਨੀਨਾ ਮਿੱਤਲ ਦੇ ਹੱਕ ਵਿੱਚ ਚੋਣ ਪ੍ਰਚਾਰ ਕੀਤਾ। ਚੱਢਾ ਨੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੂੰ ਵੱਡੇ ਫਰਕ ਨਾਲ ਜਿਤਾ ਕੇ ਪੰਜਾਬ ਵਿੱਚ ਇਮਾਨਦਾਰ ਅਤੇ ਸਥਿਰ ਸਰਕਾਰ ਬਣਾਉਣ ਦੀ ਅਪੀਲ ਕੀਤੀ।
ਵੀਰਵਾਰ ਨੂੰ ਰਾਘਵ ਚੱਢਾ ਨੇ ਵਿਧਾਨ ਸਭਾ ਹਲਕਾ ਰਾਜਪੁਰਾ ਦੇ ਵੱਖ-ਵੱਖ ਇਲਾਕਿਆਂ ‘ਚ ‘ਆਪ’ ਉਮੀਦਵਾਰ ਦੇ ਹੱਕ ‘ਚ ਚੋਣ ਪ੍ਰਚਾਰ ਕਰਦੇ ਹੋਏ ਕਿਹਾ ਕਿ ਪੰਜਾਬ ਦੀ ਰਾਜਨੀਤਿਕ ਗੰਦਗੀ ਨੂੰ ‘ਆਪ’ ਦਾ ਝਾੜੂ ਹੀ ਸਾਫ ਕਰੇਗਾ। ਅੱਜ ਪੰਜਾਬ ਦੇ ਲੋਕਾਂ ਕੋਲ ਦੋ ਵਿਕਲਪ ਹਨ। ਇੱਕ ਪਾਸੇ ਰੇਤ ਮਾਫੀਆ, ਕੇਬਲ ਮਾਫੀਆ, ਚਿੱਟਾ ਮਾਫੀਆ, ਟਰਾਂਸਪੋਰਟ ਮਾਫੀਆ ਹੈ ਅਤੇ ਦੂਜੇ ਪਾਸੇ ਕੱਟੜ ਇਮਾਨਦਾਰ ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ਦੀ ਜੋੜੀ ਹੈ। ਚੱਢਾ ਨੇ ਕਿਹਾ ਕਿ ਪੰਜਾਬ ਦੇ ਉੱਜਵਲ ਭਵਿੱਖ ਲਈ ਇਸ ਵਾਰ ਝਾੜੂ ਦਾ ਬਟਨ ਦਬਾ ਕੇ ਆਮ ਆਦਮੀ ਪਾਰਟੀ ਦੀ ਇਮਾਨਦਾਰ ਸਰਕਾਰ ਬਣਾਉਣੀ ਹੈ। ਬਾਦਲਾਂ ਅਤੇ ਕਾਂਗਰਸੀ ਆਗੂਆਂ ਦੀ ਜਮਾਨਤ ਜ਼ਬਤ ਕਰਾਉਣੀ ਹੈ।
ਚੱਢਾ ਨੇ ਕਿਹਾ ਕਿ, “ਪੰਜਾਬ ਵਿੱਚ ਆਮ ਆਦਮੀ ਪਾਰਟੀ ਪ੍ਰਤੀ ਲੋਕਾਂ ਦੇ ਉਤਸ਼ਾਹ ਅਤੇ ਪਿਆਰ ਨੂੰ ਦੇਖ ਕੇ ਲੱਗਦਾ ਹੈ ਕਿ ਇਸ ਵਾਰ ਸੂਬੇ ਵਿੱਚ ‘ਆਪ’ ਦੀ ਸਰਕਾਰ ਬਣਨਾ ਤੈਅ ਹੈ। ਉਨ੍ਹਾਂ ਨੇ ਪੰਜਾਬ ਵਿੱਚ ਚੰਗੇ ਹਸਪਤਾਲ ਅਤੇ ਸਕੂਲ ਬਣਾਉਣ ਲਈ, ਨੌਜਵਾਨਾਂ ਦਾ ਉੱਜਵਲ ਭਵਿੱਖ ਬਣਾਉਣ ਲਈ, ਪੰਜਾਬ ਨੂੰ ਭ੍ਰਿਸ਼ਟਾਚਾਰ ਮੁਕਤ ਬਣਾਉਣ ਲਈ 20 ਫਰਵਰੀ ਨੂੰ ‘ਝਾੜੂ’ ਦਾ ਬਟਨ ਦਬਾ ਕੇ ‘ਆਪ’ ਉਮੀਦਵਾਰ ਨੂੰ ਜਿਤਾ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣ ਦੀ ਅਪੀਲ ਕੀਤੀ।