ਚੰਡੀਗੜ :ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਸਵਾਲ ਪੁੱਛਿਆ, ”ਕੀ ਸਿੱਧੂ ਹੁਣ ਮਾਫੀਆ ਨਾਲ ਖੜੇ ਹੋਣਗੇ ਅਤੇ ਉਨਾਂ ਲਈ ਪ੍ਰਚਾਰ ਕਰਨਗੇ? ਕੀ ਉਹ ਪੰਜਾਬ ਦੇ ਲੋਕਾਂ ਨੂੰ ਮਾਫੀਆ ਨੂੰ ਵੋਟ ਦੇਣ ਲਈ ਕਹਿਣਗੇ? ਸਿੱਧੂ ਇਸ ਸੰਬੰਧੀ ਆਪਣਾ ਰੁੱਖ ਸਪੱਸ਼ਟ ਕਰਨ।” ਚੀਮਾ ਨੇ ਕਿਹਾ ਕਿ ਪੰਜਾਬ ਦਾ ਹਰ ਵਿਅਕਤੀ ਜਾਣਦਾ ਹੈ ਕਿ ਸਿੱਧੂ ਕਿਸੇ ਦੇ ਦੋਸਤ ਨਹੀਂ ਹਨ। ਉਹ ਹਮੇਸ਼ਾਂ ਸੱਤਾ ਦੇ ਹੱਕ ਵਿੱਚ ਰਹੇ ਹਨ ਅਤੇ ਹਰ ਪਾਰਟੀ ਦੀ ਸੱਤਾ ਵਿੱਚ ਕਿਸੇ ਨਾ ਕਿਸੇ ਰੂਪ ਵਿੱਚ ਸ਼ਾਮਲ ਰਹੇ ਹਨ। ਸਿੱਧੂ ਕਦੇ ਵੀ ਪੰਜਾਬ ਦੇ ਲੋਕਾਂ ਨਾਲ ਨਹੀਂ ਖੜੇ ਹੋਏ।


ਸੋਮਵਾਰ ਨੂੰ ਇੱਥੇ ਪਾਰਟੀ ਮੁੱਖ ਦਫ਼ਤਰ ਤੋਂ ਜਾਰੀ ਇੱਕ ਬਿਆਨ ਵਿੱਚ ਹਰਪਾਲ ਸਿੰਘ ਚੀਮਾ ਨੇ ਕਿਹਾ, ”2004 ਤੋਂ 2016 ਤੱਕ ਨਵਜੋਤ ਸਿਧੂ ਭਾਰਤੀ ਜਨਤਾ ਪਾਰਟੀ ਦੇ ਆਗੂ ਸਨ ਅਤੇ ਪੰਜਾਬ ਵਿੱਚ ਉਸ ਸਮੇਂ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦੀ ਸਾਂਝੀ ਸਰਕਾਰ ਸੀ। ਉਸ ਤੋਂ ਬਾਅਦ 2017 ਤੋਂ ਬਾਅਦ ਉਹ ਕਾਂਗਰਸ ਦੇ ਵਿਧਾਇਕ ਹਨ ਅਤੇ ਕੈਪਟਨ ਸਰਕਾਰ ਵਿੱਚ ਮੰਤਰੀ ਬਣੇ। ਅੱਜ ਪੰਜਾਬ ਦੀ ਜਨਤਾ ਦੇ ਮਨ ਵਿੱਚ ਨਵਜੋਤ ਸਿੱਧੂ ਬਾਰੇ ਬੱਸ ਇੱਕ ਹੀ ਸਵਾਲ ਹੈ ਕਿ 15 ਸਾਲ ਸੱਤਾ ਵਿੱਚ ਰਹਿੰਦਿਆਂ ਉਨਾਂ ਪੰਜਾਬ, ਪੰਜਾਬ ਦੀ ਜਨਤਾ ਅਤੇ ਆਪਣੇ ਚੋਣ ਖੇਤਰ ਅੰਮ੍ਰਿਤਸਰ ਦੇ ਲੋਕਾਂ ਲਈ ਕੀ ਕੀਤਾ?


ਚੀਮਾ ਨੇ ਕਿਹਾ ਕਿ ਪੰਜਾਬ ਦੇ ਲੋਕ ਨਵਜੋਤ ਸਿੰਘ ਸਿੱਧੂ ਦੇ ਗੈਰ ਜ਼ਿੰਮੇਵਾਰੀ ਵਾਲੇ ਸੁਭਾਅ ਤੋਂ ਚੰਗੀ ਤਰਾਂ ਵਾਕਿਫ਼ ਹੈ। ਅਸੀਂ ਸਾਰੇ ਜਾਣਦੇ ਹਾਂ ਕਿ ਉਹ ਸਿਰਫ਼ ਗੱਲਾਂ ਹੀ ਕਰਦੇ ਹਨ। ਆਪਣੀ ਕਹੀ ਗੱਲ ‘ਤੇ ਕੋਈ ਅਮਲ ਨਹੀਂ ਕਰਦੇ। ਪਿਛਲੇ 15 ਸਾਲਾਂ ਤੋਂ ਸੱਤਾਧਾਰੀ ਸਰਕਾਰ ਦਾ ਹਿੱਸਾ ਹੋਣ ਦੇ ਬਾਵਜੂਦ ਵੀ ਉਨਾਂ ਸਿਰਫ ਗੱਲਾਂ ਹੀ ਕੀਤੀਆਂ ਹਨ। ਚੀਮਾ ਨੇ ਸਿੱਧੂ ਨੂੰ ਚੁਣੌਤੀ ਦਿੱਤੀ ਕਿ ਸਮੇਂ ਸਮੇਂ ‘ਤੇ ਉਨਾਂ ਮਾਫੀਆ ਵਿਰੋਧੀ, ਭ੍ਰਿਸ਼ਟਾਚਾਰ ਵਿਰੋਧੀ ਅਤੇ ਪੰਜਾਬ ਸਮਰਥਕ ਹੋਣ ਦਾ ਦਾਅਵਾ ਕੀਤਾ ਹੈ। ਜੇ ਉਹ ਸੱਚ ਵਿਚ ਪੰਜਾਬ ਵਿਚਲੇ ਮਾਫੀਆ ਅਤੇ ਭ੍ਰਿਸ਼ਟਾਚਾਰ ਵਿਰੋਧੀ ਹਨ ਤਾਂ ਮਾਫੀਆ ਨੂੰ ਸੁਰੱਖਿਆ ਦੇਣ ਵਾਲੇ ਅਤੇ ਚਲਾਉਣ ਵਾਲੇ ਕਾਂਗਰਸੀ ਮੰਤਰੀਆਂ ਦੇ ਨਾਂਅ ਜਨਤਕ ਕਰਨ।


ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਲੋਕ ਨਵਜੋਤ ਸਿੰਘ ਸਿੱਧੂ ‘ਤੇ ਇਸ ਲਈ ਭਰੋਸਾ ਨਹੀਂ ਕਰਦੇ, ਕਿਉਂਕਿ ਇੱਕ ਦਿਨ ਉਹ ਕਹਿੰਦੇ ਹਨ ਕਿ ਉਹ ਪੰਜਾਬ ਦੇ ਲੋਕਾਂ ਲਈ ਲੜਨਗੇ ਅਤੇ ਮਾਫੀਆ ਨੂੰ ਪੰਜਾਬ ਨੂੰ ਰਾਜ ਨਹੀਂ ਕਰਨ ਦੇਣਗੇ। ਅਗਲੇ ਦਿਨ ਉਹ ਭ੍ਰਿਸ਼ਟਾਚਾਰ ਤੇ ਮਾਫੀਆ ਦੇ ਦੋਸ਼ਾਂ ਨਾਲ ਘਿਰੇ ਕਾਂਗਰਸੀਆਂ ਨਾਲ ਸਟੇਜ ਸਾਂਝੀ ਕਰ ਰਹੇ ਹੁੰਦੇ ਹਨ ਅਤੇ ਉਸੇ ਮਾਫੀਆ ਲਈ ਪ੍ਰਸੰਸਾਂ ਦੇ ਗੀਤ ਗਾ ਰਹੇ ਹੁੰਦੇ ਹਨ। ਚੀਮਾ ਨੇ ਦਾਅਵਾ ਕੀਤਾ ਕਿ ਪੰਜਾਬ ਦੇ ਲੋਕ ਨਵਜੋਤ ਸਿੱਧੂ ਦੇ ਸਾਰੇ ਨਾਟਕਾਂ ਨੂੰ ਦੇਖ ਚੁੱਕੇ ਹਨ। ਲੋਕ ਹੁਣ ਸਿੱਧੂ ਅਤੇ ਕਾਂਗਰਸ ਲਈ ਆਪਣੀ ਕੀਮਤੀ ਵੋਟ ਬਰਬਾਦ ਨਹੀਂ ਕਰਨਗੇ। ਉਨਾਂ ਕਿਹਾ ਕਿ ਆਮ ਆਦਮੀ ਪਾਰਟੀ ਪੰਜਾਬ ਵਿੱਚ ਭ੍ਰਿਸ਼ਟਾਚਾਰ ਅਤੇ ਮਾਫੀਆ ਮੁਕਤ ਸਰਕਾਰ ਬਣਾਏਗੀ ਅਤੇ ਲੋਕਾਂ ਨੂੰ ਪ੍ਰੇਸ਼ਾਨੀਆਂ ਤੋਂ ਮੁਕਤੀ ਦਿਵਾਏਗੀ। ਇਸ ਵਾਰ ਪੰਜਾਬ ਦੀ ਜਨਤਾ ਭਾਰੀ ਬਹੁਮਤ ਨਾਲ ‘ਆਪ’ ਦੀ ਸਰਕਾਰ ਬਣਾਏਗੀ।

Please follow and like us:

Similar Posts