ਸੰਗਰੂਰ : ਆਮ ਆਦਮੀ ਪਾਰਟੀ ਵੱਲੋਂ ਐਲਾਨੇ ਗਏ ਉਮੀਦਵਾਰ ਆਪੋ ਆਪਣੀਆਂ ਨਾਮਜ਼ਦਗੀਆਂ ਦਾਖ਼ਲ ਕਰ ਰਹੇ ਹਨ ਜਿਸ ਦੇ ਚਲਦਿਆਂ ਅੱਜ ਆਪ ਦੇ ਸੀਐਮ ਚਿਹਰੇ ਭਗਵੰਤ ਮਾਨ ਵਲੋਂ ਵੀ ਧੂਰੀ ਤੋਂ ਨਾਮਜ਼ਦਗੀ ਪੱਤਰ ਦਾਖ਼ਲ ਕੀਤਾ ਗਿਆ । ਇਸ ਤੋਂ ਪਹਿਲਾਂ ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਵੱਲੋਂ ਇਕ ਅਜਿਹਾ ਟਵੀਟ ਕੀਤਾ ਗਿਆ ਜਿਸ ਨੇ ਸਿਆਸੀ ਹਲਕਿਆਂ ਵਿੱਚ ਹਲਚਲ ਮਚਾ ਦਿੱਤੀ ਹੈ। ਅਰਵਿੰਦ ਕੇਜਰੀਵਾਲ ਨੇ ਹਿੰਦੀ ਵਿਚ ਕੀਤੇ ਇਸ ਟਵੀਟ ਵਿੱਚ ਲਿਖਿਆ ਕਿ ਉਹ ਅਰਦਾਸ ਕਰਦੇ ਹਨ ਕਿ ਭਗਵੰਤ ਮਾਨ ਪੰਜਾਬ ਦੇ ਮੁੱਖ ਮੰਤਰੀ ਵਰਲਡ ਦੇਖੋ ਇਮਾਨਦਾਰੀ ਨਾਲ ਕੰਮ ਕਰਦਿਆਂ ਪੰਜਾਬ ਦੀ ਜਨਤਾ ਦੇ ਦੁੱਖ ਦੂਰ ਕਰਨ। ਕੇਜਰੀਵਾਲ ਨੇ ਲਿਖਿਆ ਕਿ ਪੰਜਾਬ ਦੇ ਲੋਕਾਂ ਨੂੰ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਤੋਂ ਬਹੁਤ ਜ਼ਿਆਦਾ ਉਮੀਦਾਂ ਹਨ ਅਤੇ ਪਰਮਾਤਮਾ ਉਨ੍ਹਾਂ ਨੂੰ ਇਹ ਉਮੀਦਾਂ ਤੇ ਪੂਰਾ ਉੱਤਰਣ ਦੀ ਸ਼ਕਤੀ ਦੇਣ।
ਦੱਸ ਦੇਈਏ ਕਿ ਭਗਵੰਤ ਮਾਨ ਵੱਲੋਂ ਧੂਰੀ ਦੇ ਐੱਸਡੀਐੱਮ ਕੋਲ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ ਗਏ। ਇਸ ਦੀ ਜਾਣਕਾਰੀ ਉਨ੍ਹਾਂ ਖੁਦ ਆਪਣੇ ਟਵਿੱਟਰ ਹੈਂਡਲ ਉਤੇ ਦਿੱਤੀ ਹੈ । ਹੁਣ ਜੇਕਰ ਇਸ ਸੀਟ ਦੇ ਇਤਿਹਾਸ ਤੇ ਨਜਰ ਮਾਰੀਏ ਤਾਂ ਤੁਹਾਨੂੰ ਦੱਸ ਦਈਏ ਕਿ ਇਸ ਵਾਰ ਭਗਵੰਤ ਮਾਨ ਦਾ ਮੁਕਾਬਲਾ ਕਾਂਗਰਸ ਪਾਰਟੀ ਦੇ ਉਮੀਦਵਾਰ ਦਲਵੀਰ ਸਿੰਘ ਗੋਲਡੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਪ੍ਰਕਾਸ਼ ਚੰਦ ਗਰਗ ਨਾਲ ਹੋ ਰਿਹਾ ਹੈ। ਸਾਲ 2017 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਦਲਵੀਰ ਸਿੰਘ ਗੋਲਡੀ ਵੱਲੋਂ ਜਸਵੀਰ ਸਿੰਘ ਜੱਸੀ ਜਿਹੜੇ ਕਿ ਆਮ ਆਦਮੀ ਪਾਰਟੀ ਦੇ ਉਮੀਦਵਾਰ ਸਨ ਉਨ੍ਹਾਂ ਨੂੰ 2811 ਵੋਟਾਂ ਦੇ ਫ਼ਰਕ ਨਾਲ ਹਰਾਇਆ ਗਿਆ ਸੀ । ਇਸ ਸੀਟ ਤੋਂ ਸਾਲ 2012 ਵਿੱਚ ਵੀ ਕਾਂਗਰਸੀ ਉਮੀਦਵਾਰ ਹੀ ਜੇਤੂ ਰਿਹਾ ਸੀ । ਧੂਰੀ ਵਿਧਾਨ ਸਭਾ ਹਲਕੇ ਵਿੱਚ 74 ਪਿੰਡ ਆਉਂਦੇ ਹਨ ਅਤੇ ਇੱਥੇ ਕੁੱਲ 1,38,461ਵੋਟਰ ਹਨ । ਜਿਨ੍ਹਾਂ ਵਿੱਚੋਂ 74 ਹਜਾਰ 94 ਪੁਰਸ਼ ਅਤੇ 64 ਹਜਾਰ 3 ਸੌ 67 ਮਹਿਲਾਵਾਂ ਵੋਟਰ ਹਨ।