ਅੰਮ੍ਰਿਤਸਰ : ਲੋਕ ਸਭਾ ਵਿਚ ਕਿਸਾਨਾਂ ਦਾ ਮਸਲਾ ਚੁਕਣ ਤੋਂ ਬਾਅਦ ਆਪ ਉਮੀਦਵਾਰ ਭਗਵੰਤ ਮਾਨ ਅੰਮ੍ਰਿਤਸਰ ਪਹੁੰਚੇ। ਇੱਥੇ ਬੋਲਦਿਆਂ ਭਗਵੰਤ ਮਾਨ ਨੇ ਵਿਰੋਧੀ ਪਾਰਟੀਆਂ ਨੂੰ ਖੂਬ ਆੜੇ ਹੱਥੀਂ ਲਿਆ।ਦਰਅਸਲ ਸੰਸਦ ਇਜਾਲਸ ਦੌਰਾਨ ਭਗਵੰਤ ਮਾਨ ਸੰਸਦ ਪਹੁੰਚੇ। ਇਸ ਮੌਕੇ ਉਨ੍ਹਾਂ ਬੋਲਦਿਆਂ ਕਿਹਾ ਕਿ ਬਾਕੀ ਪਾਰਟੀਆਂ ਦੇ ਲੋਕ ਸਭਾ ਮੈਂਬਰ ਇਜਲਾਸ ਦੌਰਾਨ ਹਾਜਰ ਨਹੀਂ ਹੋਏ ਪਰ ਉਨ੍ਹਾਂ ਆਪਣਾ ਫਰਜ ਨਿਭਾਉਂਦੇ ਹੋਏ ਸੰਸਦ ਵਿਚ ਆਵਾਜ਼ ਚੁੱਕੀ ਹੈ। ਮਾਨ ਦਾ ਕਹਿਣਾ ਹੈ ਕਿ ਜੋ ਵੀ ਕਿਸਾਨਾਂ ਦੀਆਂ ਮੁਸ਼ਕਿਲਾਂ ਹਨ ਉਨ੍ਹਾਂ ਨੂੰ ਲੋਕ ਸਭਾ *ਚ ਦੱਸਿਆ ਹੈ। ਵਿਰੋਧੀਆਂ ‘ਤੇ ਨਿਸ਼ਾਨਾ ਸਾਧਦੇ ਹੋਏ ਭਗਵੰਤ ਮਾਨ ਨੇ ਕਿਹਾ ਕਿ ਭਾਜਪਾ ਸਿਰਫ ਜੁਮਲਾ ਪਾਰਟੀ ਹੈ ਜੋ ਐਲਾਨ ਕਰਦੀ ਹੈ ਪਰ ਕਰਦੀ ਕੁਝ ਨਹੀਂ।
ਦੱਸ ਦੇਈਏ ਕਿ ਇਸ ਮੌਕੇ ਬੋਲਦਿਆਂ ਭਗਵੰਤ ਮਾਨ ਨੇ ਨਵਜੋਤ ਸਿੰਘ ਸਿੱਧੂ ਤੇ ਵੀ ਨਿਸ਼ਾਨਾ ਸਾਧਿਆ। ਉਨ੍ਹਾਂ ਕਿਹਾ ਕਿ ਨਵਜੋਤ ਸਿੰਘ ਸਿੱਧੂ ਜਿਸ ਪੰਜਾਬ ਮਾਡਲ ਦੀ ਗੱਲ ਕਰ ਰਹੇ ਹਨ ਉਹ ਮਾਡਲ ਉਨ੍ਹਾਂ ਦੀ ਆਪਣੀ ਹੀ ਪਾਰਟੀ ਨੇ ਹੀ ਨਹੀਂ ਮੰਨਿਆ।ਇਸ ਮੌਕੇ ਬੋਲਦਿਆਂ ਭਗਵੰਤ ਮਾਨ ਨੇ ਕਿਹਾ ਕਿ ਅੱਜ ਤੋਂ ਦਸ ਦਿਨ ਬਾਅਦ ਪੰਜਾਬ ਦੇ ਲੋਕਾਂ ਨੇ ਆਪਣੀ ਕਿਸਮਤ ਲਿਖਣੀ ਹੈ।ਉਨ੍ਹਾਂ ਵਿਰੋਧੀਆਂ *ਤੇ ਭੜ੍ਹਕਦਿਆਂ ਕਿਹਾ ਕਿ ਇਸ ਤੋਂ ਪਹਿਲਾਂ ਪੰਜਾਬ ਵਾਸੀਆਂ ਨੇ ਸਾਰਿਆਂ ਨੂੰ ਆਪਣੀਆਂ ਕਿਸਮਤਾਂ ਗਹਿਣੇ ਰੱਖ ਕੇ ਦੇਖ ਲਈਆਂ ਹਨ ਅਤੇ ਹੁਣ ਦੋਵਾਂ ਰਵਾਇਤੀ ਪਾਰਟੀਆਂ ਤੋਂ ਖਹਿੜਾ ਛੁਡਵਾਉਣ ਲਈ ਪੰਜਾਬ ਦੇ ਲੋਕ ਵੋਟ ਕਰਨਗੇ।
ਇਸ ਮੌਕੇ ਬੋਲਦਿਆਂ ਮਾਨ ਨੇ ਦੱਸਿਆ ਕਿ ਅਰਵਿੰਦ ਕੇਜਰੀਵਾਲ ਦੀ ਪਤਨੀ ਸੁਨੀਤਾ ਕੇਜਰੀਵਾਲ ਵੀ ਪੰਜਾਬ ਚੋਣ ਪ੍ਰਚਾਰ ਕਰਨ ਲਈ ਆ ਰਹੇ ਹਨ। ਉਨ੍ਹਾਂ ਦੱਸਿਆ ਕਿ ਧੂਰੀ ਵਿੱਚ ਮਹਿਲਾਵਾਂ ਦਾ ਪ੍ਰੋਗਰਾਮ ਕੀਤਾ ਜਾ ਰਿਹਾ ਹੈ। ਜਿਸ *ਚ ਉਹ ਭਾਵੇਂ ਸ਼ਿਰਕਤ ਨਹੀਂ ਕਰਨਗੇ ਪਰ ਉਨ੍ਹਾਂ ਨੂੰ ਖੁਸ਼ੀ ਹੈ ਕਿ ਸੁਨੀਤਾ ਕੇਜਰੀਵਾਲ ਉਨ੍ਹਾਂ ਦੇ ਹੱਕ *ਚ ਚੋਣ ਪ੍ਰਚਾਰ ਕਰਨ ਆ ਰਹੇ ਹਨ।