ਅਕਾਲ ਚੈਨਲ ਨਿਊਜ ਡੈਸਕ (ਰਜਿੰਦਰ ਸਿੰਘ) : ਸਿੱਖ ਕੌਮ ਦੇ ਸ਼ਾਨਾਮੱਤੇ ਇਤਿਹਾਸ ਦੀ ਜਦੋਂ ਗੱਲ ਕਰਦੇ ਹਾਂ ਤਾਂ ਜਿੱਥੇ ਸਿੰਘਾਂ ਵੱਲੋਂ ਦਿਖਾਈ ਗਈ ਬਹਾਦਰੀ ਜ਼ੋਸ਼ ਅਤੇ ਸੂਰਬੀਰਤਾ ਦੇ ਅਸੀਂ ਕਦਰਦਾਨ ਹਾਂ ਤਾਂ ਉੱਥੇ ਹੀ ਇਸ ਇਤਿਹਾਸ ਨੂੰ ਚਾਰ ਚੰਨ ਲਾਉਣ ਲਈ ਸਿੰਘਣੀਆਂ ਵੱਲੋਂ ਵਿਸੇਸ਼ ਰੋਲ ਅਦਾ ਕੀਤਾ ਗਿਆ। ਫਿਰ ਭਾਵੇਂ ਅਸੀਂ ਗੁਰੂ ਪ੍ਰਤੀ ਸ਼ਰਧਾ ਦੀ ਗੱਲ ਕਰ ਲਈਏ ਭਾਵੇਂ ਅਸੀਂ ਮੈਦਾਨ ਏ ਜੰਗ ਅੰਦਰ ਦਿਖਾਈ ਗਈ ਸੂਰਬੀਰਤਾ ਦੀ ਕਰ ਲਈ ਤਾਂ ਸਿੰਘਣੀਆਂ ਵੱਲੋਂ ਬੜਾ ਵੱਡਾ ਰੋਲ ਅਦਾ ਕੀਤਾ ਗਿਆ। ਇੱਕ ਅਜਿਹੀ ਹੀ ਸਿੰਘਣੀ ਦਾ ਨਾਮ ਜ਼ੋ ਸਿੱਖ ਇਤਿਹਾਸ ਵਿੱਚ ਬੜੇ ਆਦਰ ਸਤਿਕਾਰ ਨਾਲ ਲਿਆ ਜਾਂਦਾ ਹੈ ਉਹ ਹਨ ਬੀਬੀ ਭਾਨੀ ਜੀ। ਬੀਬੀ ਭਾਨੀ ਜੀ ਇੱਕ ਅਜਿਹੀ ਮਹਾਨ ਸ਼ਖਸੀਅਤ ਵਜੋਂ ਸਿੱਖ ਇਤਿਹਾਸ ਵਜੋਂ ਜਾਣੇ ਜਾਂਦੇ ਹਨ ਜਿਨ੍ਹਾਂ ਨੂੰ ਗੁਰੂ ਪੁੱਤਰੀ , ਗੁਰੂ ਪਤਨੀ ਤੇ ਗੁਰ ਜਨਨੀ, ਗੁਰੂ ਦਾਦੀ, ਅਤੇ ਗੁਰੂ ਪੜਦਾਦੀ ਹੋਣ ਦਾ ਮਾਣ ਪ੍ਰਾਪਤ ਹੈ।ਗੁਰੂ ਨਾਨਕ ਸਾਹਿਬ ਤੇ ਗੁਰੂ ਅੰਗਦ ਦੇਵ ਜੀ ਨੂੰ ਛਡ ਕੇ ਬਾਕੀ ਦੇ ਅੱਠ ਗੁਰੂ ਸਾਹਿਬਾਨ ਉਨ੍ਹਾ ਦਾ ਆਪਣਾ ਪਰਿਵਾਰ ਸਨ ।
ਬੀਬੀ ਭਾਨੀ ਜੀ ਦਾ ਅੱਜ ਦੇ ਦਿਨ ਤੀਸਰੇ ਗੁਰੂ ਸ੍ਰੀ ਗੁਰੂ ਅਮਰ ਦਾਸ ਜੀ ਦੇ ਗ੍ਰਹਿ ਵਿਖੇ ਮਾਤਾ ਮਨਸਾ ਦੇਵੀ ਜੀ ਦੇ ਉਦਰ ਤੋਂ ਪਿੰਡ ਬਾਸਰਕੇ ਜ਼ਿਲਾ ਅੰਮ੍ਰਿਤਸਰ ਵਿਖੇ ਹੋਇਆ। ਆਪ ਜੀ ਗੁਰੂ ਅਮਰਦਾਸ ਜੀ ਦੀ ਸਭ ਤੋਂ ਛੋਟੀ ਸੰਤਾਨ ਸਨ। ਬੀਬੀ ਭਾਨੀ ਜੀ ਬਚਪਨ ਤੋਂ ਹੀ ਸੇਵਾ, ਸਿਦਕ ਸੰਜਮ ਤੇ ਸਿਮਰਨ ਦੇ ਪ੍ਰਤੀਕ ਸਨ। ਬੀਬੀ ਜੀ ਛੋਟੀ ਉਮਰ ਤੋਂ ਹੀ ਜਿਆਦਾ ਸਮਾ ਆਪਣੇ ਪਿਤਾ ਦੀ ਸੇਵਾ , ਲੰਗਰ ਦੀ ਸੇਵਾ ਜਾਂ ਫਿਰ ਪ੍ਰਭੁ ਭਗਤੀ ਵਿਚ ਲੀਨ ਰਹਿ ਕੇ ਬਤੀਤ ਕਰਦੇ ਸਨ। ਆਪ ਜੀ ਸੇਵਾ ਦੇ ਨਾਲ ਨਾਲ ਪ੍ਰਭੁ ਭਗਤੀ *ਚ ਵੀ ਲੀਣ ਰਹਿੰਦੇ। ਬੀਬੀ ਭਾਨੀ ਜੀ ਦਾ ਵਿਆਹ ਸ੍ਰੀ ਗੁਰੂ ਰਾਮਦਾਸ ਜੀ ਨਾਲ ਹੋਇਆ।ਗੁਰੂ ਰਾਮਦਾਸ ਜੀ ਅਤੇ ਬੀਬੀ ਭਾਨੀ ਜੀ ਹਮੇਸ਼ਾ ਪ੍ਰਭੂ ਭਗਤੀ ਦੇ ਨਾਲ ਨਾਲ ਗੁਰੂ ਘਰ ਦੀ ਸੇਵਾ *ਚ ਜੁੜੇ ਰਹਿੰਦੇ। ਕਹਿੰਦੇ ਹਨ ਜਦੋਂ ਅਜੇ ਗੁਰੂ ਰਾਮਦਾਸ ਜੀ ਅਤੇ ਬੀਬੀ ਭਾਨੀ ਜੀ ਦਾ ਵਿਆਹ ਨਿਯਤ ਹੋਇਆ ਸੀ ਤਾਂ ਗੁਰੂ ਅਮਰਦਾਸ ਜੀ ਨੇ ਜੇਠਾ ਜੀ (ਗੁਰੂ ਰਾਮਦਾਸ ਜੀ) ਦੀ ਮੰਗ ਪੁਛੀ ਤਾਂ ਜੇਠਾ ਜੀ ਨੇ ਗੁਰੂ ਦੇ ਚਰਨਾਂ ਵਿਚ ਨਿਵਾਸ ਅਤੇ ਨਾਮ ਦਾ ਦਾਨ ਮੰਗਿਆ। ਵਿਆਹ ਤੋਂ ਬਾਅਦ ਵੀ ਭਾਈ ਜੇਠਾ ਜੀ ਨੇ ਦੁਨਿਆਵੀ ਰਿਸ਼ਤੇ ਦਾ ਕਦੀ ਕੋਈ ਮਾਣ ਨਹੀਂ ਕੀਤਾ ਤੇ ਇੱਕ ਸੱਚੇ ਸੇਵਕ ਵਾਂਗ ਹੀ ਗੁਰੂ ਘਰ ਵਿੱਚ ਰਹਿ ਕੇ ਸੇਵਾ ਕਮਾਉਂਦੇ ਰਹੇ।
ਇੱਕ ਪਾਸੇ ਜਿੱਥੇ ਭਾਈ ਜੇਠਾ ਜੀ ਕਾਰ ਸੇਵਾ ਕਰਦੇ ਤਾਂ ਉਧਰ ਬੀਬੀ ਭਾਨੀ ਜੀ ਵੀ ਆਪਣੇ ਪਿਤਾ ਸ੍ਰੀ ਗੁਰੂ ਅਮਰਦਾਸ ਜੀ ਨੂੰ ਪਰਮਾਤਮਾ ਦਾ ਰੂਪ ਸਮਝ ਕੇ ਤਨੋ ਮਨੋਂ ਸੇਵਾ ਕਰਦੇ। ਸਵੇਰੇ ਆਪ ਜਲਦੀ ਉੱਠ ਗੁਰੂ ਜੀ ਦੇ ਇਸ਼ਨਾਨ ਕਰਨ ਲਈ ਪਾਣੀ ਗਰਮ ਕਰਦੇ।ਕਹਿੰਦੇ ਹਨ ਕਿ ਬੀਬੀ ਜੀ ਇੰਨੀ ਸ਼ਿੱਦਤ ਨਾਲ ਗੁਰੂ ਜੀ ਦੀ ਸੇਵਾ ਕਰਦੇ ਸਨ ਕਿ ਇੱਕ ਵਾਰ ਜਦੋਂ ਗੁਰੂ ਅਮਰਦਾਸ ਪਾਤਸ਼ਾਹ ਜੀ ਜਿਸ ਚੋਕੀ ਤੇ ਬੈਠੇ ਕੇ ਇਸ਼ਨਾਨ ਕਰ ਰਹੇ ਸਨ ਤਾਂ ਉਸਦਾ ਪਾਵਾ ਟੁਟ ਗਿਆ। ਇਸ ਡਰੋਂ ਕੀ ਗੁਰੂ ਸਾਹਿਬ ਡਿਗ ਨਾ ਪੈਣ, ਉਨ੍ਹਾ ਦੇ ਨਿਤ ਕਰਮ ਵਿਚ ਕੋਈ ਰੁਕਾਵਟ ਨਾ ਪੈ ਜਾਵੇ ਬੀਬੀ ਭਾਨੀ ਜੀ ਨੇ ਆਪਣਾ ਪੈਰ ਪਾਵੇ ਹੇਠ ਰਖ ਲਿਆ। ਉਸ ਚੌਕੀ ਦਾ ਕਿੱਲ ਬੀਬੀ ਭਾਨੀ ਜੀ ਨੂੰ ਚੁਭ ਗਿਆ ਪਰ ਉਹਨਾ ਸੀ ਨਹੀਂ ਕੀਤੀ। ਖੂਨ ਦੀਆ ਧਾਰਾ ਵਹਿ ਤੁਰੀਆਂ । ਜਦ ਗੁਰੂ ਸਾਹਿਬ ਨੇ ਵਹਿੰਦੇ ਪਾਣੀ ਦਾ ਰੰਗ ਲਾਲ ਦੇਖਿਆ ਤੇ ਪੁਛਿਆ,ਤਾ ਬੜੇ ਸਹਿਜ-ਸੁਭਾਏ ਦਸਿਆ ਜਿਵੇ ਕੁਝ ਹੋਇਆ ਹੀ ਨਾ ਹੋਵੇ,” ਬਸ ਜਰਾ ਜਿਨਾ ਚੋਕੀ ਦਾ ਕਿਲ ਲਗ ਗਿਆ ਹੈ ।
ਗੁਰੂ ਅਮਰਦਾਸ ਪਾਤਸ਼ਾਹ ਜੀ ਬੀਬੀ ਭਾਨੀ ਜੀ ਦੀ ਇੰਨੀ ਸੇਵਾ ਤੋਂ ਬਹੁਤ ਪ੍ਰਭਾਵਿਤ ਹੋਏ ਅਤੇ ਗੁਰੂ ਜੀ ਨੇ ਬੀਬੀ ਜੀ ਨੂੰ ਬੜੀਆਂ ਬਖਸ਼ਿਸ਼ਾਂ ਨਾਲ ਨਿਵਾਜਿਆ। ਬੀਬੀ ਭਾਨੀ ਜੀ ਦੀ ਕੁੱਖੋਂ ਬਾਬਾ ਪ੍ਰਿਥੀ ਚੰਦ (।558), ਮਹਾਂਦੇਵ (।560) ਅਤੇ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ (1563) ਜੀ ਨੇ ਜਨਮ ਲਿਆ।ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਆਪਣਾ ਸਮਾਂ ਨਜਦੀਕ ਜਾਣ ਕੇ ਗੁਰੂ ਰਾਮਦਾਸ ਜੀ ਨੂੰ ਗੁਰਤਾਗੱਦੀ *ਤੇ ਬਿਰਾਜਮਾਨ ਕੀਤਾ।ਗੁਰੂ ਅਮਰਦਾਸ ਜੀ ਭਾਈ ਜੇਠੇ ਦੀ ਸੇਵਾ ਤੇ ਲਗਨ ਦੇਖ ਕੇ ਬਹੁਤ ਖੁਸ਼ ਹੋਏ । ਭਾਈ ਜੇਠਾ ਜੀ ਸੰਗਤ ਦੀ ਸੇਵਾ ਵਿਚ ਜੁਟੇ ਰਹਿੰਦੇ ਤੇ ਬੀਬੀ ਭਾਨੀ ਲੰਗਰ ਦੀ ਜਾਂ ਪਿਤਾ ਨੂੰ ਪਰਮੇਸ਼ਵਰ ਜਾਣ ਕੇ ਉਨ੍ਹਾ ਦੀ ਸੇਵਾ ਵਿਚ ਲਗੇ ਰਹਿੰਦੇ।ਜਦੋਂ ਵਕਤ ਆਇਆ ਗੁਰੁਗਦੀ ਭਾਈ ਜੇਠਾ ਜੀ ਨੂੰ ਦਿਤੀ ਗਈ । ਬੀਬੀ ਭਾਨੀ ਜੀ ਸਿੱਖ ਪੰਥ ਦੀ ਉਹ ਮਹਾਨ ਸ਼ਖਸੀਅਤ ਹਨ ਜਿਨ੍ਹਾਂ ਨੇ ਆਪਣੇ ਪਰਿਵਾਰ ਵਿਚੋਂ ਸਭ ਤੋਂ ਵਧੇਰੇ ਪਰਿਵਾਰਕ ਮੈਂਬਰਾਂ ਦੀਆਂ ਕੁਰਬਾਨੀਆਂ ਦਿੱਤੀਆਂ ਤੇ ਆਪ ਜੀ ਸਭ ਕੁਝ ਲੁਟਾਕੇ ਵੀ ਅਕਾਲ ਪੁਰਖ ਦੇ ਭਾਣੇ ਵਿਚ ਰਹੇ ।
ਇੱਕ ਅਜਿਹੀ ਮਹਾਨ ਸ਼ਖਸੀਅਤ ਬੀਬੀ ਭਾਨੀ ਜੀ ਦੇ ਜਨਮ ਦਿਹਾੜੇ ਦੀਆਂ ਸਮੂਹ ਸੰਗਤ ਨੂੰ ਅਕਾਲ ਚੈਨਲ ਵੱਲੋਂ ਲੱਖ ਲੱਖ ਵਧਾਈਆਂ।

Please follow and like us:

Similar Posts