ਚੰਡੀਗੜ੍ਹ : ਚੋਣਾਂ ਦੇ ਇਸ ਮਾਹੌਲ ‘ਚ ਸਿਆਸਤਦਾਨ ਲਗਾਤਾਰ ਮਿਹਣੋ ਮਿਹਣੀ ਹੋ ਰਹੇ ਹਨ। ਜਿਸ ਦੇ ਚਲਦਿਆਂ ਖੂਬ ਇੱਕ ਦੂਜੇ ਉੱਪਰ ਸਿਆਸੀ ਤੰਜ ਕਸ ਰਹੇ ਹਨ। ਇਸੇ ਲੜੀ ਤਹਿਤ ਹੁਣ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਵੀ ਭਾਜਪਾ ਨੂੰ ਕਰੜੇ ਹੱਥੀਂ ਲਿਆ ਹੈ। ਰੰਧਾਵਾ ਦਾ ਕਹਿਣਾ ਹੈ ਕਿ ਭਾਜਪਾ ਵੱਲੋਂ ਪੰਜਾਬ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਆਜ਼ਾਦੀ ਦੀ ਲੜਾਈ ਲਈ ਪੰਜਾਬੀਆਂ ਵੱਲੋਂ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ ਗਈਆਂ ਪਰ ਇਸ ਲੜਾਈ ਅੰਦਰ ਭਾਜਪਾ ਦਾ ਕੀ ਯੋਗਦਾਨ ਰਿਹਾ।

ਜ਼ਿਕਰ ਏ ਖਾਸ ਹੈ ਕਿ ਭਾਜਪਾ ਦੀ ਫਿਰੋਜ਼ਪੁਰ ਰੈਲੀ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੁਰੱਖਿਆ ‘ਚ ਹੋਈ ਕੁਤਾਹੀ ਨੂੰ ਲੈ ਕੇ ਜਿੱਥੇ ਪੰਜਾਬ ਦੀ ਸੱਤਾਧਾਰੀ ਕਾਂਗਰਸ ਪਾਰਟੀ ਦਾ ਵਿਰੋਧ ਹੋ ਰਿਹਾ ਹੈ ਤਾਂ ਉੱਥੇ ਹੀ ਕਾਂਗਰਸੀ ਆਗੂ ਵੀ ਲਗਾਤਾਰ ਭਾਜਪਾ ‘ਤੇ ਪਲਟਵਾਰ ਕਰ ਰਹੇ ਹਨ। ਇਸ ਮਸਲੇ ‘ਤੇ ਬੋਲਦਿਆਂ ਸੁਖਜਿੰਦਰ ਸਿੰਘ ਰੰਧਾਵਾ ਨੇ ਸਖਤ ਪ੍ਰਤੀਕਿਿਰਆ ਦਿੱਤੀ ਹੈ। ਰੰਧਾਵਾ ਦਾ ਕਹਿਣਾ ਹੈ ਕਿ ਉੱਥੇ ਪਤਾ ਨਹੀਂ ਕਿਸਾਨ ਹੈ ਵੀ ਸਨ ਜਾਂ ਨਹੀਂ ਪਰ ਜਾਣ ਬੁੱਝ ਕੇ ਪੰਜਾਬ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉੱਥੇ ਹੀ ਮੀਡੀਆ ਦਾ ਹਵਾਲਾ ਦਿੰਦਿਆਂ ਉਨ੍ਹਾਂ ਕਿਹਾ ਕਿ ਜਿਸ ਜਗ੍ਹਾ ਪ੍ਰਧਾਨ ਮੰਤਰੀ ਦਾ ਕਾਫਲਾ ਰੁਕਿਆ ਸੀ ਉੱਥੇ ਬੀਜੇਪੀ ਦੇ ਝੰਡੇ ਸਨ।ਉਨ੍ਹਾਂ ਕਿਹਾ ਕਿ ਇਹ ਮੁਗਲਾਂ ਵਾਲੀ ਗੱਲ ਕਰ ਰਹੇ ਹਨ। ਇਸ ਮੌਕੇ ਬੋਲਦਿਆਂ ਰੰਧਾਵਾ ਨੇ ਕਿਹਾ ਕਿ ਮੁਗਲਾਂ ਵੱਲੋਂ ਅਤੇ ਅੰਗਰੇਜ਼ ਹਕੂਮਤ ਵੱਲੋਂ ਪੰਜਾਬੀਆਂ ਨੂੰ ਦਬਾਉਣ ਲਈ ਬੜੇ ਤਸ਼ੱਦਦ ਢਾਹੇ ਗਏ ਪਰ ਪੰਜਾਬੀਆਂ ਨੇ ਹਾਰ ਨਹੀਂ ਮੰਨੀ। ਉਨ੍ਹਾਂ ਕਿਹਾ ਕਿ ਪੰਜਾਬੀਆਂ ਨੇ ਅਜ਼ਾਦੀ ਲਈ ਕੁਰਬਾਨੀਆਂ ਦਿੱਤੀਆਂ ਹਨ ਤੇ ਅੱਜ ਭਾਜਪਾ ਦਾ ਕੋਈ ਵੀ ਆਗੂ ਖੜ੍ਹਾ ਹੋ ਕੇ ਕਹਿ ਦੇਵੇ ਕਿ ਉਨ੍ਹਾਂ ਦੇ ਪਰਿਵਾਰ ਨੇ ਆਜ਼ਾਦੀ ਲਈ ਕੋਈ ਕੁਰਬਾਨੀ ਦਿੱਤੀ ਹੈ ਤਾਂ ਉਹ ਮਾਫੀ ਮੰਗਣ ਨੂੰ ਤਿਆਰ ਹਨ।


ਦੱਸ ਦਏਈ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਪਰਿਵਾਰਕ ਮੈਂਬਰਾਂ ਦੇ ਘਰ ਹੋਈ ਈ.ਡੀ. ਦੀ ਰੇਡ ਨੇ ਵੀ ਪੰਜਾਬ ਦੀ ਸਿਆਸਤ ਗਰਮਾਈ ਹੋਈ ਹੈ। ਇਸ ਮਸਲੇ ‘ਤੇ ਵਿਰੋਧੀ ਪਾਰਟੀਆਂ ਜਿੱਥੇ ਚੰਨੀ ਨੂੰ ਘੇਰ ਰਹੀਆਂ ਹਨ ਤਾਂ ਉੱਥੇ ਹੀ ਚਰਨਜੀਤ ਸਿੰਘ ਚੰਨੀ ਨੇ ਵੀ ਭਾਜਪਾ ਨੂੰ ਕਰੜੇ ਹੱਥੀਂ ਲਿਆ ਹੈ। ਮੀਡੀਆ ਨਾਲ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਹਮੇਸ਼ਾ ਹੀ ਦਿੱਲੀ ਨੂੰ ਮੂੰਹ ਤੋੜਵਾਂ ਜਵਾਬ ਦਿੰਦਾ ਰਿਹਾ ਹੈ।ਉਨ੍ਹਾਂ ਕਿਹਾ ਕਿ ਚੋਣਾਂ ਸਮੇਂ ਕੇਂਦਰ ਸਰਕਾਰ ਈਡੀ ਸਮੇਤ ਹੋਰ ਏਜੰਸੀਆਂ ਦੀ ਦੁਰਵਰਤੋਂ ਕਰ ਰਹੀ ਹੈ। ਬਾਂਹ ਮਰੋੜ ਕੇ ਚੋਣ ਜਿੱਤਣਾ ਚਾਹੁੰਦੇ ਹਨ। ਬੰਗਾਲ ਚੋਣਾਂ ਵੇਲੇ ਈਡੀ ਵੱਲੋਂ ਮਮਤਾ ਬੈਨਰਜੀ ਦੇ ਰਿਸ਼ਤੇਦਾਰਾਂ ਦੇ ਘਰ ਭੇਜ ਕੇ ਦਬਾਅ ਬਣਾਇਆ ਗਿਆ ਸੀ।

Please follow and like us:

Similar Posts