-ਗਾਂਧੀ ਪਰਿਵਾਰ ਦਾ ਕਮਾਊ ਪੁੱਤ ਉਹਨਾਂ ਲਈ ਹੀਰਾ ਹੋ ਸਕਦਾ, ਪਰ ਪੰਜਾਬ ਦੇ ਲੋਕਾਂ ਲਈ ਚੰਨੀ ਜ਼ੀਰੋ ਹੈ: ਭਗਵੰਤ ਮਾਨ

ਚੰਡੀਗੜ੍ਹ : ਆਮ ਆਦਮੀ ਪਾਰਟੀ (ਆਪ) ਦੇ ਮੁੱਖ ਮੰਤਰੀ ਉਮੀਦਵਾਰ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਕਾਂਗਰਸ ਵੱਲੋਂ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਘੋਸ਼ਿਤ ਕੀਤੇ ਜਾਣ ‘ਤੇ ਗਾਂਧੀ ਪਰਿਵਾਰ ਅਤੇ ਕਾਂਗਰਸ ਪਾਰਟੀ ਨੂੰ ਕਰੜੇ ਹੱਥੀਂ ਲੈਂਦਿਆਂ ਕਿਹਾ, “ਕਾਂਗਰਸ ਨੇ ਗ਼ਰੀਬ ਘਰ ਦਾ ਨਹੀਂ ਬਲਕਿ ਮਾਫ਼ੀਆ ਦਾ ਮੁੱਖ ਮੰਤਰੀ ਚਿਹਰਾ ਚੁਣ ਕੇ ਗਰੀਬਾਂ ਅਤੇ ਆਮ ਲੋਕਾਂ ਦਾ ਮਜ਼ਾਕ ਉਡਾਇਆ। ” ਮਾਨ ਨੇ ਕਿਹਾ ਕਿ ਕਾਂਗਰਸ ਦੇ ਇਸ ਫ਼ੈਸਲੇ ਨੇ ਸਾਬਿਤ ਕਰ ਦਿੱਤਾ ਹੈ ਕਿ ਕਾਂਗਰਸ ਪਹਿਲਾਂ ਵਾਂਗ ਹੀ ਪੰਜਾਬ ਨੂੰ ਲੁੱਟਣਾ ਅਤੇ ਕੁੱਟਣਾ ਚਾਹੁੰਦੀ ਹੈ, ਇਸੇ ਕਰਕੇ ਉਹਨਾਂ ਨੇ ਮੁੜ ਇੱਕ ਅਜਿਹੇ ਵਿਅਕਤੀ ਨੂੰ ਕਾਂਗਰਸ ਦਾ ਮੁੱਖ ਮੰਤਰੀ ਚਿਹਰਾ ਐਲਾਨ ਕਰ ਦਿੱਤਾ ਜਿਸਦੇ ਅਕਸ ‘ਤੇ ਇੱਕ ਨਹੀਂ ਅਨੇਕਾਂ ਦਾਗ਼ ਹਨ। ਉਹਨਾਂ ਕਿਹਾ ਕਿ ਮਾਫੀਆ ਕਾਂਗਰਸ ਦੀ ਪਸੰਦ ਹੋ ਸਕਦਾ ਪਰ ਪੰਜਾਬ ਦੇ ਲੋਕਾਂ ਦੀ ਨਹੀਂ।

ਮਾਨ ਨੇ ਕਿਹਾ ਕਿ ਕਾਂਗਰਸ ਪਤਾ ਨਹੀਂ ਕਿਸ ਮੂੰਹ ਨਾਲ ਚੰਨੀ ਨੂੰ ਗਰੀਬ ਮੁੱਖ ਮੰਤਰੀ ਕਹਿ ਰਹੀ ਹੈ। ਜਿਸਦੇ ਰਿਸ਼ਤੇਦਾਰਾਂ ਦੇ ਘਰੋਂ ਹਾਲ ਹੀ ‘ਚ ਈ.ਡੀ. ਰੇਡਾਂ ਦੌਰਾਨ ਮਾਫ਼ੀਆ ਅਤੇ ਟਰਾਂਸਫਰ-ਪੋਸਟਿੰਗ ਦੇ ਭ੍ਰਿਸ਼ਟਾਚਾਰ ਨਾਲ ਜੁੜੇ ਨੋਟਾਂ ਦੀਆਂ ਢੇਰੀਆਂ ਮਿਲੀਆਂ ਹਨ, ਜਿਸਦੇ ਪੁੱਤ ਭਾਣਜੇ ਕਰੋੜਾਂ ਦੀਆਂ ਲਗਜ਼ਰੀ ਕਾਰਾਂ ਵਿੱਚ ਘੁੰਮਦੇ ਹਨ।

ਮਾਨ ਨੇ ਕਿਹਾ ਕਾਂਗਰਸ ਨੂੰ ਲੋਕਾਂ ਨੇ ਬਹੁਤ ਵਾਰ ਮੌਕਾ ਦਿੱਤਾ ਹੈ ਪਰ ਇਹਨਾਂ ਦੇ ਰਾਜ ਵਿੱਚ ਪੰਜਾਬ ਕਰਜ਼ਈ ਅਤੇ ਗਰੀਬ ਲੋਕ ਹੋਰ ਗਰੀਬ ਹੋਏ ਹਨ ਪਰ ਇਹਨਾਂ ਦੇ ਆਪਣੇ ਆਗੂ ਅਮੀਰ ਹੁੰਦੇ ਗਏ, ਕਿਉਂਕਿ ਕਾਂਗਰਸ ਨੇ ਗਰੀਬਾਂ ਅਤੇ ਦਲਿਤਾਂ ਦੀਆ ਵੋਟਾਂ ਲਈ ਉਹਨਾਂ ਦਾ ਰਾਜਨੀਤਿਕ ਲਾਭ ਤਾਂ ਉਠਾਇਆ, ਪਰ ਉਹਨਾਂ ਦੇ ਵਿਕਾਸ ਲਈ ਕਦੇ ਕੋਈ ਕਦਮ ਨਹੀਂ ਚੱਕਿਆ।

ਰਾਹੁਲ ਗਾਂਧੀ ‘ਤੇ ਨਿਸ਼ਾਨਾ ਸਾਧਦਿਆਂ ਭਗਵੰਤ ਮਾਨ ਨੇ ਕਿਹਾ, “ਅੱਜ ਰਾਹੁਲ ਗਾਂਧੀ ਨੇ ਸਾਬਿਤ ਕਰ ਦਿੱਤਾ ਕਿ ਮਾਫ਼ੀਆ ਕੈਪਟਨ ਜਾਂ ਚੰਨੀ ਦੀ ਅਗਵਾਈ ਵਿੱਚ ਨਹੀਂ ਸਗੋਂ ਗਾਂਧੀ ਪਰਿਵਾਰ ਦੀ ਅਗਵਾਈ ਵਿੱਚ ਚਲ ਰਿਹਾ ਹੈ। ਇਸੇ ਲਈ ਉਹਨਾਂ ਨੇ ਗਾਂਧੀ ਪਰਿਵਾਰ ਦੇ ਕਮਾਊ ਪੁੱਤ ਨੂੰ ਫਿਰ ਅੱਗੇ ਲਾ ਦਿੱਤਾ। ਪਰ ਪੰਜਾਬ ਦੇ ਲੋਕ ਜਾਣਦੇ ਹਨ ਕਿ ਜਿੰਨ੍ਹਾਂ ਨੂੰ ਕਾਂਗਰਸ ਹੀਰੇ ਕਹਿ ਰਹੀ ਹੈ, ਇਹ ਪੰਜਾਬ ਲਈ ਅਤੇ ਪੰਜਾਬ ਦੇ ਲੋਕਾਂ ਲਈ ਜ਼ੀਰੋ ਹਨ।” ਉਹਨਾਂ ਅੱਗੇ ਕਿਹਾ ਕਿ ਕਾਂਗਰਸ ਕਦੇ ਗਰੀਬਾਂ ਨਾਲ ਨਹੀਂ ਖੜੀ ਅਤੇ ਨਾਂ ਹੀ ਰਾਹੁਲ ਗਾਂਧੀ ਜਾਂ ਕਿਸੇ ਹੋਰ ਕਾਂਗਰਸੀ ਆਗੂ ਨੇ ਗਰੀਬਾਂ ਦੀ ਲੜਾਈ ਲੜੀ ਹੈ। ਕਾਂਗਰਸ ਅਤੇ ਕਾਂਗਰਸੀਆਂ ਦੀ ਲੜਾਈ ਹਮੇਸ਼ਾ ਬਸ ਕੁਰਸੀ ਲਈ ਹੀ ਰਹੀ ਹੈ।

ਰਾਹੁਲ ਗਾਂਧੀ ਨੇ ਸਹੀ ਕਿਹਾ ਕਿ ਰਾਜਨੀਤੀ ਹੁਣ ਆਸਾਨ ਨਹੀਂ ਕਿਉਂਕਿ ਪੰਜਾਬ ਦੇ ਲੋਕ ਚੰਗੀ ਤਰ੍ਹਾਂ ਜਾਗਰੂਕ ਹੋ ਗਏ ਹਨ ਅਤੇ ਮਾਫ਼ੀਆ ਨੂੰ ਸਰਪ੍ਰਸਤੀ ਦੇਣ ਵਾਲਿਆਂ ਨੂੰ ਪੰਜਾਬ ਦੀ ਮੁੜ ਵਾਗਡੋਰ ਨਾ ਦੇਣ ਦਾ ਪੱਕਾ ਮਨ ਬਣਾ ਚੁੱਕੇ ਹਨ। ਉਹਨਾਂ ਕਿਹਾ ਕਿ ਪਿਛਲੇ 75 ਸਾਲਾਂ ਤੋਂ ਕਾਂਗਰਸੀਆਂ ਅਤੇ ਦੂਜੀਆਂ ਰਵਾਇਤੀ ਪਾਰਟੀਆਂ ਨੇ ਪੰਜਾਬ ਨੂੰ ਵਾਰੀ ਬੰਨ੍ਹ ਕੇ ਲੁੱਟਿਆ ਹੈ।

ਭਗਵੰਤ ਮਾਨ ਨੇ ਅੱਗੇ ਕਿਹਾ ਕਿ ਚਰਨਜੀਤ ਚੰਨੀ ਦੇ ਮੂੰਹੋਂ ਰੇਤ ਮਾਫ਼ੀਆ ਬਾਰੇ ਕੁੱਝ ਵੀ ਸੁਣਨਾ ਹਾਸੋਹੀਣਾ ਲਗਦਾ ਹੈ, ਕਿਉਂਕਿ ਚੰਨੀ ਦੇ ਆਪਣੇ ਦਾਮਨ ‘ਤੇ ਭ੍ਰਿਸ਼ਟਾਚਾਰ ਅਤੇ ਰੇਤ ਮਾਫ਼ੀਆ ਤੋਂ ਲੈ ਕੇ ਚਰਿਤਰਹੀਣ ਹੋਣ ਤੱਕ ਦੇ ਦਾਗ਼ ਹਨ, ਜਿਸਦੀ ਪੁਸ਼ਟੀ ਚੰਨੀ ਦੇ ਮੁੱਖ ਮੰਤਰੀ ਰਹੇ ਕੈਪਟਨ ਅਮਰਿੰਦਰ ਸਿੰਘ ਨੇ ਵੀ ਕੀਤੀ ਹੈ। ਚੰਨੀ ਦੇ ਮੁੱਖ ਮੰਤਰੀ ਰਹਿੰਦਿਆਂ ਨਸ਼ਾ ਜਿਉਂ ਦਾ ਤਿਉਂ ਦਾ ਵਿਕਿਆ, ਬਿਕਰਮ ਮਜੀਠੀਆ ਆਜ਼ਾਦ ਘੁੰਮ ਰਿਹਾ ਹੈ, ਟ੍ਰਾੰਸਪੋਰਟ ਮਾਫ਼ੀਆ ‘ਤੇ ਕਾਰਵਾਈ ਫੋਟੋ ਸ਼ੂਟ ਸਟੰਟ ਬਣ ਕੇ ਰਹਿ ਗਈ ਅਤੇ ਰੇਤ ਮਾਫ਼ੀਆ ਵਿਚ ਚਰਨਜੀਤ ਚੰਨੀ ਦਾ ਆਪਣਾ ਨਾਮ ਬੋਲਦਾ ਹੈ।

ਭਗਵੰਤ ਮਾਨ ਨੇ ਕਿਹਾ’ “ਚੰਨੀ ਕਹਿੰਦੇ ਹਨ ਕਿ ਉਹ 3 ਮਹੀਨਿਆਂ ਦੇ ਮੁੱਖ ਮੰਤਰੀ ਸੀ ਅਤੇ ਉਸਦੀ ਕਾਰਗੁਜ਼ਾਰੀ ‘ਤੇ ਵੋਟਾਂ ਮਿਲਣਗੀਆਂ। ਚੰਨੀ ਯਾਦ ਰੱਖਣ ਕਿ ਉਹ ਕਾਂਗਰਸ ਦੀ 59 ਮਹੀਨਿਆਂ ਦੀ ਸਰਕਾਰ ਦੇ ਮੁੱਖ ਮੰਤਰੀ ਸੀ ਅਤੇ ਕੈਪਟਨ ਦੀ ਕੈਬਿਨਟ ‘ਚ ਇਹ ਸਾਰੇ ਕਾਂਗਰਸੀ ਆਗੂ ਮੰਤਰੀ ਸਨ। ਅਲੀ ਬਾਬਾ ਬਦਲ ਕੇ ਚੋਰਾਂ ਨੂੰ ਨਵੇਂ ਵਿਭਾਗ ਦੇ ਕੇ ਕਾਂਗਰਸ ਸਰਕਾਰ ਜਵਾਬਦੇਹੀ ਤੋਂ ਭੱਜ ਨਹੀਂ ਸਕਦੀ।” ਮਾਨ ਨੇ ਨਾਲ ਈ ਕਿਹਾ ਕਿ ਚੰਨੀ ਨੇ 111 ਦਿਨਾਂ ਦੀ ਸਰਕਾਰ ‘ਚ ਕਰੋੜਾਂ ਅਰਬਾਂ ਰੁਪਏ ਲੁੱਟ ਲਏ ਹਨ, ਪ੍ਰੰਤੂ ਅੰਨ੍ਹੇ ਵਾਹ ਕੀਤੇ ਐਲਾਨਾਂ ‘ਚੋਂ ਇੱਕ ‘ਤੇ ਵੀ ਅਮਲ ਨਹੀਂ ਕੀਤਾ ਜਿਸ ਕਾਰਨ ਚੰਨੀ ਦਾ ਸੱਥਾਂ ‘ਚ ਖੋਖਲੇ ਐਲਾਨ ਕਰਨ ਵਾਲੇ ਐਲਾਨਜੀਤ ਸਿੰਘ ਵੱਜੋਂ ਮਜ਼ਾਕ ਉੱਡ ਰਿਹਾ ਹੈ।

ਭਗਵੰਤ ਮਾਨ ਨੇ ਚੰਨੀ ਦੇ ਆਪਣੇ ਅਤੇ ਆਪਣੀ ਪਤਨੀ ਦੇ ਨਾਮ ‘ਤੇ ਕੋਈ ਜਾਇਦਾਦ ਨਾ ਰੱਖਣ ਦੇ ਬਿਆਨ ‘ਤੇ ਚੁਟਕੀ ਲੈਂਦਿਆਂ ਕਿਹਾ ਕਿ ਸਾਰਾ ਕੁੱਝ ਆਪਣੇ ਪੁੱਤ, ਭਤੀਜੇ ਅਤੇ ਭਾਣਜਿਆਂ ਨੂੰ ਦੇ ਕੇ ਕਿਸ ਦੀਆਂ ਅੱਖਾਂ ਵਿੱਚ ਘੱਟਾ ਪਾਉਣ ਦੀ ਕੋਸ਼ਿਸ਼ ਕਰ ਰਹੇ ਹਨ ਚੰਨੀ। ਉਹਨਾਂ ਡਰਾਮਿਆਂ ਦੇ ਮਾਮਲੇ ‘ਚ ਚੰਨੀ ਦੀ ਤੁਲਨਾ ਮੋਦੀ ਨਾਲ ਕੀਤੀ ਅਤੇ ਕਿਹਾ ਕਿ ਪੰਜਾਬ ਦੀ ਲੋਕ ਹਰ ਡਰਾਮੇ ਨੂੰ ਪਿੱਛਲੇ 4 ਮਹੀਨਿਆਂ ਵਿੱਚ ਦੇਖ ਚੁੱਕੇ ਹਨ, ਚੰਨੀ ਨੇ ਐਲਾਨ ਕੀਤੇ ਅਤੇ ਹੋਰਡਿੰਗ ਲਗਵਾਏ ਜਦਕਿ ਇੱਕ ਵੀ ਐਲਾਨ ਨੂੰ ਅਮਲੀ ਜਾਮਾ ਨਹੀਂ ਪਹਿਨਾਇਆ। ਭਗਵੰਤ ਮਾਨ ਨੇ ਨਵਜੋਤ ਸਿੱਧੂ ਲਈ ਇਸ ਨੂੰ ਪਰਖ ਦੀ ਘੜੀ ਕਿਹਾ ਅਤੇ ਪੁੱਛਿਆ, “ਕੀ ਹੁਣ ਨਵਜੋਤ ਸਿੱਧੂ ਮਾਫ਼ੀਆ ਨਾਲ ਖੜੇ ਹੋਣਗੇ? ਨਾਲੇ ਹੁਣ ਸਿੱਧੂ ਨੂੰ ਕਿਹੜਾ ਘੋੜਾ ਮੰਨੀਏ ਇਹ ਉਹ ਆਪ ਈ ਦੱਸ ਦੇਣ।”

Please follow and like us:

Similar Posts