ਚੰਡੀਗੜ੍ਹ : ਬੀਤੇ ਦਿਨੀਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਘਰ ਹੋਈ ਇਨਫੋਰਸਮੈਂਟ ਡਾਇਰੈਕਟੋਰੇਟ ਦੇ ਰੇਡ ਨਾਲ ਪੰਜਾਬ ਦਾ ਸਿਆਸੀ ਮਾਹੌਲ ਲਗਾਤਾਰ ਗਰਮਾਉਂਦਾ ਜਾ ਰਿਹਾ ਹੈ। ਵਿਰੋਧੀ ਲਗਾਤਾਰ ਇਸ ਮਸਲੇ ‘ਤੇ ਕਾਂਗਰਸ ਪਾਰਟੀ ਨੂੰ ਘੇਰ ਰਹੇ ਹਨ। ਜਿਸ ਦੇ ਚਲਦਿਆਂ ਅੱਜ ਕਾਂਗਰਸ ਪਾਰਟੀ ਦੇ ਆਗੂਆਂ ਵੱਲੋਂ ਇਸ ਮਸਲੇ ‘ਤੇ ਇਤਰਾਜ਼ ਪ੍ਰਗਟ ਕੀਤਾ ਗਿਆ ਹੈ।ਇਸ ਮਸਲੇ *ਤੇ ਕਾਂਗਰਸੀ ਆਗੂ ਚੋਣ ਕਮਿਸ਼ਨ ਨੂੰ ਮਿਲਣ ਪਹੰੁਚੇ ਅਤੇ ਆਪਣਾ ਪੱਖ ਰੱਖਿਆ। ਇਸ ਮੌਕੇ ਇਤਰਾਜ ਪ੍ਰਗਟ ਕਰਦਿਆਂ ਕਾਂਗਰਸੀ ਆਗੂਆਂ ਨੇ ਕਿਹਾ ਕਿ ਇਸ ਸਮੇਂ ਈ.ਡੀ. ਦੀ ਰੇਡ ਜ਼ਾਹਰ ਕਰਦੀ ਹੈ ਕਿ ਸਾਰਾ ਮਾਮਲਾ ਸਿਆਸੀ ਬਦਲਾਖੋਰੀ ਦਾ ਹੀ ਹੈ।
ਜ਼ਿਕਰ ਏ ਖਾਸ ਹੈ ਕਿ ਪਿਛਲੇ ਈ.ਡੀ. ਦੀ ਹੋਈ ਰੇਡ ਦੌਰਾਨ ਮੁੱਖ ਮੰਤਰੀ ਚੰਨੀ ਦੇ ਭਤੀਜੇ ਭੁਪਿੰਦਰ ਸਿੰਘ ਦੇ ਘਰ ਤੋਂ ਕਰੋੜਾਂ ਰੁਪਏ ਨਕਦੀ ਬਰਾਮਦ ਕੀਤੀ ਗਈ ਸੀ।ਇਸ ਮਸਲੇ *ਤੇ ਮੁੱਖ ਮੰਤਰੀ ਨੂੰ ਭਾਰੀ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ । ਜੇਕਰ ਗੱਲ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਕਰ ਲਈਏ ਤਾਂ ਉਨ੍ਹਾਂ ਵੱਲੋਂ ਤਾਂ ਚੰਨੀ ਦੇ ਖਿਲਾਫ ਟਵੀਟਰ ਵਾਰ ਹੀ ਸ਼ੁਰੂ ਕਰ ਦਿੱਤੀ ਗਈ ਹੈ।ਅਰਵਿੰਦ ਕੇਜਰੀਵਾਲ ਵੱਲੋਂ ਚਰਨਜੀਤ ਸਿੰਘ ਚੰਨੀ ‘ਤੇ ਗੰਭੀਰ ਦੋਸ਼ ਲਾਏ ਗਏ ਹਨ। ਕੇਜਰੀਵਾਲ ਦਾ ਕਹਿਣਾ ਹੈ ਕਿ ਚਰਨਜੀਤ ਸਿੰਘ ਚੰਨੀ ਕੋਈ ਆਮ ਆਦਮੀ ਨਹੀਂ ਬਲਕਿ ਬੇਈਮਾਨ ਆਦਮੀ ਹੈ।
ਇਸੇ ਤਰ੍ਹਾਂ ਇੱਕ ਹੋਰ ਟਵੀਟ ਕਰਦਿਆਂ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਮੋਦੀ ਜੀ ਨੇ ਛਾਪੇ ਮੇਰੇ ਰਿਸ਼ਤੇਦਾਰਾਂ ‘ਤੇ ਨਹੀਂ ਬਲਕਿ ਮੇਰੇ ਖੁਦ ‘ਤੇ ਮਾਰੇ ਸੀ ਮੌਜੂਦਾ ਮੁੱਖ ਮੰਤਰੀ ‘ਤੇ।ਉਨ੍ਹਾਂ ਨੂੰ ਮੇਰੇ ਘਰ ਤੋਂ ਸਿਰਫ 10 ਮਫਲਰ ਮਿਲੇ ਸੀ।ਤੁਹਾਡੇ ਵਾਂਗ ਇੰਨੀ ਨਕਦੀ ਜਾਂ ਇੰਨੀਆਂ ਗੱਡੀਆਂ ਨਹੀਂ ਮਿਲੀਆਂ ਸਨ।ਤੁਸੀਂ ਤਾਂ 111 ਦਿਨਾਂ ਵਿੱਚ ਹੀ ਕਮਾਲ ਕਰ ਦਿੱਤੀ।
ਦਰਅਸਲ ਇਹ ਟਵੀਟ ਅਰਵਿੰਦ ਕੇਜਰੀਵਾਲ ਵੱਲੋਂ ਚਰਨਜੀਤ ਸਿੰਘ ਚੰਨੀ ਦੇ ਟਵੀਟ ਦੇ ਜਵਾਬ ਵਜੋਂ ਕੀਤਾ ਗਿਆ ਹੈ। ਚਰਨਜੀਤ ਸਿੰਘ ਚੰਨੀ ਨੇ ਟਵੀਟ ਕਰਦਿਆਂ ਲਿਖਿਆ ਸੀ ਕਿ ਜਦੋਂ ਤੁਹਾਡੇ ਰਿਸ਼ਤੇਦਾਰਾਂ ‘ਤੇ ਛਾਪੇਮਾਰੀ ਹੋਈ ਸੀ ਤਾਂ ਉਸ ਸਮੇਂ ਤੁਸੀਂ ਚੀਖ ਕਿਉਂ ਪਏ ਸੀ।