ਚੰਡੀਗੜ੍ਹ :ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਕਿਹਾ, ”ਕਾਂਗਰਸ ਪਾਰਟੀ ਦਾ ਹੁਣ ਪਤਾ ਲੱਗੇਗਾ ਕਿ ਉਹ ਮਾਫ਼ੀਆ ਨਾਲ ਖੜਦੀ ਹੈ ਜਾਂ ਮਨਮਤੀਏ ਅੱਗੇ ਗੋਡੇ ਟੇਕਦੀ ਹੈ, ਕਿਉਂਕਿ ਕਾਂਗਰਸ ਕੋਲੋਂ ਇਮਾਨਦਾਰ ਅਤੇ ਪੰਜਾਬ ਪੱਖੀ ਸਖਸ਼ੀਅਤ ਦੀ ਉਮੀਦ ਕਰਨਾ ਬੇਮਾਇਨਾ ਹੈ।” ਚੀਮਾ ਨੇ ਇਹ ਟਿੱਪਣੀ ਕਾਂਗਰਸ ਪਾਰਟੀ ਵੱਲੋਂ ਪੰਜਾਬ ਲਈ ਐਲਾਨੇ ਜਾ ਰਹੇ ਮੁੱਖ ਮੰਤਰੀ ਦੇ ਚਿਹਰੇ ਬਾਰੇ ਕਰਦਿਆਂ ਕਿਹਾ ਕਿ ਕਾਂਗਰਸ ਪਾਰਟੀ ਆਪਣੇ ਆਪ ਨੂੰ ਇਮਾਨਦਾਰ, ਦੇਸ਼ ਭਗਤ ਅਤੇ ਲੋਕ ਹਿਤੈਸ਼ੀ ਹੋਣ ਦਾ ਢੰਡੋਰਾ ਪਿੱਟਦੀ ਆ ਰਹੀ ਹੈ। ਪਰ ਹੁਣ ਮੁੱਖ ਮੰਤਰੀ ਦੇ ਉਮੀਦਵਾਰ ਦੀ ਚੋਣ ਕਾਂਗਰਸ ਅਤੇ ਗਾਂਧੀ ਪਰਿਵਾਰ ਲਈ ਅਗਨ ਪ੍ਰੀਖਿਆ ਹੈ ਕਿ ਉਹ ਮਨਮਤੀਏ ਜਾਂ ਰੇਤ ਮਾਫੀਆ ਨਾਲ ਸੰਬੰਧਿਤ ਵਿਅਕਤੀ ਵਿਚੋਂ ਕਿਸ ਨੂੰ ਪੰਜਾਬ ਦਾ ਮੁੱਖ ਮੰਤਰੀ ਦਾ ਉਮੀਦਵਾਰ ਐਲਾਨਦੀ ਹੈ।
ਸ਼ਨੀਵਾਰ ਨੂੰ ਪਾਰਟੀ ਮੁੱਖ ਦਫ਼ਤਰ ਤੋਂ ਜਾਰੀ ਬਿਆਨ ਰਾਹੀਂ ਹਰਪਾਲ ਸਿੰਘ ਚੀਮਾ ਨੇ ਦਾਅਵਾ ਕੀਤਾ, ”ਕਾਂਗਰਸ ਪਾਰਟੀ ਵੱਲੋਂ ਪੰਜਾਬ ਵਿੱਚ ਮੁੱਖ ਮੰਤਰੀ ਚਿਹਰੇ ਲਈ ਅਜਿਹੇ ਦੋ ਆਗੂਆਂ ਬਾਰੇ ਸਰਵੇ ਕਰਵਾਇਆ ਜਾ ਰਿਹਾ ਹੈ, ਜਿਨਾਂ ਵਿਚੋਂ ਇੱਕ ਆਗੂ ਨੂੰ ਮਨਮਤੀਆ ਅਤੇ ਦੂਜੇ ਨੂੰ ਰੇਤ ਮਾਫ਼ੀਆ ਦਾ ਸਾਂਝੀ ਸੱਦਿਆ ਜਾਂਦਾ ਹੈ।” ਉਨਾਂ ਕਿਹਾ ਕਿ ਕਾਂਗਰਸ ਸਰਕਾਰ ਦੀ ਕਾਰਗੁਜਾਰੀ ਨੂੰ ਸਾਹਮਣੇ ਰੱਖ ਕੇ ਹੀ ਆਮ ਆਦਮੀ ਪਾਰਟੀ ਨੇ ਦੋਸ਼ ਲਾਇਆ ਸੀ ਕਿ ਕਾਂਗਰਸ ਦੇ ਮੰਤਰੀ, ਵਿਧਾਇਕ ਅਤੇ ਹੋਰ ਆਗੂ ਸੂਬੇ ਵਿੱਚ ਰੇਤ ਮਾਫੀਆ, ਸ਼ਰਾਬ ਮਾਫੀਆ, ਟਰਾਂਸਪੋਰਟ ਮਾਫੀਆ ਚਲਾ ਰਹੇ ਹਨ। ਜਿਸ ਦੀ ਪ੍ਰੋੜਤਾ ਖੁੱਦ ਕਾਂਗਰਸ ਦੇ ਕਈ ਵੱਡੇ ਅਤੇ ਸੀਨੀਅਰ ਆਗੂ ਵੀ ਕਰ ਚੁੱਕੇ ਹਨ। ਚੀਮਾ ਨੇ ਕਿਹਾ ਕਿ ਮੁੱਖ ਮੰਤਰੀ ਦੇ ਚਿਹਰੇ ਦਾ ਐਲਾਨ ਕਰਨਾ ਕਾਂਗਰਸ ਪਾਰਟੀ ਦਾ ਭਾਂਵੇ ਅੰਦੂਰਨੀ ਮਾਮਲਾ ਹੈ, ਪਰ ਪੰਜਾਬ ਦੇ ਲੋਕ ਮਾਫੀਆ ਰਾਜ ਅਤੇ ਮਨਮਤੀਏ ਤੋਂ ਤੰਗ ਆ ਚੁੱਕੇ ਹਨ ਅਤੇ ਉਹ ਪੰਜਾਬ ਵਿੱਚ ਇਮਾਨਦਾਰ ਅਤੇ ਸੁਹਿਰਦ ਮੁੱਖ ਮੰਤਰੀ ਮੰਤਰੀ ਚਾਹੁੰਦੇ ਹਨ।
ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਆਮ ਲੋਕਾਂ ਦੀ ਗੱਲ ਇੱਕ ਪਾਸੇ, ਖੁੱਦ ਕਾਂਗਰਸੀ ਆਗੂ ਹੀ ਪਾਰਟੀ ਵੱਲੋਂ ਮੁੱਖ ਮੰਤਰੀ ਦਾ ਚਿਹਰਾ ਐਲਾਨੇ ਜਾਣ ਵਾਲੇ ਵਿਅਕਤੀ ਬਾਰੇ ਸੁਆਲ ਚੁੱਕ ਰਹੇ ਹਨ। ਨਵਜੋਤ ਸਿੰਘ ਸਿੱਧੂ ਨੇ ਕਿਹਾ, ”ਜੋ ਵਿਅਕਤੀ ਖੁਦ ਹੀ ਰੇਤ, ਸ਼ਰਾਬ ਦੇ ਮਾਫੀਆ ਨਾਲ ਜੁੜਿਆ ਹੋਵੇ ਜਾਂ ਮਾਫੀਆ ਦਾ ਹਿੱਸੇਦਾਰ ਹੋਵੇ ਤਾਂ ਉਹ ਸਖ਼ਤ ਫ਼ੈਸਲੇ ਕਿਵੇਂ ਲੈ ਸਕੇਗਾ?” ਦੂਜੇ ਪਾਸੇ ਕਾਂਗਰਸ ਸਮੇਤ ਆਮ ਲੋਕ ਵੀ ਮਨਮਤੀਏ ਆਗੂ ਨੂੰ ਵੀ ਸਰਕਾਰ ਤੋਂ ਦੂਰ ਰੱਖਣਾ ਚਾਹੁੰਦੇ ਹਨ, ਜੋ ਸਿਰਫ਼ ਬੋਲਣਾ ਜਾਣਦਾ ਹੈ। ਪਰ ਸੱਤਾ ਦੀ ਕੁਰਸੀ ‘ਤੇ ਬੈਠਕੇ ਮਾਫੀਆ ਰਾਜ, ਭ੍ਰਿਸ਼ਟਾਚਾਰ ਅਤੇ ਗੁੰਡਾਗਰਦੀ ਬਾਰੇ ਚੁੱਪ ਧਾਰ ਲੈਂਦਾ ਹੈ।
ਚੀਮਾ ਨੇ ਕਿਹਾ ਕਿ ਕਾਂਗਰਸ ਪਾਰਟੀ ਵਿੱਚ ਮੁੱਖ ਮੰਤਰੀ ਚਿਹਰੇ ਦੀ ਲੜਾਈ ਸਾਰੀਆਂ ਹੱਦਾਂ ਬੰਨੇ ਟੱਪ ਚੁੱਕੀ ਹੈ, ਜਿਸ ਕਰਕੇ ੳਸ ਨੂੰ 6 ਫਰਵਰੀ ਦਾ ਦਿਨ ਚੁਣਨਾ ਪਿਆ ਹੈ, ਕਿਉਂਕਿ 4 ਫਰਵਰੀ ਉਮੀਦਵਾਰਾਂ ਵੱਲੋਂ ਨਾਂਅ ਵਾਪਸ ਲੈਣ ਦੀ ਆਖ਼ਰੀ ਤਰੀਕ ਸੀ। ਜੇ ਕਾਂਗਰਸ ਪਾਰਟੀ ਨਾਂਅ ਵਾਪਸੀ ਤੋਂ ਪਹਿਲਾਂ ਮੁੱਖ ਮੰਤਰੀ ਦਾ ਉਮੀਦਵਾਰ ਐਲਾਨ ਕਰਦੀ ਤਾਂ ਮਨਮਤੀਏ ਵੱਲੋਂ ਕਾਂਗਰਸੀ ਕੁਨਬੇ ਵਿੱਚ ਬਗਾਵਤ ਕੀਤੀ ਜਾਣੀ ਨਿਸ਼ਚਿਤ ਸੀ। ਉਨਾਂ ਕਿਹਾ ਕਿ ਜਿਵੇਂ ਕਾਂਗਰਸ ਪਾਰਟੀ ਦੇ ਆਗੂਆਂ ਵੱਲੋਂ ਮਾਫੀਆ ਰਾਜ ਦੀ ਸਰਪ੍ਰਸਤੀ ਕਰਨ ਦੇ ਸਬੂਤ ਸਾਹਮਣੇ ਆ ਰਹੇ ਹਨ ਤਾਂ ਸਵਾਲ ਉਠਦਾ ਹੈ ਕਿ ਸੋਨੀਆ ਗਾਂਧੀ, ਰਾਹੁਲ ਗਾਂਧੀ ਅਤੇ ਪ੍ਰਿਅੰਕਾਂ ਗਾਂਧੀ ਮਾਫੀਆ ਨਾਲ ਸੰਬੰਧ ਰੱਖਣ ਵਾਲੇ ਆਗੂਆਂ ਖਿਲਾਫ਼ ਕਾਰਵਾਈ ਕਿਉਂ ਨਹੀਂ ਕਰ ਰਹੇ? ਕੀ ਗਾਂਧੀ ਪਰਿਵਾਰ ਨੂੰ ਵੀ ਮਾਫੀਆ ਦੀ ਲੁੱਟ- ਖਸੁੱਟ ਵਿਚੋਂ ਹਿੱਸਾ ਮਿਲਦਾ ਹੈ? ਗਾਂਧੀ ਪਰਿਵਾਰ ਨੂੰ ਮਾਫੀਆ ਸਰਪ੍ਰਸਤਾਂ ਨਾਲ ਆਪਣੇ ਰਿਸਤਿਆਂ ਬਾਰੇ ਦੇਸ਼ ਅੱਗੇ ਸਪੱਸ਼ਟੀਕਰਨ ਦੇਣਾ ਚਾਹੀਦਾ ਹੈ।
ਹਰਪਾਲ ਸਿੰਘ ਚੀਮਾ ਨੇ ਦਾਅਵਾ ਕੀਤਾ ਕਿ ਪੰਜਾਬ ਦੇ ਲੋਕ ਮਨਮਤੀਏ ਆਗੂ ਅਤੇ ਮਾਫੀਆ ਦੇ ਸਰਪ੍ਰਸਤਾਂ ਨੂੰ ਚੋਣਾ ਵਿੱਚ ਪਛਾੜ ਦੇਣਗੇ ਅਤੇ ਇੱਕ ਨਵਾਂ ਸੂਰਜ ਦੇਖਣਗੇ, ਜਿਹੜਾ ਹਰ ਤਰਾਂ ਦੇ ਮਾਫੀਆ, ਭ੍ਰਿਸ਼ਟਾਚਾਰ ਦੇ ਹਨੇਰ ਅਤੇ ਗੁੰਡਾਗਰਦੀ ਨੂੰ ਖ਼ਤਮ ਕਰ ਦੇਵੇਗਾ। ਉਨਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਦਿੱਲੀ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਕਾਰਗੁਜਾਰੀ ਅਤੇ ਪਾਰਟੀ ਦੇ ਮੁੱਖ ਮੰਤਰੀ ਦੇ ਉਮੀਦਵਾਰ ਭਗਵੰਤ ਮਾਨ ਦੀ ਸਾਫ਼- ਸੁਥਰੀ ਸਖ਼ਸ਼ੀਅਤ ਅਤੇ ਇਮਾਨਦਾਰੀ ਪੰਜਾਬ ਦੇ ਲੋਕਾਂ ਦੇ ਸਾਹਮਣੇ ਹੈ। ਇਸ ਲਈ ਪੰਜਾਬ ਦੇ ਲੋਕਾਂ ਨੇ ਵਾਰੀ ਬੰਨ ਕੇ ਪੰਜਾਬ ਨੂੰ ਲੁੱਟਣ ਵਾਲੇ ਕਾਂਗਰਸੀਆਂ ਅਤੇ ਅਕਾਲੀ ਦਲ ਦੇ ਆਗੂਆਂ ਤੋਂ ਖਹਿੜਾ ਛੁਡਾਉਣ ਲਈ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣ ਦਾ ਦ੍ਰਿੜ ਫ਼ੈਸਲਾ ਕਰ ਲਿਆ ਹੈ ਅਤੇ 20 ਮਾਰਚ ਨੂੰ ਪੰਜਾਬ ਵਿੱਚ ਆਮ ਲੋਕਾਂ ਦੀ ਇਮਾਨਦਾਰ ਅਤੇ ਮਾਫੀਆ ਮੁੱਕਤ ਸਰਕਾਰ ਬਣੇਗੀ।