ਚੰਡੀਗੜ੍ਹ : ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਦੋਸ਼ ਲਾਇਆ ਕਿ ਪੰਜਾਬ ਵਿੱਚ ਵੱਖ-ਵੱਖ ਸਰਕਾਰੀ ਵਿਭਾਗਾਂ ਵਿੱਚ ਕਰੀਬ ਇੱਕ ਲੱਖ ਅਸਾਮੀਆਂ ਖਾਲੀ ਹੋਣ ਦੇ ਬਾਵਜੂਦ ਕਾਂਗਰਸ ਸਰਕਾਰ ਅਤੇ ਅਕਾਲੀ ਦਲ ਬਾਦਲ- ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੇ ਸੂਬੇ ਦੇ ਨੌਜਵਾਨਾਂ ਨੂੰ ਨੌਕਰੀਆਂ ਨਹੀਂ ਦਿੱਤੀਆਂ, ਸਗੋਂ ਕੁੱਝ ਕੁ ਅਸਾਮੀਆਂ ਦੀ ਭਰਤੀ ਪ੍ਰਕਿਰਿਆ ਦੇ ਨਾਂਅ ‘ਤੇ ਬੇਰੁਜ਼ਗਾਰ ਨੌਜਵਾਨਾਂ ਕੋਲੋਂ ਕਰੋੜਾਂ ਰੁਪਏ ਫੀਸ ਵਜੋਂ ਵਸੂਲ ਕੇ ਉਨਾਂ ਦਾ ਆਰਥਿਕ ਸੋਸ਼ਣ ਕੀਤਾ ਹੈ। ਚੀਮਾ ਨੇ ਵਾਅਦਾ ਕੀਤਾ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ‘ਤੇ ਅਧੂਰੀ ਪਈ ਭਰਤੀ ਪ੍ਰਕਿਰਿਆ ਪੂਰੀ ਕੀਤੀ ਜਾਵੇਗੀ ਅਤੇ ਹੋਰ ਖਾਲੀ ਅਸਾਮੀਆਂ ‘ਤੇ ਪਹਿਲ ਦੇ ਆਧਾਰ ‘ਤੇ ਭਰਤੀ ਕੀਤੀ ਜਾਵੇਗੀ।
ਸੋਮਵਾਰ ਨੂੰ ਪਾਰਟੀ ਮੁੱਖ ਦਫ਼ਤਰ ਤੋਂ ਜਾਰੀ ਬਿਆਨ ਰਾਹੀਂ ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਵਿਭਾਗਾਂ ਵਿੱਚ ਇੱਕ ਲੱਖ ਅਸਾਮੀਆਂ ਖਾਲੀ ਪਈਆਂ ਹਨ। ਵੇਰਵੇ ਨਸ਼ਰ ਕਰਦਿਆਂ ਚੀਮਾ ਨੇ ਦੱਸਿਆ ਕਿ ਸਿੱਖਿਆ ਵਿਭਾਗ ਵਿੱਚ ਈਟੀਟੀ ਦੀਆਂ 8900 ਅਸਾਮੀਆਂ, ਬੀਐਡ ਦੀਆਂ 800, ਲਾਇਬ੍ਰੇਰੀਅਨ ਦੀਆਂ 200, ਕਾਲਜ ਲੈਕਚਰਾਰ ਦੀਆਂ 1100, ਐਨ.ਟੀ.ਟੀ ਦੀਆਂ 8300 ਅਸਾਮੀਆਂ ਖਾਲੀ ਪਈਆਂ ਹਨ। ਇਸੇ ਤਰਾਂ ਪੰਜਾਬ ਪੁਲੀਸ ਵਿੱਚ 10,000, ਹੋਮਗਾਰਡਜ਼ ਦੀਆਂ 5000, ਜੇਲ ਵਿਭਾਗ ‘ਚ ਵਾਰਡਨ ਦੀਆਂ 800, ਪਟਵਾਰੀ ਦੀਆਂ 1100, ਪੰਚਾਇਤ ਸਕੱਤਰ ਦੀਆਂ 800, ਐਫ.ਸੀ.ਆਈ ‘ਚ ਵਾਚਮੈਨ ਦੀਆਂ 800, ਇੰਸਪੈਕਟਰ ਦੀਆਂ 148, ਪੀਐਸਟੀਸੀਐਲ ਦੀਆ 600, ਪੀਐਸਪੀਸੀਐਲ ਦੀਆਂ 1000, ਲਾਇਨਮੈਨ 1700, ਸਿਹਤ ਵਿਭਾਗ ‘ਚ ਵਾਰਡ ਅਟੈਡੈਂਟ ਦੀਆਂ 800, ਡਰਾਫਟਸਮੈਨ ਦੀਆਂ 1000, ਇੰਜੀਨੀਅਰ ਦੀਆਂ 1000 ਅਤੇ ਸਹਿਕਾਰੀ ਬੈਕਾਂ ‘ਚ 200 ਅਸਾਮੀਆਂ ਸਮੇਤ ਹੋਰਨਾਂ ਅਦਾਰਿਆਂ ਵਿੱਚ ਕਰੀਬ ਇੱਕ ਲੱਖ ਅਸਾਮੀਆਂ ਖਾਲੀ ਪਈਆਂ ਹਨ। ਉਨਾਂ ਕਿਹਾ ਕਿ ਪੜੇ ਲਿਖੇ ਲੱਖਾਂ ਨੌਜਵਾਨ ਸਰਕਾਰੀ ਨੌਕਰੀਆਂ ਮਿਲਣ ਦਾ ਇੰਤਜ਼ਾਰ ਕਰ ਰਹੇ ਹਨ, ਪਰ ਸੱਤਾ ‘ਤੇ ਕਾਬਜ ਰਹੀਆਂ ਅਕਾਲੀ- ਭਾਜਪਾ ਅਤੇ ਕਾਂਗਰਸ ਸਰਕਾਰਾਂ ਨੇ ਬੇਰੁਜ਼ਗਾਰਾਂ ਨੂੰ ਸਰਕਾਰੀ ਨੌਕਰੀਆਂ ਨਹੀਂ ਦਿੱਤੀਆਂ।
ਹਰਪਾਲ ਸਿੰਘ ਚੀਮਾ ਨੇ ਕਾਂਗਰਸ ਪਾਰਟੀ ‘ਤੇ ਪੰਜਾਬ ਦੇ ਨੌਜਵਾਨਾਂ ਨਾਲ ਧੋਖ਼ਾਧੜੀ ਅਤੇ ਵਾਅਦਾ ਖ਼ਿਲਾਫ਼ੀ ਕਰਨ ਦਾ ਦੋਸ਼ ਲਾਉਂਦਿਆਂ ਕਿਹਾ ਕਿ 2017 ਦੀਆਂ ਚੋਣਾ ਵੇਲੇ ਕਾਂਗਰਸ ਪਾਰਟੀ ਨੇ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਨੌਜਵਾਨਾਂ ਨਾਲ ਵਾਅਦਾ ਕੀਤਾ ਕਿ ਸੂਬੇ ‘ਚ ਘਰ- ਘਰ ਸਰਕਾਰੀ ਨੌਕਰੀ ਦਿੱਤੀ ਜਾਵੇਗੀ, ਪਰ ਸੱਤਾ ‘ਤੇ ਕਾਬਜ ਹੋ ਕੇ ਕੈਪਟਨ ਅਤੇ ਕਾਂਗਰਸ ਆਮ ਲੋਕਾਂ ਨੂੰ ਸਰਕਾਰੀ ਨੌਕਰੀਆਂ ਦੇਣ ਦੇ ਵਾਅਦੇ ਤੋਂ ਹੀ ਮੁੱਕਰ ਗਈ। ਉਨਾਂ ਕਿਹਾ ਕਿ ਆਮ ਲੋਕਾਂ ਦੇ ਧੀਆਂ- ਪੁੱਤਾਂ ਨੂੰ ਧੋਖ਼ਾ ਦਿੰਦਿਆਂ ਕਾਂਗਰਸ ਸਰਕਾਰ ਨੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਪੋਤੇ ਸਮੇਤ ਕਾਂਗਰਸ ਦੇ ਵਿਧਾਇਕਾਂ ਅਤੇ ਆਗੂਆਂ ਦੇ ਧੀਆਂ- ਪੁੱਤਾਂ ਨੂੰ ਹੀ ਉਚ ਪੱਧਰ ਦੀਆਂ ਨੌਕਰੀਆਂ ਦੇ ਦਿੱਤੀਆਂ।
ਅਕਾਲੀ ਦਲ ਬਾਦਲ ਅਤੇ ਭਾਰਤੀ ਜਨਤਾ ਪਾਰਟੀ ਦੀ ਅਲੋਚਨਾ ਕਰਦਿਆਂ ਹਰਪਾਲ ਸਿੰਘ ਚੀਮਾ ਨੇ ਕਿਹਾ ਲਗਾਤਾਰ 10 ਸਾਲ ਰਾਜ ਕਰਨ ਵਾਲੀ ਅਕਾਲੀ -ਭਾਜਪਾ ਸਰਕਾਰ ਨੇ ਵੀ ਖਾਲੀ ਅਸਾਮੀਆਂ ਭਰਨ ਦਾ ਯਤਨ ਨਹੀਂ ਕੀਤਾ, ਜਿਸ ਕਾਰਨ ਸੂਬੇ ਦੇ ਲੱਖਾਂ ਨੌਜਵਾਨ ਨੌਕਰੀ ਪ੍ਰਾਪਤ ਕਰਨ ਦੀ ਉਮਰ ਲੰਘਾ ਚੁੱਕੇ ਹਨ।
ਹਰਪਾਲ ਸਿੰਘ ਚੀਮਾ ਨੇ ਪੰਜਾਬ ਦੇ ਨੌਜਵਾਨਾਂ ਨਾਲ ਵਾਅਦਾ ਕੀਤਾ ਕਿ ਸੂਬੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ‘ਤੇ ਖਾਲੀ ਪਈਆਂ ਸਰਕਾਰੀ ਅਸਾਮੀਆਂ ਤੁਰੰਤ ਭਰੀਆਂ ਜਾਣਗੀਆਂ ਅਤੇ ਵੱਖ- ਵੱਖ ਵਿਭਾਗਾਂ ‘ਚ ਅਧੂਰੀ ਪਈ ਭਰਤੀ ਪ੍ਰਕਿਰਿਆ ਨੂੰ ਮੁਕੰਮਲ ਕੀਤਾ ਜਾਵੇਗਾ। ਚੀਮਾ ਨੇ ਕਿਹਾ ਕਿ ਸਰਕਾਰੀ ਅਸਾਮੀਆਂ ਦੀ ਭਰਤੀ ਨਿਰੋਲ ਮੈਰਿਟ ਦੇ ਆਧਾਰ ‘ਤੇ ਕੀਤੀ ਜਾਵੇਗੀ ਅਤੇ ਕਿਸੇ ਵੀ ਤਰਾਂ ਦੀ ਸਿਫਾਰਸ਼, ਪੈਸੇ ਦੀ ਵਰਤੋਂ ਅਤੇ ਭਾਈ ਭਤੀਜਾਵਾਦ ਸਹਿਣ ਨਹੀਂ ਕੀਤਾ ਜਾਵੇਗਾ। ਸਗੋਂ ਸਾਸ਼ਨ- ਪ੍ਰਸ਼ਾਸਨ ਵਿੱਚ ਪਾਰਦਰਸ਼ਤਾ ਦੀ ਮਿਸਾਲ ਕਾਇਮ ਕੀਤੀ ਜਾਵੇਗੀ।

Please follow and like us:

Similar Posts