ਅਕਾਲ ਚੈਨਲ ਨਿਊਜ਼ ਡੈਸਕ : ਪ੍ਰਸਿੱਧ ਅਦਾਕਾਰ ਅਤੇ ਕਿਸਾਨੀ ਸੰਘਰਸ਼ ਦਾ ਵੱਡਾ ਚਿਹਰਾ ਅਦਾਕਾਰ ਸੰਦੀਪ ਸਿੰਘ ਸਿੱਧੂ ( ਦੀਪ ਸਿੱਧੂ) ਦਾ ਬੀਤੀ ਰਾਤ ਸੜਕ ਹਾਦਸੇ ‘ਚ ਦੇਹਾਂਤ ਹੋ ਗਿਆ। ਉਹ ਦਿੱਲੀ ਤੋਂ ਪੰਜਾਬ ਪਰਤ ਰਹੇ ਸਨ। ਇਸ ਦੌਰਾਨ ਕੁੰਡਲੀ ਬਾਰਡਰ ਦੇ ਨੇੜੇ ਉਨ੍ਹਾਂ ਦੀ ਗੱਡੀ ਟਰਾਲੇ ਨਾਲ ਟਕਰਾਅ ਗਈ ਸੀ। ਜਿਸ ਦੌਰਾਨ ਦੀਪ ਸਿੱਧੂ ਨੇ ਮੌਕੇ ‘ਤੇ ਦਮ ਤੋੜ ਦਿੱਤਾ। ਇਸ ਤੋਂ ਬਾਅਦ ਹਰ ਪਾਸੇ ਦੁੱਖ ਜਤਾਇਆ ਜਾ ਰਿਹਾ ਸੀ। ਦੱਸ ਦੇਈਏ ਕਿ ਹੁਣ ਮ੍ਰਿਤਕ ਦੇਹ ਨੂੰ ਪੋਸਟ ਮਾਰਟਮ ਤੋਂ ਬਾਅਦ ਦਿੱਲੀ ਤੋਂ ਪੰਜਾਬ ਲਿਆਂਦਾ ਜਾ ਰਿਹਾ ਹੈ।
ਦੀਪ ਸਿੱਧੂ ਜਿੱਥੇ ਇੱਕ ਅਦਾਕਾਰ ਵਜੋਂ ਫਿਲਮ ਇੰਡਸਟਰੀ ਵਿੱਚ ਵਿਸੇਸ਼ ਸਥਾਨ ਰੱਖਦੇ ਸਨ ਤਾਂ ਉੱਥੇ ਹੀ ਪੇਸ਼ੇ ਵਜੋਂ ਵਕੀਲ ਵੀ ਸਨ।ਦੀਪ ਸਿੱਧੂ ਕਿੰਗਫਿਸ਼ਰ ਮਾਡਲ ਹੰਟ ਦੇ ਵਿਜੇਤਾ ਸਨ ਅਤੇ ਫਿਰ ਗ੍ਰਾਸੀਮ ਮਿਸਟਰ ਇੰਡੀਆ ਵਿੱਚ ਹਿੱਸਾ ਲਿਆ ਅਤੇ ਗ੍ਰਾਸੀਮ ਮਿਸਟਰ ਪਰਸਨੈਲਿਟੀ ਅਤੇ ਗ੍ਰਾਸੀਮ ਮਿਸਟਰ ਟੈਲੇਂਟੇਡ ਬਣੇ।
ਇਸ ਤੋਂ ਬਾਅਦ ਲਗਾਤਾਰ ਸੈਲੀਬ੍ਰਿਟੀਜ਼ ਵੱਲੋਂ ਆਪਣੇ ਆਪਣੇ ਸੋਸ਼ਲ ਮੀਡੀਆ ਖਾਤੇ ਜਰੀਏ ਦੁੱਖ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ। ਮਨਜਿੰਦਰ ਸਿੰਘ ਸਿਰਸਾ ਵੱਲੋਂ ਵੀ ਇਸ ਮਸਲੇ ‘ਤੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ।
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਵੀ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ। ਉਨ੍ਹਾਂ ਦੁੱਖ ਪ੍ਰਗਟਾਉਂਦਿਆਂ ਕਿਹਾ ਕਿ ਦੀਪ ਸਿੱਧੂ ਦੀ ਬੇਵਕਤੀ ਮੌਤ ਨੇ ਸਾਰਿਆਂ ਨੂੰ ਸੋਗ ਵਿੱਚ ਭੇਜ਼ ਦਿੱਤਾ ਹੈ।ਮੈਂ ਉਨ੍ਹਾਂ ਦੇ ਪਰਿਵਾਰ ਨਾਲ ਦੁੱਖ ਜਾਹਰ ਕਰਦਾ ਹਾਂ।
ਹੁਣ ਜੇਕਰ ਗੱਲ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਅਤੇ ਮੁੱਖ ਮੰਤਰੀ ਚਿਹਰਾ ਭਗਵੰਤ ਮਾਨ ਦੀ ਗੱਲ ਕਰ ਲਈਏ ਉਨ੍ਹਾਂ ਵੀ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਵੀ ਇਸ ‘ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ। ਸਿਮਰਨਜੀਤ ਸਿੰਘ ਮਾਨ ਨੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਲਿਖਿਆ ਕਿ ਸਾਡੀ ਪਾਰਟੀ, ਸ੍ਰੋਮਣੀ ਅਕਾਲੀ ਦਲ (ਅਮ੍ਰਿੰਤਸਰ) ਇਹ ਜਾਣ ਕੇ ਡੂੰਘੇ ਦੁੱਖ ਵਿੱਚ ਹੈ ਕਿ ਸਰਦਾਰ ਦੀਪ ਸਿੰਘ ਸਿੱਧੂ ਨਾਲ ਹਰਿਆਣਾ ਵਿੱਚ ਇੱਕ ਦੁਰਘਟਨਾ ਵਾਪਰੀ ਹੈ। ਇਹ ਹਾਦਸਾ ਡੂੰਘੇ ਸ਼ੱਕ ਦੇ ਘੇਰੇ ਵਿੱਚ ਜਾਪਦਾ ਹੈ ਕਿਉਂਕਿ ਉਸ ਨੂੰ ਕੱਟੜਵਾਦੀ ਵਿਚਾਰਧਾਰਾ ਵੱਲੋਂ ਨਿਸ਼ਾਨਾ ਬਣਾਇਆ ਜਾ ਰਿਹਾ ਸੀ। ਕਈ ਕੇਂਦਰੀ ਖੁਫੀਆ ਅਤੇ ਪੁਲਿਸ ਏਜੰਸੀਆਂ ਦੁਆਰਾ ਦਿੱਲੀ ਵਿੱਚ ਉਸਦੀ ਪੁੱਛ-ਗਿੱਛ ਦੌਰਾਨ ਉਸਨੂੰ ਅਣਜਾਣ ਸਵਾਲ ਪੁੱਛੇ ਗਏ ਜੋ ਇਸ ਹਾਦਸੇ ਬਾਰੇ ਸਾਡੇ ਸ਼ੱਕ ਨੂੰ ਵਧਾਉਂਦੇ ਹਨ। ਇਸ ਰਹੱਸਮਈ ਹਾਦਸੇ ਵਾਰੇ ਕੱਲ੍ਹ ਸਵੇਰੇ 11.00 ਵਜੇ ਗੁਰੂਦੁਆਰਾ ਸਿੰਘ ਸਭਾ ਅਹਿਮਦਗੜ੍ਹ ਮੰਡੀ ਵਿਖੇ ਇੱਕ ਤਤਕਾਲੀ ਮੀਟਿੰਗ ਬੁਲਾ ਰਹੇ ਹਾਂ।
ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਆਪਣੇ ਟਵਿੱਟਰ ਹੈਂਡਲ ਤੇ ਪੋਸਟ ਪਾ ਕੇ ਅਦਾਕਾਰ ਤੇ ਕਿਸਾਨੀ ਸੰਘਰਸ਼ ਚ ਹਿੱਸਾ ਲੈਣ ਵਾਲੇ ਦੀਪ ਸਿੱਧੂ ਦੀ ਅਚਾਨਕ ਸੜਕ ਹਾਦਸੇ ਚ ਹੋਈ ਮੌਤ ਤੇ ਅਫ਼ਸੋਸ ਜਤਾਇਆ ਹੈ।