“ਹਕ ਪਰਵਰ ਹਕ ਕੇਸ਼ ਕਰਤਾ ਹਰਿ ਰਾਇ
ਸੁਲਤਾਨ ਹਮ ਦਰਵੇਸ਼ ਗੁਰੂ ਕਰਤਾ ਹਰਿ ਰਾਇ”


ਨਿਊਜ਼ ਡੈਸਕ ( ਰਜਿੰਦਰ ਸਿੰਘ) : ਦਇਆ ਦੀ ਮੂਰਤ, ਸ਼ਾਂਤੀ ਦੇ ਪੁੰਜ ਸਾਹਿਬ ਸ੍ਰੀ ਗੁਰੂ ਹਰਿ ਰਾਇ ਸਾਹਿਬ ਜੀ ਜਿਨ੍ਹਾਂ ਦਾ ਪ੍ਰਕਾਸ਼ ਬਾਬਾ ਗੁਰਦਿੱਤਾ ਜੀ ਦੇ ਗ੍ਰਹਿ ਵਿਖੇ ਮਾਤਾ ਰਾਜ ਕੌਰ ਜੀ ਦੀ ਕੁੱਖੋਂ ਹੋਇਆ। ਆਪ ਜੀ ਸਾਹਿਬ ਸ੍ਰੀ ਗੁਰੂ ਹਰਿਗੋਬਿੰਦ ਜੀ ਦੇ ਪੋਤਰੇ ਸਨ।ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਸ਼ੁਰੂ ਕੀਤੇ ਗਏ ਅਗੰਮੇਂ ਪੰਥ ਦੇ ਵਿਕਾਸ ਲਈ ਆਪ ਜੀ ਨੇ ਬਹੁਤ ਸਾਰੇ ਕਾਰਜ ਕੀਤੇ।ਆਪ ਜੀ ਦੀ ਸਿੱਖਿਆ ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਦੇਖ ਰੇਖ ਹੇਠ ਹੋਈ।ਆਪ ਜੀ ਜਿੱਥੇ ਧਾਰਮਿਕ ਵਿੱਦਿਆ ਵਿੱਚ ਨਿਪੁੰਨ ਹੋਏ ਤਾਂ ਉੱਥੇ ਹੀ ਆਪ ਜੀ ਤੇਗ ਦੇ ਵੀ ਧਨੀ ਹੋਏ। ਆਪ ਜੀ ਬਚਪਨ ਤੋਂ ਹੀ ਸੰਤ ਸੁਭਾਅ ਦੇ ਮਾਲਕ, ਉੱਚੀ ਦ੍ਰਿਸ਼ਟੀ ਅਤੇ ਕੋਮਲ ਹਿਰਦੇ ਦੇ ਮਾਲਕ ਸਨ।
ਛੋਟੀ ਉਮਰ ਤੋਂ ਹੀ ਆਪ ਜੀ ਸੰਤ ਸੁਭਾ ਦੇ ਮਾਲਕ ਸਨ ਅਤੇ ਹਮੇਸ਼ਾ ਗੁਰੂ ਘਰ ਦੀ ਸੇਵਾ ਵਿਚ ਜੁੜੇ ਰਹਿੰਦੇ ਸਨ ।ਆਪ ਜੀ ਦੇ ਹਿਰਦੇ ਦੀ ਕੋਮਲਤਾ ਉਸ ਸਾਖੀ ਤੋਂ ਬਾਖੂਬੀ ਬਿਆਨ ਹੁੰਦੀ ਹੈ ਕਿ ਜਿਸ *ਚ ਦਰਸਾਇਆ ਗਿਆ ਹੈ ਕਿ ਉਹ ਇਕ ਫੁਲ ਟੁਟਣ ਤੇ ਦੁਖੀ ਹੋ ਜਾਂਦੇ ।ਕਹਿੰਦੇ ਨੇ ਕਿ ਇਕ ਵਾਰੀ ਆਪ ਜੀ ਗੁਰੂ ਹਰਗੋਬਿੰਦ ਸਾਹਿਬ ਨਾਲ ਬਾਗ ਵਿਚ ਸੈਰ ਕਰਨ ਜਾ ਰਹੇ ਸੀ , ਅਚਾਨਕ ਇਕ ਫੁੱਲ ਉਨ੍ਹਾ ਦੇ ਚੋਲੇ ਨਾਲ ਅਟਕ ਕੇ ਟੁੱਟ ਗਿਆ।ਇਸ ਘਟਨਾ ਤੋਂ ਸਾਹਿਬ ਸ੍ਰੀ ਗੁਰੂ ਹਰਿਰਾਇ ਜੀ ਬਹੁਤ ਉਦਾਸ ਹੋਏ । ਜਦੋਂ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਦੇਖਿਆ ਤਾਂ ਉਨ੍ਹਾਂ ਕਿਹਾ ਕਿ ਅਗਰ ਚੋਲਾ ਵੱਡਾ ਹੋਵੇ ਤਾਂ ਸੰਭਲਕੇ ਚਲਣਾ ਚਾਹੀਦਾ ਹੈ। ਸਾਹਿਬ ਜੀ ਦੇ ਕਥਨ ਵਿੱਚ ਗਹਿਰੀ ਰਮਝ ਸੀ।ਉਨ੍ਹਾਂ ਦਾ ਭਾਵ ਸੀ ਕਿ ਜੇਕਰ ਜਿੰਮੇਵਾਰੀਆਂ ਵੱਡੀਆਂ ਹੋਣ ਤਾ ਸੋਚ ਸਮਝ ਕੇ ਕਦਮ ਪੁੱਟਨਾ ਚਾਹੀਦਾ ਹੈ। ਸ੍ਰੀ ਗੁਰੂ ਹਰਿਗੋਬਿੰਦ ਜੀ ਦੇ ਇਸ ਕਥਨ ਨੂੰ ਆਪ ਜੀ ਨੂੰ ਆਪ ਜੀ ਨੇ ਸਦਾ ਲਈ ਆਪਣੇ ਚਿੱਤ ਵਿੱਚ ਵਸਾ ਲਿਆ ਅਤੇ ਸੋਚ ਸਮਝ ਕੇ ਵਰਤੋਂ ਕਰਦਿਆਂ ਭੁਲੇ ਭਟਕੇ ਵੀ ਕਿਸੇ ਨੂੰ ਦੁਖ ਤਕਲੀਫ਼ ਨਹੀਂ ਦਿਤੀ ।
ਧੰਨ ਧੰਨ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਆਪ ਜੀ ਨੂੰ ਗੁਰਗੱਦੀ ਬਖਸ਼ ਕੇ ਸੱਚਖੰਡ ਪਿਆਨਾ ਕਰ ਗਏ।ਗੁਰੂ ਹਰ ਰਾਇ ਸਾਹਿਬ ਵਿਚ ਉਹ ਸਾਰੀਆਂ ਖੂਬੀਆਂ ਮੋਜੂਦ ਸਨ ਜੋ ਗੁਰਤਾਗੱਦੀ ਦੀਆਂ ਜਿਮੇਵਾਰੀਆਂ ਨਿਭਾਉਣ ਦੇ ਯੋਗ ਸਨ । ਆਪਣੇ ਦਾਦਾ ਜੀ ਵਾਂਗ ਆਪ ਜੀ ਸ਼ਿਕਾਰ ਦੇ ਬਹੁਤ ਸ਼ੋਕੀਨ ਸਨ । ਪਰ ਜਾਨਵਰ ਨੂੰ ਮਾਰਨ ਦੀ ਬਜਾਇ ਫੜ ਕੇ ਲੈ ਆਉਂਦੇ ਤੇ ਆਪਣੇ ਬਾਗ ਵਿਚ ਉਸਦੀ ਪਾਲਣਾ ਕਰਦੇ । ਸਾਹਿਬ ਸ੍ਰੀ ਗੁਰੂ ਹਰਿ ਰਾਇ ਜੀ ਆਪਣੀ ਪੂਰੀ ਜ਼ਿੰਦਗੀ ਤਾਣ ਹੁੰਦੇ ਹੋਏ ਵੀ ਨਿਤਾਣੇ ਅਤੇ ਮਾਨ ਹੁੰਦਿਆ ਵੀ ਨਿਮਾਣੇ ਰਹੇ । ਆਪ ਜੀ ਫਰੀਦ ਜੀ ਦਾ ਇਹ ਸਲੋਕ ਬੜੇ ਪਿਆਰ ਨਾਲ ਉਚਾਰਿਆ ਕਰਦੇ ਸਨ :।

“ਸਭਨਾ ਮਨ ਮਾਣਿਕ ਠਾਹਣੁ ਮੂਲਿ ਮਚੰਗਾਵਾਂ
ਜੋ ਤਉ ਪਿਰੀਆ ਦੀ ਸਿਕ ਹਿਆਊ ਨ ਠਾਹੇ ਕਹਿ ਦਾ ॥ (ਅੰਗ ।384)”
ਛੇਵੇ ਪਾਤਸ਼ਾਹ ਤੋਂ ਸਿੱਖ ਲਹਿਰ ਦਾ ਮੁਗਲਾਂ ਨਾਲ ਟਕਰਾਓ ਸ਼ੁਰੂ ਹੋ ਗਿਆ ਸੀ। ਇਸ ਸਮੇਂ ਤੋਂ ਖਾਲਸੇ ਨੂੰ ਗੁਰੂ ਜੀ ਵੱਲੋਂ ਸਸ਼ਤਰਧਾਰੀ ਹੋਣ ਦੀ ਤਾਕੀਦ ਕੀਤੀ ਗਈ। ਗੁਰੂ ਹਰ ਰਾਇ ਸਾਹਿਬ ਵੇਲੇ ਵੀ ਕੋਈ ਹਾਲਤ ਸਾਜਗਾਰ ਨਹੀਂ ਸਨ । ਗੁਰੂ ਹਰਗੋਬਿੰਦ ਸਾਹਿਬ ਦੇ ਹੁਕਮ ਅਨੁਸਾਰ ਉਨ੍ਹਾ ਨੇ 2200 ਸੂਰਬੀਰ ਘੋੜ ਸਵਾਰ ਰਖੇ ,ਜੋ ਹਮੇਸ਼ਾ ਉਨ੍ਹਾ ਦੇ ਨਾਲ ਰਹਿੰਦੇ। ਆਪ ਜੀ ਨੇ ਰੋਗੀਆਂ ਦੇ ਰੋਗ ਦੂਰ ਕਰਨ ਲਈ ਦਵਾਖਾਨੇ ਖੋਲ੍ਹੇ। ਕਹਿੰਦੇ ਹਨ ਜਦੋਂ ਹਿੰਦੁਸਤਾਨ ਦਾ ਬਾਦਸ਼ਾਹ ਸ਼ਾਹਜਹਾਨ, ਦਾ ਸਭ ਤੋਂ ਵੱਡਾ ਪੱੁਤਰ ਦਾਰਾ ਸ਼ਿਕੋਹ ਬਹੁਤ ਬਿਮਾਰ ਹੋ ਗਿਆ।ਸ਼ਾਹਜਹਾਂ ਨੇ ਆਪਣੇ ਪੁਤਰ ਦੀ ਸਲਾਮਤੀ ਵਾਸਤੇ ਕੋਈ ਫਕੀਰ, ਕੋਈ ਵੈਦ ,ਕੋਈ ਹਕੀਮ ਨਾ ਛਡਿਆ। ਆਖਰੀ ਕਿਸੇ ਹਕੀਮ ਨੇ ਇਕ ਖਾਸ ਦਵਾਈ ਦੀ ਦਸ ਪਾਈ, ਜੋ ਸਿਰਫ ਤੇ ਸਿਰਫ ਗੁਰੂ ਹਰ ਰਾਇ ਸਾਹਿਬ ਦੇ ਦਵਾਖਾਨੇ ਵਿਚ ਸੀ । ਪਹਿਲੇ ਤਾਂ ਸ਼ਾਹਜਹਾਂ ਹਿਚਕਚਾਇਆ ਕਿਓਕੀ ਸਿਖਾਂ ਤੇ ਮੁਗਲ ਹਕੂਮਤ ਵਲੋਂ ਕੀਤੇ ਜੁਲਮਾਂ ਦਾ ਉਸ ਨੂੰ ਅਹਿਸਾਸ ਸੀ । ਪਰ ਗੁਰੂ ਘਰ ਦੀ ਮਰਯਾਦਾ ਇਸ ਤਰਾਂ ਦੀ ਨਹੀ ਸੀ ਕੀ ਕਿਸੇ ਲੋੜਵੰਦ ਨੂੰ ਖਾਲੀ ਤੋਰਿਆ ਜਾਵੇ । ਸ਼ਾਹਜਹਾਂ ਨੇ ਆਪਣੇ ਵਜ਼ੀਰ ਨੂੰ ਬੇਨਤੀ ਪੱਤਰ ਨਾਲ ਭੇਜਿਆ । ਗੁਰੂ ਸਾਹਿਬ ਨੇ ਝਟ ਦਵਾਈ ਭੇਜ ਦਿਤੀ ਤੇ ਦਾਰਾ ਕੁਝ ਦਿਨ ਬਾਅਦ ਠੀਕ ਹੋ ਗਿਆ। ਫਿਰ ਜਦੋਂ ਦਾਰਾ ਸਿਕੋਹ ਅਤੇ ਔਰੰਗਜੇਬ ਵਿਚਕਾਰ ਰਾਜਗੱਦੀ ਨੂੰ ਲੈਕੇ ਘਰੇਲੂ ਕਲੇਸ਼ ਹੋਇਆ ਤਾਂ ਦਾਰਾ ਫਿਰ ਗੁਰੂ ਜੀ ਦੀ ਸ਼ਰਨ ਵਿੱਚ ਆਇਆ। ਗੁਰੂ ਜੀ ਨੇ ਦਾਰੇ ਦੀ ਸਲਾਮਤੀ ਲਈ ਅਰਦਾਸ ਕੀਤੀ। ਪਰ ਕੁਝ ਸਮਾਂ ਬਾਅਦ ਹੀ ਦਾਰਾਸਿਕੋਹ ਨੂੰ ਔਰੰਗਜੇਬ ਨੇ ਗ੍ਰਿਫਤਾਰ ਕਰ ਲਿਆ। ਫਿਰ ਜਿਨ੍ਹਾ ਜਿਨ੍ਹਾ ਨੇ ਦਾਰਾ ਸ਼ਿਕੋਹ ਦੀ ਮਦਦ ਕੀਤੀ ਸੀ ਔਰੰਗਜੇਬ ਨੇ ਉਨ੍ਹਾਂ ਨਾਲ ਵੀ ਘੱਟ ਨਾ ਗੁਜਾਰੀ। ਔਰੰਗਜੇਬ ਨੇ ਸ੍ਰੀ ਗੁਰੂ ਹਰ ਰਾਇ ਸਾਹਿਬ ਨੂੰ ਦਿੱਲੀ ਪਹੁੰਚਣ ਦਾ ਪਰਵਾਨਾ ਭੇਜ ਦਿੱਤਾ। ਗੁਰੂ ਸਾਹਿਬ ਖੁਦ ਤਾਂ ਨਹੀਂ ਗਏ ਕਿਉਂਕਿ ਗੁਰੂ ਹਰਗੋਬਿੰਦ ਸਾਹਿਬ ਦਾ ਹੁਕਮ ਸੀ ਕਿ ਇਨ੍ਹਾਂ ਮਲੇਛਾ ਦੇ ਮੱਥੇ ਨਹੀ ਲਗਣਾ।ਆਪ ਜੀ ਨੇ ਆਪਣੇ ਵਡੇ ਪੱੁਤਰ ਰਾਮ ਰਾਇ ਨੂੰ ਭੇਜ ਦਿਤਾ ਅਤੇ ਹਿਦਾਇਤ ਕੀਤੀ ਕਿ, ਸਚ ਤੋਂ ਮੂੰਹ ਨਹੀ ਮੋੜਨਾ। ਕਿਸੇ ਤੋ ਡਰਨਾ ਨਹੀਂ ,ਤੇ ਹਰ ਸਵਾਲ ਦਾ ਸਹੀ ਸਹੀ ਉੱਤਰ ਦੇਣਾ ਹੈ’ ।ਰਾਮਰਾਏ ਦਾ ਔਰੰਗਜ਼ੇਬ ਤੇ ਬਹੁਤ ਚੰਗਾ ਪ੍ਰਭਾਵ ਪਿਆ । ਉਸਨੇ ਹਰ ਪ੍ਰਸ਼ਨ ਦਾ ਉਤਰ ਬੜੇ ਸੁਚਜੇ ਢੰਗ ਨਾਲ ਦਿਤਾ । ਪਰ ਛੇਤੀ ਹੀ ਸ਼ਾਹੀ ਪ੍ਰਭਾਵ ਹਾਵੀ ਹੋਣ ਲਗ ਪਿਆ । ਕਰਮ ਕਾਂਡਾ ਨਾਲ ਬਾਦਸ਼ਾਹ ਦੀ ਖਸ਼ਾਮਦ ਵੀ ਹੋਣ ਲਗ ਪਈ । ਇਕ ਦਿਨ ਵਾਰਤਾ ਕਰਦਿਆਂ ਕਰਦਿਆਂ ਗੁਰੂ ਨਾਨਕ ਸਾਹਿਬ ਦੇ ਵਾਕ ਨੂੰ ਪਲਟਾ ਦਿਤਾ । ਜਦ ਇਹ ਘਟਨਾ ਕੀਰਤਪੁਰ ਸਾਹਿਬ ਪਹੁੰਚੀ ਤਾਂ ਗੁਰੂ ਸਾਹਿਬ ਨੇ ਉਸ ਨੂੰ ਕਦੇ ਨਾ ਮਥੇ ਲਗਣ ਦੀ ਹਿਦਾਇਤ ਲਿਖ ਕੇ ਚਿਠੀ ਰਾਹੀਂ ਭੇਜ ਦਿਤੀ ਤੇ ਸੰਗਤ ਨੂੰ ਹਿਦਾਇਤ ਕਰ ਦਿਤੀ ।ਇਸ ਤਰ੍ਹਾਂ ਜਦ ਰਾਮ ਰਾਇ ਨੂੰ ਮਾਫ਼ੀ ਨਾ ਮਿਲੀ ਤਾਂ ਉਸਨੇ ਔਰੰਗਜ਼ੇਬ ਤੋਂ ਜਗੀਰ ਲੇਕੇ ਆਪਣਾ ਵਾਸਾ ਦੇਹਰਾਦੂਨ ਕਰ ਲਿਆ । ਗੁਰੂ ਹਰਗੋਬਿੰਦ ਸਾਹਿਬ ਨੇ ਕੀਰਤਪੁਰ ਇਕ ਬਾਗ ਬਣਵਾਇਆ ਸੀ ,ਜਿਸਦਾ ਬਹੁਤਾ ਵਿਕਾਸ ਗੁਰੂ ਹਰ ਰਾਇ ਸਾਹਿਬ ਵਕ਼ਤ ਹੋਇਆ । ਉਸ ਵਿਚ ਕਈ ਤਰਾਂ ਦੇ ਫਲ ਤੇ ਜੜੀ ਬੂਟਿਆਂ ਲਗਵਾਈਆਂ ਗਈਆਂ ਜੋ ਆਪਜੀ ਦੇ ਸ਼ਫਾਖਾਨੇ ਤੇ ਦਵਾਖਨੇ ਵਿਚ ਕੰਮ ਆਈਆਂ । ਆਪਜੀ ਦੇ ਵਕ਼ਤ ਕੀਰਤਪੁਰ ਦੀ ਆਬਾਦੀ ਇਤਨੀ ਵਧ ਗਈ ਕੀ ਕਈ ਬਸਤੀਆਂ ਬਣ ਗਈਆਂ ,ਵਖ ਵਖ ਥਾਵਾਂ ਤੇ ਸ਼ਹਿਰ ਨੂੰ ਸੁੰਦਰ ਬਣਾਨ ਲਈ 52 ਬਾਗ ਲਗਵਾਏ , ਜਿਨ੍ਹਾ ਦੀ ਦੇਖ ਭਾਲ ਕਰਨ ਲਈ ਸਿਆਣੇ ਮਾਲੀਆਂ ਦਾ ਇੰਤਜ਼ਾਮ ਕੀਤਾ ਗਿਆ । ਚੰਗੇ ਬਾਗ ਤਿਆਰ ਕਰਨ ਵਾਲੇ ਮਾਲੀਆਂ ਨੂੰ ਇਨਾਮ ਦਿਤੇ ਜਾਂਦੇ । ਕੀਰਤਪੁਰ ਅਜ ਵੀ ਬਾਗਾਂ ਦਾ ਸ਼ਹਿਰ ਕਿਹਾ ਜਾਂਦਾ ਹੈ। ਅੰਤ ਆਪ ਜੀ ਸਿੱਖ ਦੀ ਫੁੱਲਵਾੜੀ ਨੂੰ ਮਹਿਕਾਉਂਦਿਆਂ ਅਤੇ ਬਹੁਤ ਸਾਰੇ ਨਵੇਂ ਕਾਰਜ ਕਰਦਿਆਂ ਸਾਹਿਬ ਸ੍ਰੀ ਗੁਰੂ ਹਰਿਿਕ੍ਰਸ਼ਨ ਜੀ ਨੂੰ ਗੁਰਤਾਗੱਦੀ ਬਖਸ਼ ਕੇ ਸੱਚਖੰਡ ਪਿਆਣਾ ਕਰ ਗਏ।
ਸ੍ਰੀ ਗੁਰੂ ਹਰਿ ਰਾਇ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਸਮੂਹ ਸੰਗਤ ਨੂੰ ਅਕਾਲ ਚੈਨਲ ਵੱਲੋਂ ਬਹੁਤ ਬਹੁਤ ਵਧਾਈਆਂ

Please follow and like us:

Similar Posts