ਧੂਰੀ (ਸੰਗਰੂਰ)/ ਚੰਡੀਗੜ੍ਹ :ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਆਪਣੇ ਵਿਧਾਨ ਸਭਾ ਹਲਕੇ ਧੂਰੀ ਵਿੱਚ ਚੋਣ ਪ੍ਰਚਾਰ ਕਰਦਿਆਂ ਲੋਕਾਂ ਨੂੰ ਅਪੀਲ ਕੀਤੀ, ”ਦੋ ਦਿਨ ਜਾਗਰੂਕ ਰਹਿ ਕੇ 20 ਤਰੀਕ ਨੂੰ ਆਪਣੀ ਇੱਕ ਇੱਕ ਵੋਟ ‘ਝਾੜੂ’ ਦੇ ਨਿਸ਼ਾਨ ‘ਤੇ ਪਾ ਆਪਣਾ ਫਰਜ਼ ਨਿਭਾਅ ਦਿਓ, ਅਗਲੇ ਪੰਜ ਸਾਲ ਉਹ(ਮਾਨ) ਆਪਣਾ ਫਰਜ਼ ਨਿਭਾਉਂਦਾ ਰਹੇਗਾ। ਪੰਜਾਬ ਨੂੰ ਮੁੜ ਹੱਸਦਾ, ਖੇਡਦਾ ਪੰਜਾਬ ਬਣਾਇਆ ਜਾਵੇਗਾ, ਪੰਜਾਬ ਦਾ ਖਾਲੀ ਖਜ਼ਾਨਾ ਭਰਿਆ ਜਾਵੇਗਾ ਅਤੇ ਹਰ ਘਰ ‘ਚ ਨੌਕਰੀ ਦੇ ਕੇ ਚੁੱਲ੍ਹਿਆਂ ਦੀ ਅੱਗ ਬਲਦੀ ਰੱਖੀ ਜਾਵੇਗੀ।” ਇਹ ਅਪੀਲ ਮਾਨ ਨੇ ਆਪਣੇ ਵਿਧਾਨ ਸਭਾ ਹਲਕੇ ਦੇ ਧੂਰੀ ਵਿੱਚ ਇੱਕ ਵੱਡੀ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਕੀਤੀ। ਉਨ੍ਹਾਂ ਕਿਹਾ ਕਿ 20 ਤਰੀਕ ਆਪਣੀ ਕਿਸਮਤ ਆਪ ਲਿਖਣ ਦਾ ਮੌਕਾ ਹੈ। ਇਸ ਲਈ ਧੂਰੀ ਵਾਲੇ ਆਪਣੀ ਵੋਟ ‘ਝਾੜੂ’ ਦੇ ਨਿਸ਼ਾਨ ‘ਤੇ ਪਾ ਕੇ ਪੰਜਾਬ ਦੇ ਖ਼ਰਾਬ ਹੋਏ ਟਰਾਂਸਫਾਰਮ ਨੂੰ ਚੱਲਦਾ ਕਰਨਗੇ, ਜਿਸ ਨਾਲ ਸਾਰੇ ਪੰਜਾਬ ਵਿੱਚ ਚਾਨਣ ਹੋ ਜਾਵੇਗਾ।
ਸ਼ੁੱਕਰਵਾਰ ਨੂੰ ਧੂਰੀ ਵਿੱਚ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਭਗਵੰਤ ਮਾਨ ਨੇ ਲੋਕਾਂ ਨੂੰ ਸੁਚੇਤ ਕੀਤਾ ਕਿ ਭ੍ਰਿਸ਼ਟ ਪਾਰਟੀਆਂ ਅੱਜ ਤੋਂ ਸ਼ਰਾਬ ਤੇ ਪੈਸੇ ਵੰਡਣਗੀਆਂ। ਪਰ ਤੁਸੀਂ ਸੁਚੇਤ ਰਹਿਣਾ ਹੈ, ਕਿਉਂਕਿ ਪੂਰੀ ਦੁਨੀਆ ਦੀ ਨਜ਼ਰ ਧੂਰੀ ਹਲਕੇ ‘ਤੇ ਟਿੱਕੀ ਹੋਈ ਹੈ। ਮਾਨ ਨੇ ਕਿਹਾ, ”ਪੰਜਾਬ ਦੇ ਲੋਕ ਪੀੜ੍ਹੀਆਂ ਤੋਂ ਵੋਟਾਂ ਪਾਉਂਦੇ ਆ ਰਹੇ ਹਨ ਅਤੇ ਰਾਜੇ- ਰਾਣੇ ਲੋਕਾਂ ਦੀਆਂ ਵੋਟਾਂ ਲੈ ਕੇ ਆਮ ਲੋਕਾਂ ਲਈ ਆਪਣੇ ਮੱਹਲਾਂ ਦੇ ਦਰਵਾਜੇ ਅੰਦਰੋਂ ਬੰਦ ਕਰ ਲੈਂਦੇ ਹਨ, ਪਰ ਹੁਣ 20 ਤਰੀਕ ਨੂੰ ਆਮ ਲੋਕ ਇਨ੍ਹਾਂ ਰਾਜਿਆਂ, ਮਹਾਰਾਜਿਆਂ ਦੇ ਮੱਹਲਾਂ ਦੇ ਦਰਵਾਜਿਆਂ ਨੂੰ ਬਾਹਰੋਂ ਜਿੰਦਰੇ ਲਾ ਦੇਣਗੇ।” ਉਨ੍ਹਾਂ ਕਿਹਾ ਕਿ ਜਦੋਂ ਰਿਵਾਇਤੀ ਪਾਰਟੀਆਂ ਦੇ ਆਗੂਆਂ ਨੇ ਦੇਸ਼ ਦੇ ਲੋਕਾਂ ਲਈ ਕੁੱਝ ਨਹੀਂ ਕੀਤਾ, ਤਾਂ ਹੀ ਅਰਵਿੰਦ ਕੇਜਰੀਵਾਲ, ਸੁਨੀਤਾ ਕੇਜਰੀਵਾਲ, ਮਨੀਸ਼ ਸਿਸੋਦੀਆ ਅਤੇ ਉਨ੍ਹਾਂ (ਮਾਨ) ਨੂੰ ਆਪਣੀ ਨੌਕਰੀ ਤੇ ਕੰਮਕਾਰ ਛੱਡ ਰਾਜਨੀਤੀ ਦੇ ਖੇਤਰ ਵਿੱਚ ਆਉਣਾ ਪਿਆ।
ਭਗਵੰਤ ਮਾਨ ਨੇ ਦੱਸਿਆ ਕਿ ਚੋਣ ਪ੍ਰਚਾਰ ਦੌਰਾਨ ਪੰਜਾਬ ਦੇ ਲੋਕਾਂ ਨੇ ਭਰਪੂਰ ਸਮਰਥਨ ਦਿੱਤਾ ਹੈ ਅਤੇ ਲੋਕਾਂ ਦੀਆਂ ਉਮੀਦਾਂ ਵੀ ਬਹੁਤ ਵੱਧ ਗਈਆਂ ਹਨ। ਇਸ ਲਈ ‘ਆਪ’ ਦੀ ਸਰਕਾਰ ਬਣਨ ‘ਤੇ ਪੰਜਾਬ ਵਿਚੋਂ ਬੇਰੁਜ਼ਗਾਰੀ, ਨਸ਼ਾ, ਭ੍ਰਿਸ਼ਟਾਚਾਰ ਅਤੇ ਮਾਫੀਆ ਰਾਜ ਖਤਮ ਕਰਨਾ ਹੈ। ਹਰੇ ਪੈਨ ਦੀ ਤਾਕਤ ਨਾਲ ਲੋਕਾਂ ਲਈ ਅਤੇ ਲੋਕਾਂ ਦੇ ਫੈਸਲੇ ਵੀ ਲੋਕਾਂ ਵੱਲੋਂ ਹੀ ਕੀਤੇ ਜਾਣਗੇ। ਮਾਨ ਨੇ ਦੋਸ਼ ਲਾਇਆ ਕਿ ਅਕਾਲੀ ਦਲ ਬਾਦਲ ਪੰਜਾਬ ਦੀਆਂ ਬੱਸਾਂ ਖਾ ਗਿਆ, ਕੈਪਟਨ ਅਮਰਿੰਦਰ ਸਿੰਘ ਪੰਜਾਬ ਦੇ ਟਰੱਕ ਖਾ ਗਿਆ। ਇਹ ਆਗੂ ਪੰਜਾਬ ਦੀ ਧਨ ਦੌਲਤ ਖਾ ਗਏ ਅਤੇ ਆਪਣੇ ਮੱਹਲ ਉਸਾਰ ਕੇ ਬਹਿ ਗਏ। ਪੰਜਾਬ ਦਾ ਚਾਂਦੀ ਰੰਗਾਂ ਪਾਣੀ ‘ਚੌਲ’ ਆ ਗਿਆ, ਜਿਸ ਨੂੰ ਪੰਜਾਬ ਦੇ ਲੋਕ ਮਹੀਨੇ ਵਿੱਚ ਇੱਕ ਦਿਨ ਖਾਂਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦਾ ਖਜ਼ਾਨਾ ਭਰਿਆ ਜਾਵੇਗਾ ਅਤੇ ਇਸ ਖਜ਼ਾਨੇ ਨਾਲ ਲੋਕਾਂ ਨੂੰ ਸਹੂਲਤਾਂ ਦਿੱਤੀਆਂ ਜਾਣਗੀਆਂ।
ਮਾਨ ਨੇ ਦਾਅਵਾ ਕੀਤਾ ਕਿ ਪੰਜਾਬ ਦੇ ਨੌਜਵਾਨਾਂ ਨੂੰ ਨੌਕਰੀਆਂ ਮੰਗਣ ਵਾਲੇ ਨਹੀਂ, ਸਗੋਂ ਨੌਕਰੀਆਂ ਦੇਣ ਵਾਲੇ ਬਣਾਉਣਾ ਹੈ। ਸੂਬੇ ਦੇ ਬੇਰੁਜ਼ਗਾਰ ਨੌਜਵਾਨਾਂ ਲਈ ਪੈਟਰੋਲ ਪੰਪਾਂ ਦੀ ਵੰਡ ‘ਚ ਕੋਟਾ ਰੱਖਿਆ ਜਾਵੇਗਾ। ਰੁਜ਼ਗਾਰ ਪੈਦਾ ਕਰਨ ਲਈ ਸਹੂਲਤਾਂ ਅਤੇ ਆਰਥਿਕ ਮਦਦ ਦਿੱਤੀ ਜਾਵੇਗੀ। ਵਿਦੇਸ਼ ਜਾਂਦੇ ਪੰਜਾਬ ਦੇ ਤੇਜ਼ ਤਰਾਰ ਦਿਮਾਗ ਨੂੰ ਰੋਕ ਕੇ ਪੰਜਾਬ ਵਿੱਚ ਕੰਮ ਦੇਣਾ ਹੈ। ਉਨ੍ਹਾਂ ਲੋਕਾਂ ਨੂੰ ਸੁਚੇਤ ਰਹਿਣ ਦੀ ਅਪੀਲ ਕਰਦਿਆਂ ਕਿਹਾ ਕਿ ਵੋਟ ਖਰੀਦਣ ਵਾਲਾ ਕਦੇ ਲੋਕਾਂ ਦਾ ਭਲਾ ਨਹੀਂ ਕਰ ਸਕਦਾ, ਸਗੋ ਉਹ ਸਰਕਾਰ ਬਣਾ ਕੇ ਪੰਜ ਸਾਲ ਮੌਜ ਕਰੇਗਾ। ਇਸ ਵਾਰ ਪੰਜਾਬ ਬਚਾਉਣ ਲਈ ਸਾਰੇ ਲੋਕ ‘ਆਪ’ ਨੂੰ ਵੋਟ ਜ਼ਰੂਰ ਪਾਉਣਗੇ ਅਤੇ ਪੰਜਾਬ ਨੂੰ ਮੁੱੜ ਖੁਸ਼ਹਾਲ ਅਤੇ ਭੰਗੜੇ ਪਾਉਂਦਾ ਪੰਜਾਬ ਬਣਾਉਣਗੇ।

Please follow and like us:

Similar Posts