![](https://akaalchannel.tv/wp-content/uploads/2022/02/sss.jpg)
ਚੰਡੀਗੜ ਆਮ ਆਦਮੀ ਪਾਰਟੀ (ਆਪ) ਪੰਜਾਬ ਦਾ ਕਾਫ਼ਲਾ ਹਰ ਦਿਨ ਵਧਦਾ ਜਾ ਰਿਹਾ ਹੈ। ਸੂਬੇ ਵਿਚੋਂ ਹੋਰਨਾਂ ਪਾਰਟੀਆਂ ਦੇ ਵੱਡੇ ਆਗੂਆਂ ਤੋਂ ਲੈ ਕੇ ਆਮ ਵਰਕਰ ਵੀ ਵੱਡੀ ਗਿਣਤੀ ਵਿੱਚ ਪਾਰਟੀ ਵਿੱਚ ਸ਼ਾਮਲ ਹੋ ਰਹੇ ਹਨ। ਅੱਜ ਆਮ ਆਦਮੀ ਪਾਰਟੀ ਨੂੰ ਹੋਰ ਵੱਡਾ ਬਲ਼ ਮਿਲਿਆ, ਜਦੋਂ ਪਟਿਆਲਾ ਅਤੇ ਮੋਹਾਲੀ ਜ਼ਿਲਿਆਂ ਤੋਂ ਕਾਂਗਰਸ ਪਾਰਟੀ ਦੇ ਵਰਕਰ ਯੂਥ ਆਗੂ ਹਰੀਸ਼ ਸ਼ਰਮਾ (ਪ੍ਰਧਾਨ ਆਲ ਇੰਡੀਆ ਕਾਂਗਰਸ ਬ੍ਰਿਗੇਡ, ਪੰਜਾਬ) ਦੀ ਅਗਵਾਈ ‘ਚ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ। ਇਨਾਂ ਆਗੂਆਂ ਨੂੰ ‘ਆਪ’ ਪੰਜਾਬ ਤੇ ਚੰਡੀਗੜ ਮਾਮਲਿਆਂ ਦੇ ਇੰਚਾਰਜ ਤੇ ਦਿੱਲੀ ਦੇ ਵਿਧਾਇਕ ਜਰਨੈਲ ਸਿੰਘ, ਚੰਡੀਗੜ ਮਾਮਲਿਆਂ ਦੇ ਸਹਿ ਇੰਚਾਰਜ ਪ੍ਰਦੀਪ ਛਾਬੜਾ ਅਤੇ ਪਾਰਟੀ ਦੇ ਬੁਲਾਰੇ ਮਾਲਵਿੰਦਰ ਸਿੰਘ ਕੰਗ ਵੱਲੋਂ ਰਸਮੀ ਤੌਰ ‘ਤੇ ਪਾਰਟੀ ਵਿੱਚ ਸ਼ਾਮਲ ਕੀਤਾ ਗਿਆ।
ਮੰਗਲਵਾਰ ਨੂੰ ਪਾਰਟੀ ਮੁੱਖ ਦਫ਼ਤਰ ਵਿੱਚ ਆਲ ਇੰਡੀਆ ਕਾਂਗਰਸ ਬ੍ਰਿਗੇਡ ਦੇ ਵਰਕਰਾਂ ਦਾ ਪਾਰਟੀ ਵਿੱਚ ਸਵਾਗਤ ਕਰਦਿਆਂ ਵਿਧਾਇਕ ਜਰਨੈਲ ਸਿੰਘ ਨੇ ਕਿਹਾ ਕਿ ਪੰਜਾਬ ਦੇ ਲੋਕ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਦੀ ਜੋੜੀ ਤੋਂ ਬਹੁਤ ਪ੍ਰਭਾਵਿਤ ਹੋ ਰਹੇ ਹਨ। ਇਸ ਲਈ ਸਮਾਜ ਦਾ ਹਰ ਵਰਗ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਰਿਹਾ ਹੈ। ਉਨਾਂ ਕਿਹਾ ਕਿ ਆਲ ਇੰਡੀਆ ਕਾਂਗਰਸ ਬ੍ਰਿਗੇਡ ਦੇ ਸੂਬਾ ਪ੍ਰਧਾਨ ਹਰੀਸ਼ ਸ਼ਰਮਾ ਦੀ ਰਹਿਨੁਮਾਈ ਵਿੱਚ ਜ਼ਿਲਾ ਮੋਹਾਲੀ ਦੇ ਪ੍ਰਧਾਨ ਮਨੀਸ਼ ਸ਼ਰਮਾ, ਪੰਜਾਬ ਯੂਥ ਇੰਚਾਰਜ ਪ੍ਰੀਤ ਅਹਰੂ (ਸਨੌਰ), ਪਵਨ ਕੁਮਾਰ, ਜਗਦੀਪ ਸ਼ਰਮਾ, ਕਰਮਵੀਰ ਸਿੰਘ, ਸਤੀਸ਼ ਸਿੰਘ, ਗੁਲਜ਼ਾਰ ਸਿੰਘ, ਸੁਰਜੀਤ ਸਿੰਘ, ਉਪ ਪ੍ਰਧਾਨ ਜ਼ਿਲਾ ਮੋਹਾਲੀ ਰਜਿੰਦਰ ਸਿੰਘ, ਤਰੁਨ ਮੰਗਲੀ, ਰਾਹੁਲ, ਅਕਾਸ਼, ਗੁਰਦੇਵ ਸਿੰਘ, ਬਲਰਾਜ ਸਿੰਘ, ਗੁਰਮੀਤ ਸਿੰਘ, ਵਿਕਾਸ ਸ਼ਰਮਾ, ਰਜਤ ਸ਼ਰਮਾ, ਕੁਲਵੰਤ ਸਿੰਘ, ਪ੍ਰਿੰਸ ਸ਼ਰਮਾ ਅਤੇ ਸੁਹਿਲ ਕੁਮਾਰ ਆਦਿ ਵਰਕਰ ਅਤੇ ਅਹੁਦੇਦਾਰ ਕਾਂਗਰਸ ਪਾਰਟੀ ਨੂੰ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਹਨ।
ਵਿਧਾਇਕ ਜਰਨੈਲ ਸਿੰਘ ਨੇ ਉਮੀਦ ਪ੍ਰਗਟਾਈ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨੀ ਨਿਸ਼ਚਿਤ ਹੈ, ਕਿਉਂਕਿ ਪੰਜਾਬ ਦੇ ਲੋਕ ਰਿਵਾਇਤੀ ਪਾਰਟੀਆਂ ਦੀ ਸੌੜੀ ਅਤੇ ਲੋਟੂ ਰਾਜਨੀਤੀ ਤੋਂ ਤੰਗ ਆ ਚੁੱਕੇ ਹਨ। ਸੂਬੇ ਦੇ ਲੋਕ ਰਾਜਨੀਤਿਕ ਤਬਦੀਲੀ ਲਿਆਉਣਾ ਚਾਹੁੰਦੇ ਹਨ, ਜਿਸ ਲਈ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਚੁਣਨ ਦਾ ਸੰਕਲਪ ਕੀਤਾ ਹੈ।