
ਆਦਮਪੁਰ : ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਜਿੱਥੇ ਸਿਆਸਤਦਾਨ ਆਪੋ ਆਪਣੇ ਚੋਣ ਪ੍ਰਚਾਰ *ਚ ਲੱਗੇ ਹੋਏ ਹਨ ਤਾਂ ਉੱਥੇ ਹੀ ਹੁਣ ਕਾਂਗਰਸ ਪਾਰਟੀ *ਚ ਵੱਡੇ ਫੇਰਬਦਲ ਨੂੰ ਲੈ ਕੇ ਖਬਰ ਸਾਹਮਣੇ ਆਈ ਹੈ। ਜੀ ਹਾਂ ਮੀਡੀਆ ਰਿਪੋਰਟਾਂ ਮੁਤਾਬਿਕ ਕਾਂਗਰਸ ਪਾਰਟੀ ਵੱਲੋਂ ਆਦਮਪੁਰ ਤੋਂ ਉਮੀਦਵਾਰ ਦੇ ਨਾਮ ਵਿੱਚ ਤਬਦੀਲੀ ਕੀਤੀ ਗਈ ਹੈ।ਜ਼ਿਕਰ ਏ ਖਾਸ ਹੈ ਕਿ ਕਾਂਗਰਸ ਪਾਰਟੀ ਵੱਲੋਂ ਆਦਮਪੁਰ ਤੋਂ ਸੁਖਵਿੰਦਰ ਕੋਟਲੀ ਨੂੰ ਆਪਣਾ ਉਮੀਦਵਾਰ ਐਲਾਨਿਆ ਗਿਆ ਸੀ । ਪਰ ਹੁਣ ਖਬਰ ਸਾਹਮਣੇ ਆ ਰਹੀ ਹੈ ਕਿ ਸੁਖਵਿੰਦਰ ਕੋਟਲੀ ਦੀ ਟਿਕਟ ਕੱਟ ਕੇ ਕਾਂਗਰਸ ਪਾਰਟੀ ਨੇ ਮਹਿੰਦਰ ਸਿੰਘ ਕੇਪੀ ਨੂੰ ਆਪਣਾ ਉਮੀਦਵਾਰ ਐਲਾਨਿਆ ਗਿਆ ਹੈ।
ਦੱਸ ਦੇਈਏ ਕਿ ਉਮੀਦਵਾਰਾਂ ਦੇ ਨਾਮਜ਼ਦਗੀਆਂ ਦਾਖਲ ਕਰਨ ਦੀ ਅੱਜ ਆਖਰੀ ਮਿਤੀ ਹੈ।ਦਾਅਵਾ ਕੀਤਾ ਜਾ ਰਿਹਾ ਹੈ ਕਿ ਕੇ.ਪੀ. ਅੱਜ ਆਪਣਾ ਨਾਮਜ਼ਦਗੀ ਪੱਤਰ ਦਾਖਲ ਕਰ ਸਕਦੇ ਹਨ।ਜ਼ਿਕਰ ਏ ਖਾਸ ਹੈ ਕਿ ਕੇ.ਪੀ. ਟਿਕਟ ਨਾ ਮਿਲਣ ਕਾਰਨ ਪਾਰਟੀ ਤੋਂ ਨਾਰਾਜ਼ ਚੱਲ ਰਹੇ ਸਨ।ਕੇ.ਪੀ. ਵੱਲੋਂ ਮੀਟਿੰਗਾਂ ਕੀਤੇ ਜਾਣ ਦੀ ਖਬਰ ਵੀ ਸਾਹਮਣੇ ਆਈ ਸੀ।
ਦੱਸਣਾ ਇਹ ਵੀ ਲਾਜ਼ਮੀ ਹੋ ਜਾਂਦਾ ਹੈ ਕਿ ਪਿਛਲੇ ਦਿਨੀਂ ਚਰਨਜੀਤ ਸਿੰਘ ਚੰਨੀ ਵੱਲੋਂ ਵੀ ਕੇਪੀ ਨੂੰ ਉਮੀਦਵਾਰ ਬਣਾਏ ਜਾਣ ਦੇ ਸੰਕੇਤ ਦਿੱਤੇ ਗਏ ਸਨ। ਪਰ ਫਿਰ ਅਜਿਹਾ ਨਹੀਂ ਹੋਇਆ ਸੁਖਵਿੰਦਰ ਕੋਟਲੀ ਨੂੰ ਕਾਂਗਰਸ ਪਾਰਟੀ ਨੇ ਉਮੀਦਵਾਰ ਐਲਾਨ ਦਿੱਤਾ ਸੀ ਤੇ ਹੁਣ ਆਖਰੀ ਸਮੇਂ *ਤੇ ਵੱਡੇ ਫੇਰਬਦਲ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ। ਪਿਛਲੇ ਦਿਨੀਂ ਕੋਟਲੀ ਨੂੰ ਟਿਕਟ ਦਿੱਤੇ ਜਾਣ ਦੇ ਮਸਲੇ *ਤੇ ਕੇਪੀ ਨੇ ਸਖਤ ਪ੍ਰਤੀਕਿਿਰਆ ਦਿੱਤੀ ਸੀ। ਕੇਪੀ ਦਾ ਕਹਿਣਾ ਸੀ ਕਿ ਉਸ ਦੀ ਗਲਤ ਰਿਪੋਰਟ ਹਾਈ ਕਮਾਨ ਨੂੰ ਭੇਜੀ ਗਈ ਹੈ ਜਿਸ ਕਾਰਨ ਉਸ ਦੀ ਟਿਕਟ ਕੱਟੀ ਗਈ ਹੈ।
ਜ਼ਿਕਰ ਏ ਖਾਸ ਹੈ ਕਿ ਇਸ ਤੋਂ ਪਹਿਲਾਂ ਵੀ ਕਾਂਗਰਸ ਅੰਦਰ ਟਿਕਟਾਂ ਦੀ ਵੰਡ ਨੂੰ ਲੈ ਕੇ ਸਿਆਸੀ ਘਮਾਸਾਨ ਮੱਚਿਆ ਹੋਇਆ ਹੈ। ਪਾਰਟੀ ਦੇ ਸੀਨੀਅਰ ਆਗੂ ਜਗਮੋਹਨ ਸਿੰਘ ਕੰਗ ਵੱਲੋਂ ਵੀ ਮੁੱਖ ਮੰਤਰੀ ਚੰਨੀ ਅਤੇ ਪੰਜਾਬ ਇੰਚਾਰਜ ਹਰੀਸ਼ ਚੌਧਰੀ *ਤੇ ਟਿਕਟਾਂ ਵੇਚਣ ਦੇ ਇਲਜ਼ਾਮ ਲਗਾਏ ਜਾ ਚੁਕੇ ਹਨ। ਜਿਸ ਦੇ ਚਲਦਿਆਂ ਕੰਗ ਵੱਲੋਂ ਪਾਰਟੀ ਵੀ ਛੱਡ ਦਿੱਤੀ ਗਈ ਹੈ। ਅਜਿਹੇ ਵਿੱਚ ਇਹ ਫੇਰਬਦਲ ਤੋਂ ਬਾਅਦ ਪਾਰਟੀ ਦੇ ਸਿਆਸੀ ਸਮੀਕਰਨ ਕੀ ਰਹਿੰਦੇ ਹਨ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ।
