ਜਲਾਲਾਬਾਦ/ਅਬੋਹਰ (ਫਾਜ਼ਿਲਕਾ) : ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਫਾਜ਼ਿਲਕਾ ਜ਼ਿਲ੍ਹੇ ਦੇ ਲੋਕਾਂ ਨੂੰ ਪਾਣੀ ਦੀ ਸਮੱਸਿਆ ਨੂੰ ਖ਼ਤਮ ਕਰਨ ਦਾ ਭਰੋਸਾ ਦਿੱਤਾ ਹੈ। ਕੇਜਰੀਵਾਲ ਨੇ ਕਿਹਾ ਕਿ ਮੈਨੂੰ ਖਬਰ ਮਿਲੀ ਹੈ ਕਿ ਇੱਥੋਂ ਦੇ ਲੋਕ ਪਾਣੀ ਦੀ ਸਮੱਸਿਆ ਨਾਲ ਜੂਝ ਰਹੇ ਹਨ। ਕਈ ਪਿੰਡਾਂ ਵਿੱਚ ਪਾਣੀ ਦੀ ਭਾਰੀ ਕਿੱਲਤ ਹੈ, ਪਰ ਪਿਛਲੀਆਂ ਸਰਕਾਰਾਂ ਨੇ ਇਸ ਵੱਲ ਕੋਈ ਧਿਆਨ ਨਹੀਂ ਦਿੱਤਾ। ਆਮ ਆਦਮੀ ਪਾਰਟੀ ਦੀ ਸਰਕਾਰ ਹਰ ਪਿੰਡ ਅਤੇ ਹਰ ਘਰ ਤੱਕ ਪਾਣੀ ਮੁਹੱਈਆ ਕਰਵਾਏਗੀ। ਹੁਣ ਪੰਜਾਬ ਦੇ ਸੰਸਾਧਨਾਂ ਦੀ ਲੁੱਟ ਖਤਮ ਹੋਣ ਵਾਲੀ ਹੈ। ਪੰਜਾਬ ਦਾ ਪੈਸਾ ਹੁਣ ਪੰਜਾਬ ਦੇ ਲੋਕਾਂ ‘ਤੇ ਖਰਚ ਹੋਵੇਗਾ।
ਸ਼ੁੱਕਰਵਾਰ ਨੂੰ ਅਰਵਿੰਦ ਕੇਜਰੀਵਾਲ ਨੇ ਫਾਜ਼ਿਲਕਾ ਦੇ ਜਲਾਲਾਬਾਦ ਵਿਧਾਨ ਸਭਾ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਜਗਦੀਪ ਸਿੰਘ ਗੋਲਡੀ ਕੰਬੋਜ ਲਈ ਚੋਣ ਪ੍ਰਚਾਰ ਦੌਰਾਨ ਲੋਕਾਂ ਨੂੰ ਸੰਬੋਧਨ ਕਰਦਿਆਂ ਇਹ ਗੱਲ ਕਹੀ। ਜਲਾਲਾਬਾਦ ਤੋਂ ਬਾਅਦ ਕੇਜਰੀਵਾਲ ਅਬੋਹਰ ਪੁੱਜੇ ਅਤੇ ਇੱਥੋਂ ‘ਆਪ’ ਉਮੀਦਵਾਰ ਦੀਪ ਕੰਬੋਜ ਲਈ ਚੋਣ ਪ੍ਰਚਾਰ ਕੀਤਾ ਅਤੇ ਲੋਕਾਂ ਨੂੰ ‘ਆਪ’ ਦੇ ਸਾਰੇ ਉਮੀਦਵਾਰਾਂ ਨੂੰ ਜਿਤਾ ਕੇ ਭਗਵੰਤ ਮਾਨ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾਉਣ ਦੀ ਅਪੀਲ ਕੀਤੀ।
ਲੋਕਾਂ ਨੂੰ ਸੰਬੋਧਨ ਕਰਦਿਆਂ ਕੇਜਰੀਵਾਲ ਨੇ ਕਿਹਾ ਕਿ ਸਾਰੀਆਂ ਭ੍ਰਿਸ਼ਟਾਚਾਰੀ ਪਾਰਟੀਆਂ ਆਮ ਆਦਮੀ ਪਾਰਟੀ ਨੂੰ ਹਰਾਉਣ ਲਈ ਇਕੱਠੀਆਂ ਹੋਈਆਂ ਹਨ। ਜਿਸ ਤਰ੍ਹਾਂ ਇਹ ਪਿਛਲੇ 70 ਸਾਲਾਂ ਤੋਂ ਪੰਜਾਬ ਨੂੰ ਲੁੱਟਦੇ ਆ ਰਹੇ ਹਨ, ਉਸੇ ਤਰ੍ਹਾਂ ਅੱਗੇ ਹੋਰ ਲੁੱਟਣ ਲਈ ਇਹ ਮੁੜ ਇਕੱਠੇ ਹੋ ਗਏ ਹਨ। ਇਨ੍ਹਾਂ ਲੋਕਾਂ ਨੂੰ ਡਰ ਹੈ ਕਿ ਜੇਕਰ ਪੰਜਾਬ ਵਿੱਚ ਇਸ ਵਾਰ ਆਮ ਆਦਮੀ ਪਾਰਟੀ ਦੀ ਸਰਕਾਰ ਬਣ ਗਈ ਤਾਂ ਉਨ੍ਹਾਂ ਦਾ ਸਰਕਾਰੀ ਲੁੱਟ ਦਾ ਧੰਦਾ ਹਮੇਸ਼ਾ ਲਈ ਬੰਦ ਹੋ ਜਾਵੇਗਾ। ਇਸੇ ਲਈ ਸਾਰੇ ਮਿਲ ਕੇ ਮੈਨੂੰ ਅਤੇ ਭਗਵੰਤ ਮਾਨ ਨੂੰ ਗਾਲ੍ਹਾਂ ਕੱਢ ਰਹੇ ਹਨ। ਚੰਨੀ ਸੁਖਬੀਰ ਬਾਦਲ ਨੂੰ ਕੁਝ ਨਹੀਂ ਬੋਲਦੇ । ਸੁਖਬੀਰ ਬਾਦਲ ਵੀ ਚੰਨੀ ਤੇ ਭਾਜਪਾ ਨੂੰ ਕੁਝ ਨਹੀਂ ਕਹਿੰਦੇ। ਪ੍ਰਧਾਨ ਮੰਤਰੀ ਮੋਦੀ ਅਤੇ ਪ੍ਰਿਅੰਕਾ ਗਾਂਧੀ ਵੀ ਸਿਰਫ ਮੈਨੂੰ ਅਤੇ ਭਗਵੰਤ ਮਾਨ ਨੂੰ ਗਾਲ੍ਹਾਂ ਕੱਢ ਰਹੇ ਹਨ। ਸਾਰੇ ਮਿਲੇ ਕੇ ਕਿਸੀ ਵੀ ਤਰ੍ਹਾਂ ਭਗਵੰਤ ਮਾਨ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਨ ਤੋਂ ਰੋਕਣਾ ਚਾਹੁੰਦੇ ਹਨ, ਕਿਉਂਕਿ ਭਗਵੰਤ ਮਾਨ ਇੱਕ ਇਮਾਨਦਾਰ ਆਦਮੀ ਹੈ।
ਕੇਜਰੀਵਾਲ ਨੇ ਕਿਹਾ ਕਿ ਸਾਡਾ ਮਕਸਦ ਚੰਗੇ ਸਕੂਲ ਅਤੇ ਚੰਗੇ ਹਸਪਤਾਲ ਬਣਾਉਣਾ ਹੈ। ਆਮ ਲੋਕਾਂ ਨੂੰ ਮੁਫਤ ਬਿਜਲੀ ਅਤੇ ਪਾਣੀ ਮੁਹੱਈਆ ਕਰਵਾਉਣਾ ਹੈ। ਨੌਜਵਾਨਾਂ ਨੂੰ ਨਸ਼ਿਆਂ ਦੇ ਚੁੰਗਲ ਵਿੱਚੋਂ ਕੱਢਣ ਲਈ ਚੰਗੀ ਸਿੱਖਿਆ ਅਤੇ ਰੁਜ਼ਗਾਰ ਦੇਣਾ ਹੈ। ਪੰਜਾਬ ਵਿੱਚੋਂ ਭ੍ਰਿਸ਼ਟਾਚਾਰ ਅਤੇ ਮਾਫੀਆ ਨੂੰ ਖਤਮ ਕਰਨਾ ਹੈ। ਦੂਜੇ ਪਾਸੇ ਸਾਡੇ ਵਿਰੋਧੀਆਂ ਦਾ ਮਕਸਦ ਸਿਰਫ਼ ਸਾਨੂੰ ਹਰਾਉਣਾ ਹੈ।
ਲੋਕਾਂ ਨੂੰ ਆਮ ਆਦਮੀ ਪਾਰਟੀ ਦਾ ਸਾਥ ਦੇਣ ਦੀ ਅਪੀਲ ਕਰਦਿਆਂ ਕੇਜਰੀਵਾਲ ਨੇ ਕਿਹਾ ਕਿ ਜਿਸ ਤਰ੍ਹਾਂ ਸਾਰੀਆਂ ਭ੍ਰਿਸ਼ਟ ਪਾਰਟੀਆਂ ਪੰਜਾਬ ਨੂੰ ਲੁੱਟਣ ਲਈ ਇਕੱਠੀਆਂ ਹੋ ਗਈਆਂ ਹਨ, ਉਸੇ ਤਰ੍ਹਾਂ ਪੰਜਾਬ ਨੂੰ ਬਚਾਉਣ ਲਈ ਤੁਸੀਂ ਵੀ ਇਕੱਠੇ ਹੋ ਜਾਓ। ਤੁਸੀਂ ਇਕੱਠੇ ਹੋਕੇ ਇਹਨਾਂ ਦੀ ਲੁੱਟ ਅਤੇ ਭ੍ਰਿਸ਼ਟਾਚਾਰ ਦੀ ਰਾਜਨੀਤੀ ਨੂੰ ਖਤਮ ਕਰੋ । ਇਸ ਵਾਰ ਕਾਂਗਰਸ-ਅਕਾਲੀ-ਭਾਜਪਾ ਦੇ ਭ੍ਰਿਸ਼ਟ ਸਿਸਟਮ ਨੂੰ ਹਰਾਉਣਾ ਹੈ ਅਤੇ ਆਮ ਆਦਮੀ ਪਾਰਟੀ ਦੀ ਇਮਾਨਦਾਰ ਸਰਕਾਰ ਬਣਾਉਣੀ ਹੈ। ‘ਆਪ’ ਸਰਕਾਰ ਸਿਸਟਮ ਦੀ ਗੰਦਗੀ ਸਾਫ਼ ਕਰੇਗੀ। ਇਸ ਵਾਰ ਪੰਜਾਬ ਨੂੰ ਬਚਾਉਣ ਲਈ ਵੋਟ ਪਾਉਣੀ ਹੈ। ਆਪਣੇ ਬੱਚਿਆਂ ਦੇ ਚੰਗੇਰੇ ਭਵਿੱਖ ਲਈ ਵੋਟ ਪਾਉਣੀ ਹੈ। ਪੰਜਾਬ ਵਿੱਚੋਂ ਭ੍ਰਿਸ਼ਟਾਚਾਰ ਅਤੇ ਮਾਫੀਆ ਨੂੰ ਖਤਮ ਕਰਨ ਲਈ ਵੋਟ ਪਾਉਣੀ ਹੈ।

Please follow and like us:

Similar Posts